ਸਟੇਟ ਬਿਊਰੋ, ਰਾਂਚੀ : ਝਾਰਖੰਡ ਵਿਧਾਨ ਸਭਾ ਚੋਣਾਂ ਤਹਿਤ ਤੀਜੇ ਪੜਾਅ ਦੀ ਰਾਂਚੀ, ਹਟੀਆ, ਕਾਂਕੇ, ਖਿਜਰੀ ਸਮੇਤ 17 ਸੀਟਾਂ 'ਤੇ ਮੰਗਲਵਾਰ ਨੂੰ ਚੋਣ ਪ੍ਰਚਾਰ ਖ਼ਤਮ ਹੋ ਗਿਆ। ਇਨ੍ਹਾਂ ਸਾਰੀਆਂ ਸੀਟਾਂ 'ਤੇ 12 ਦਸੰਬਰ ਨੂੰ ਸਵੇਰੇ ਸੱਤ ਵਜੇ ਵੋਟਾਂ ਪੈਣਗੀਆਂ। ਇਸ 'ਚ ਕੁਲ 309 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ, ਜਿਨ੍ਹਾਂ ਵਿਚੋਂ 32 ਔਰਤ ਤੇ 99 ਆਜ਼ਾਦ ਉਮੀਦਵਾਰ ਸ਼ਾਮਲ ਹਨ। ਕਿਉਂਕਿ ਰਾਂਚੀ, ਹਟੀਆ, ਕਾਂਕੇ, ਰਾਮਗੜ੍ਹ ਤੇ ਬਰਕਾਠਾ 'ਚ ਸ਼ਾਮ ਪੰਜ ਵਜੇ ਤਕ ਵੋਟਾਂ ਪੈਣਗੀਆਂ, ਇਸ ਲਈ ਇਨ੍ਹਾਂ ਵਿਧਾਨ ਸਭਾ ਇਲਾਕਿਆਂ 'ਚ ਮੰਗਲਵਾਰ ਸ਼ਾਮ ਪੰਜ ਵਜੇ ਤਕ ਚੋਣ ਪ੍ਰਚਾਰ ਖਤਮ ਹੋਇਆ। ਉਥੇ, ਹੋਰ 12 ਵਿਧਾਨ ਸਭਾ ਇਲਾਕਿਆਂ 'ਚ ਕੋਡਰਮਾ, ਬਹਰੀ, ਬੜਕਾਗਾਂਓ, ਮਾਂਡੂ, ਹਜ਼ਾਰੀਬਾਗ਼, ਸਿਮਰੀਆ, ਧਨਵਾਰ, ਗੋਮੀਆ, ਬੇਰਮੋ, ਈਚਾਗੜ੍ਹ, ਸਿੱਲੀ ਤੇ ਖਿਜ਼ਰੀ 'ਚ ਸ਼ਾਮ ਤਿੰਨ ਵਜੇ ਹੀ ਚੋਣ ਪ੍ਰਚਾਰ ਖ਼ਤਮ ਹੋ ਗਿਆ, ਕਿਉਂਕਿ ਇਨ੍ਹਾਂ ਵਿਧਾਨ ਸਭਾ ਇਲਾਕਿਆਂ 'ਚ ਸ਼ਾਮ ਤਿੰਨ ਵਜੇ ਤਕ ਹੀ ਵੋਟਾਂ ਪੈਣਗੀਆਂ। ਇਨ੍ਹਾਂ ਵਿਧਾਨ ਸਭਾ ਇਲਾਕਿਆਂ 'ਚ ਸੁਰੱਖਿਆ ਕਾਰਨਾਂ ਕਰ ਕੇ ਵੋਟਾਂ ਪੈਣ ਦਾ ਇਹ ਸਮਾਂ ਤੈਅ ਕੀਤਾ ਗਿਆ ਹੈ।