ਜੇਐੱਨਐੱਨ, ਚੰਡੀਗੜ੍ਹ : ਹਰਿਆਣਾ ਤੇ ਮਹਾਰਾਸ਼ਟਰ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਸੀ। ਹੁਣ ਇਨ੍ਹਾਂ ਸਟਾਰ ਪ੍ਰਚਾਰਕਾਂ ਦਾ ਸ਼ਡਿਊਲ ਵੀ ਤੈਅ ਕੀਤਾ ਜਾ ਰਿਹਾ ਹੈ। ਹਰਿਆਣਾ 'ਚ ਵੋਟਰਾਂ ਨੂੰ ਰਿਝਾਉਣ ਲਈ ਭਾਜਪਾ ਦੇ ਸਭ ਤੋਂ ਵੱਡੇ ਸਟਾਰ ਪ੍ਰਚਾਰਕ ਪੀਐੱਮ ਨਰਿੰਦਰ ਮੋਦੀ ਦੀਆਂ ਰੈਲੀਆਂ ਦਾ ਸ਼ਡਿਊਲ ਤੈਅ ਕੀਤਾ ਜਾ ਚੁੱਕਾ ਹੈ। ਪੀਐੱਮ ਮੋਦੀ ਹਰਿਆਣਾ 'ਚ 4 ਰੈਲੀਆਂ ਕਰਨਗੇ। ਇਨ੍ਹਾਂ ਰੈਲੀਆਂ ਜ਼ਰੀਏ ਉਹ ਸੂਬੇ ਦੇ 1 ਕਰੋੜ 28 ਲੱਖ ਵੋਟਰਾਂ ਨੂੰ ਭਾਜਪਾ ਨੂੰ ਵੋਟ ਦੇਣ ਦੀ ਅਪੀਲ ਕਰਨਗੇ। ਪੀਐੱਮ ਮੋਦੀ ਚਾਰ ਰੈਲੀਆਂ ਜ਼ਰੀਏ ਸੂਬੇ ਦੀਆਂ 90 ਸੀਟਾਂ ਕਵਰ ਕਰਨਗੇ। ਉੱਥੇ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਦੋ ਦਿਨ ਹਰਿਆਣਾ ਆਉਣਗੇ ਤੇ ਇੱਥੇ ਉਮੀਦਵਾਰਾਂ ਦੀ ਹਮਾਇਤ 'ਚ ਰੈਲੀਆਂ ਕਰਨਗੇ।

ਮੀਡੀਆ ਰਿਪੋਰਟਸ ਮੁਤਾਬਿਕ ਹਰਿਆਣਾ ਲਈ ਪੀਐੱਮ ਮੋਦੀ ਦਾ ਸ਼ਡਿਊਲ ਤੈਅ ਹੋ ਚੁੱਕਾ ਹੈ। ਮੋਦੀ ਦੀ ਪਹਿਲੀ ਰੈਲੀ 14 ਅਕਤੂਬਰ ਨੂੰ ਬੱਲਭਗੜ੍ਹ 'ਚ ਹੋਵੇਗੀ। 15 ਅਕਤੂਬਰ ਨੂੰ ਪੀਐੱਮ ਮੋਦੀ ਦੋ ਰੈਲੀਆਂ ਕਰਨਗੇ। ਇਹ ਦਾਦਰੀ ਤੇ ਥਾਨੇਸਰ 'ਚ ਹੋਣਗੀਆਂ। ਜਦਕਿ ਮੋਦੀ ਦੀ ਚੌਥੀ ਰੈਲੀ 18 ਅਕਤੂਬਰ ਨੂੰ ਹਿਸਾਰ 'ਚ ਹੋਵੇਗੀ।

ਗ੍ਰਹਿ ਮੰਤਰੀ ਅਮਿਤ ਸ਼ਾਹ 2 ਦਿਨ ਹਰਿਆਣਾ 'ਚ ਰਹਿਣਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹਰਿਆਣਾ 'ਚ ਰੈਲੀਆਂ ਜ਼ਰੀਏ ਵੋਟਰਾਂ ਨੂੰ ਭਾਜਪਾ ਵੱਲ ਆਕਰਸ਼ਿਤ ਕਰਨਗੇ। ਸਾਹਮਣੇ ਆ ਰਹੀ ਜਾਣਕਾਰੀ ਅਨੁਸਾਰ ਅਮਿਤ ਸ਼ਾਹ ਦੋ ਦਿਨ ਹਰਿਆਣੇ ਰਹਿਣਗੇ। ਉਨ੍ਹਾਂ ਦਾ ਪਹਿਲਾ ਦੌਰਾ 9 ਅਕਤੂਬਰ ਨੂੰ ਹੋਵੇਗਾ। ਇਸ ਦਿਨ ਸ਼ਾਹ ਕੈਥਲ 'ਚ ਮੌਜੂਦ ਵਿਧਾਨ ਸਭਾਵਾਂ 'ਚ ਸਾਂਝੀ ਰੈਲੀ 'ਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਬਰਵਾਲਾ ਦੀਆਂ ਸੀਟਾਂ ਲਈ ਸਾਂਝੀ ਰੈਲੀ ਕਰਨਗੇ। ਨਾਲ ਹੀ ਮਹਿਮ, ਕਲਾਨੌਰ ਤੇ ਗੜ੍ਹੀ-ਸਾਂਪਲਾ ਕਲੋਈ ਵਿਧਾਨ ਸਭਾ ਲਈ ਵੀ ਉਨ੍ਹਾਂ ਦੀ ਸਾਂਝੀ ਰੈਲੀ ਹੋਵੇਗੀ।

ਸ਼ਾਹ 14 ਅਕਤੂਬਰ ਨੂੰ ਦੁਬਾਰਾ ਹਰਿਆਣਾ ਆਉਣਗੇ। ਇੱਥੇ ਉਹ ਟੋਹਾਨਾ, ਪੰਚਕੂਲਾ ਤੇ ਕਰਨਾਲ ਦੀਆਂ ਵਿਧਾਨ ਸਭਾ ਸੀਟਾਂ ਲਈ ਸਾਂਝੀ ਰੈਲੀ ਕਰਨਗੇ।

Posted By: Seema Anand