ਮੁੰਬਈ (ਏਜੰਸੀ) : ਮਹਾਰਾਸ਼ਟਰ 'ਚ ਸਿਆਸੀ ਸਰਗਰਮੀ ਤੇਜ਼ ਹੋ ਗਈ ਹੈ। ਇਕ ਪਾਸੇ ਐੱਨਸੀਪੀ ਮੁਖੀ ਸ਼ਰਦ ਪਵਾਰ ਆਪਣੇ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਬੈਠਕ ਕਰ ਰਹੇ ਹਨ ਤਾਂ ਦੂਸਰੇ ਪਾਸੇ ਸ਼ਿਵਸੈਨਾ ਮੁਖੀ ਊਧਵ ਠਾਕਰੇ ਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੂਬੇ 'ਚ ਬਾਰਿਸ਼ ਤੇ ਹੜ੍ਹ ਕਾਰਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਸ਼ਿਵਸੈਨਾ (Shiv Sena) ਨੇ ਦਾਅਵਾ ਕੀਤਾ ਹੈ ਕਿ ਉਸ ਨੂੰ 170 ਤੋਂ ਜ਼ਿਆਦਾ ਵਿਧਾਇਕਾਂ ਦਾ ਸਮਰਥਨ ਹਾਸਿਲ ਹੋ ਗਿਆ ਹੈ। ਜੇਕਰ ਭਾਜਪਾ ਨੇ ਉਸ ਦੇ 50-50 ਦੇ ਫਾਰਮੂਲੇ ਨੂੰ ਨਹੀਂ ਮੰਨਿਆ ਤਾਂ ਉਹ ਕਾਂਗਰਸ ਤੇ ਐੱਨਸੀਪੀ ਦੇ ਸਮਰਥਨ ਨਾਲ ਸਰਕਾਰ ਬਣਾਏਗੀ।

ਇਸ ਦੌਰਾਨ ਐੱਨਸੀਪੀ ਆਗੂ ਅਜਿਤ ਪਵਾਰ (Ajit Pawar) ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਿਵਸੈਨਾ ਆਗੂ ਸੰਜੇ ਰਾਉਤ ਨੇ ਉਨ੍ਹਾਂ ਕਿਸੇ ਕੰਮ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਕੁਝ ਸਮਾਂ ਪਹਿਲਾਂ ਸੰਜੇ ਰਾਉਤ ਦਾ ਸੰਦੇਸ਼ ਮਿਲਿਆ ਉਸ ਵੇਲੇ ਮੈਂ ਇਕ ਬੈਠਕ 'ਚ ਸੀ, ਇਸ ਲਈ ਕੋਈ ਜਵਾਬ ਨਹੀਂ ਦੇ ਸਕਿਆ। ਚੋਣਾਂ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਮੇਰੇ ਨਾਲ ਰਾਬਤਾ ਕਾਇਮ ਕੀਤਾ ਹੈ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਮੈਨੂੰ ਇਹ ਸੰਦੇਸ਼ ਕਿਉਂ ਭੇਜਿਆ। ਮੈਂ ਥੋੜ੍ਹੀ ਦੇਰ 'ਚ ਉਸ ਨੂੰ ਫੋਨ ਕਰਾਂਗਾ।

ਸ਼ਿਵਸੈਨਾ ਆਗੂ ਸੰਜੇ ਰਾਉਤ (Shiv Sena Leader Sanjay Raut) ਨੇ ਐਤਵਾਰ ਨੂੰ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ 'ਚ ਦਾਅਵਾ ਕੀਤਾ ਕਿ ਉਨ੍ਹਾਂ ਨੂੰ 170 ਤੋਂ ਜ਼ਿਆਦਾ ਵਿਧਾਇਕਾਂ ਦਾ ਸਮਰਥਨ ਹਾਸਿਲ ਹੈ। ਇਹ ਵੀ ਕਿਹਾ ਕਿ ਹੁਣ ਅੰਕੜਾ 175 ਤਕ ਪਹੁੰਚ ਸਕਦਾ ਹੈ। ਉੱਥੇ ਹੀ ਸ਼ਿਵਸੈਨਾ ਨੇ ਆਪਣੇ ਮੁੱਖ ਪੱਤਰ ਸਾਮਨਾ 'ਚ ਕਿਹਾ ਕਿ ਜੇਕਰ ਭਾਜਪਾ ਉਸ ਦੇ 50-50 ਫਾਰਮੂਲੇ ਨੂੰ ਨਹੀਂ ਮੰਨਦੀ ਹੈ ਤਾਂ ਉਹ ਐੱਨਸੀਪੀ (Nationalist Congress Party, NCP) ਤੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਏਗੀ।

ਸ਼ਿਵਸੈਨਾ ਇੱਥੇ ਨਹੀਂ ਰੁਕਦੀ ਉਸ ਨੇ ਸਾਮਨਾ ਦੇ ਸੰਪਾਦਕੀ 'ਚ ਇਹ ਵੀ ਦਾਅਵਾ ਕੀਤਾ ਹੈ ਕਿ ਭਾਜਪਾ ਸੂਬੇ 'ਚ ਬਹੁਮਤ ਹਾਸਿਲ ਨਹੀਂ ਕਰ ਸਕੇਗੀ। ਜ਼ਿਕਰਯੋਗ ਹੈ ਕਿ ਸ਼ਿਵਸੈਨਾ ਸੂਬੇ ਦੀ ਨਵੀਂ ਸਰਕਾਰ ਦੇ ਮੰਤਰੀਮੰਡਲ 'ਚ ਬਰਾਬਰੀ ਦਾ ਹਿੱਸਾ ਮੰਗ ਰਹੀ ਹੈ। ਨਾਲ ਹੀ ਢਾਈ ਸਾਲ ਲਈ ਸ਼ਿਵਸੈਨਾ ਦਾ ਸੀਐੱਮ ਹੋਵੇ, ਇਸ ਦੇ ਲਈ ਭਾਜਪਾ ਸਾਹਮਣੇ ਸ਼ਰਤ ਰੱਖੀ ਹੈ। ਉੱਥੇ ਹੀ ਭਾਜਪਾ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਵਜੋਂ ਪੰਜ ਸਾਲ ਬਣਾਈ ਰੱਖਣਾ ਚਾਹੁੰਦੀ ਹੈ।

Posted By: Seema Anand