ਸੰਜੀਵ ਗੁਪਤਾ, ਜਗਰਾਓਂ : ਜਨਤਾ ਨੂੰ ਝੂਠੇ ਵਾਅਦਿਆਂ ਤੇ ਲਾਰਿਆਂ 'ਚ ਲਾ ਕੇ ਸੱਤਾ ਹਥਿਆ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁੱਤੇ ਪਏ ਹਨ ਤੇ ਉਨ੍ਹਾਂ ਜਨਤਾ ਨਾਲ ਨਾਤਾ ਤੋੜ ਲਿਆ ਹੈ। ਹਾਲਾਤ ਇਹ ਹਨ ਕਿ ਅੱਜ ਉਹ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਨਹੀਂ ਮਿਲਦੇ। ਅਜਿਹੇ ਵਿਚ ਪੰਜਾਬ ਦੀ ਜਨਤਾ ਦਾ ਕੀ ਸਵੇਰਗਾ। ਇਹ ਪ੍ਰਗਟਾਵਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਸ਼ੇਖੂਪੁਰਾ ਵਿਖੇ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਮੁੱਖ ਮੰਤਰੀ 'ਤੇ ਤਨਜ਼ ਕੱਸਦਿਆਂ ਕਿਹਾ ਕਿ ਸੁੱਤਾ ਰਹਿ ਰਾਜਿਆ, ਵਿਕਾਸ ਲਈ ਗ੍ਰਾਂਟਾਂ ਕੇਂਦਰ ਤੋਂ ਲਿਆਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਅਕਾਲੀ ਸਰਕਾਰ ਮੌਕੇ ਚਲਾਈਆਂ ਲੋਕਪੱਖੀ ਸਕੀਮਾਂ ਨੂੰ ਬੰਦ ਕਰ ਕੇ ਜਨਤਾ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਰਹੇ ਫੂਲਕਾ ਵੱਲੋਂ ਅਸਤੀਫ਼ਾ ਦੇਣ 'ਤੇ ਕਿਹਾ ਕਿ ਝਾੜੂ ਵਾਲਾ ਉਨ੍ਹਾਂ ਦੀਆਂ ਉਮੀਦਾਂ 'ਤੇ ਝਾੜੂ ਫੇਰ ਗਿਆ ਤੇ ਦੋ ਵਾਰ ਕਾਂਗਰਸ ਦੇ ਐੱਮਪੀ ਬਣੇ ਰਵਨੀਤ ਸਿੰਘ ਬਿੱਟੂ ਵੀ ਦਾਖੇ ਦੀ ਜਨਤਾ ਨੂੰ ਲਾਰਿਆਂ 'ਚ ਰੱਖ ਰਿਹਾ ਹੈ ਅਤੇ ਹੁਣ ਪੈਰਾਸ਼ੂਟ ਰਾਹੀਂ ਆਏ ਉਮੀਦਵਾਰ ਕੈਪਟਨ ਸੰਦੀਪ ਸੰਧੂ ਤੋਂ ਆਸ ਰੱਖਣਾ ਆਪਣੇ ਪੈਰਾਂ 'ਤੇ ਕੁਹਾੜੀ ਮਾਰਨ ਬਰਾਬਰ ਹੈ। ਉਨ੍ਹਾਂ ਉਮੀਦਵਾਰ ਇਆਲੀ ਵੱਲੋਂ ਵਿਧਾਇਕ ਹੁੰਦਿਆਂ ਕੀਤੇ ਵਿਕਾਸ ਕੰਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

Posted By: Seema Anand