ਸੰਜੀਵ ਗੁਪਤਾ, ਜਗਰਾਓਂ : ਕਾਂਗਰਸ ਦੇ ਮੁੱਲਾਂਪੁਰ ਦਾਖਾ ਤੋਂ ਉਮੀਦਵਾਰ ਦੇ ਹੱਕ ਵਿਚ ਵੀਰਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਰੈਲੀਆਂ ਦੌਰਾਨ ਅਕਾਲੀ ਦਲ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਚੋਣਾਂ ਵੇਲੇ ਪੰਥ ਖ਼ਤਰੇ ਵਿਚ ਹੈ, ਦਾ ਕਹਿ ਕੇ ਸਰਕਾਰਾਂ ਬਣਾਉਂਦੇ ਆ ਰਹੇ ਅਕਾਲੀਆਂ ਦੀਆਂ ਕਰਤੂਤਾਂ ਕਾਰਨ ਅਕਾਲੀਆਂ ਤੋਂ ਅੱਜ ਪੰਥ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਨਸ਼ਿਆਂ 'ਚ ਛੇਵਾਂ ਦਰਿਆ ਵਗਾਉਣ ਵਾਲੇ, ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ, ਬਰਗਾੜੀ ਕਾਂਡ ਦੇ ਇਨ੍ਹਾਂ ਦੋਸ਼ੀਆਂ ਨੂੰ ਕਦੇ ਵੀ ਪੰਜਾਬ ਦੀ ਜਨਤਾ ਮਾਫ਼ ਨਹੀਂ ਕਰੇਗੀ।

ਉਨ੍ਹਾਂ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਲਮ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਦਰ 'ਤੇ ਅੱਜ ਖ਼ੁਦ ਸਰਕਾਰ ਉਮੀਦਵਾਰ ਬਣ ਕੇ ਆਈ ਹੈ। ਅਜਿਹਾ ਸੁਨਹਿਰੀ ਮੌਕਾ ਕਦੇ ਵੀ ਨਾ ਗਵਾਉਣਾ।

ਕੈਪਟਨ ਸੰਧੂ ਨੂੰ ਵਿਕਾਸ ਲਈ ਗ੍ਰਾਂਟ ਅਤੇ ਹੋਰਾਂ ਸਰਕਾਰੀ ਕੰਮਾਂ ਲਈ ਕਿਸੇ ਦੀ ਇਜਾਜ਼ਤ ਲੈਣ ਦੀ ਲੋੜ ਨਹੀਂ। ਉਹ ਖ਼ੁਦ ਹੀ ਇਸ ਦੇ ਸਮੱਰਥ ਹਨ। ਇਸ ਮੌਕੇ ਕੈਪਟਨ ਸੰਦੀਪ ਸੰਧੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਭੈਣੀ ਆਦਿ ਹਾਜ਼ਰ ਸਨ।