ਜੇਐੱਨਐੱਨ, ਫਗਵਾੜਾ : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਸਵੇਰੇ ਸੱਤ ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਚਾਰਾਂ ਹਲਕਿਆਂ ਦੇ 7.68 ਲੱਖ ਵੋਟਰ ਆਪਣੇ ਵੋਟ ਦੀ ਵਰਤੋਂ ਕਰ ਰਹੇ ਹਨ। 40 ਬੂਥ ਅਤਿ ਸੰਵੇਦਨਸ਼ੀਲ ਹਨ, ਜਿਨ੍ਹਾਂ ਵਿਚ ਦਾਖਾ ਹਲਕੇ 'ਚ ਸਭ ਤੋਂ ਜ਼ਿਆਦਾ ਹਨ। ਜਲਾਲਾਬਾਦ 'ਚ ਸਭ ਤੋਂ ਵੱਧ 78.76 ਫ਼ੀਸਦੀ ਪੋਲਿੰਗ, ਹਲਕਾ ਦਾਖਾ 'ਚ 71.64 ਜਦੋਂਕਿ ਮੁਕੇਰੀਆਂ 'ਚ 59 ਫ਼ੀਸਦੀ ਪੋਲਿੰਗ ਹੋਈ। ਫਗਵਾੜਾ 'ਚ ਸਭ ਤੋਂ ਘੱਟ 55.97 ਫ਼ੀਸਦੀ ਮਤਦਾਨ ਹੋਇਆ।

ਹਲਕਾ ਜਲਾਲਾਬਾਦ ਵਿੱਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚੜ੍ਹਿਆ

ਫ਼ਾਜ਼ਿਲਕਾ : ਵਿਧਾਨ ਸਭਾ ਚੋਣ ਹਲਕਾ-79 ਜਲਾਲਾਬਾਦ ਦੀ ਜ਼ਿਮਨੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਸਿਰੇ ਚੜ੍ਹ ਗਿਆ ਹੈ। ਜਲਾਲਾਬਾਦ ਜ਼ਿਮਨੀ ਚੋਣ ਲਈ ਲਗਭਗ 78.76 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ ਹੈ।

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਜਲਾਲਾਬਾਦ ਜ਼ਿਮਨੀ ਚੋਣਾਂ 'ਚ ਕੁੱਲ 7 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਜ਼ਿਲ੍ਹੇ ਦੇ 204329 ਵੋਟਰਾਂ ਨੇ ਕਰਨਾ ਹੈ। ਜਿਨ੍ਹਾਂ ਵਿਚ 106651 ਮਰਦ, 97674 ਔਰਤ ਅਤੇ 4 ਟਰਾਂਜੈਂਡਰ ਵੋਟਰ ਸ਼ਾਮਿਲ ਹਨ। ਉਨ੍ਹਾਂ ਵੋਟ ਪ੍ਰਕਿਰਿਆਂ ਦੌਰਾਨ ਪਾਰਦਰਸ਼ੀ ਢੰਗ ਨਾਲ ਡਿਊਟੀ ਨਿਭਾਉਣ ਵਾਲੇ ਸਮੁੱਚੇ ਚੋਣ ਅਮਲੇ ਦੀ ਪ੍ਰਸੰਸਾ ਕੀਤੀ ਅਤੇ ਹਲਕਾ ਵਾਸੀਆਂ ਵੱਲੋਂ ਸੁਖਾਵੇਂ ਮਾਹੌਲ ਅੰਦਰ ਵੋਟਾਂ ਦੇ ਕੰਮ ਨੂੰ ਨੇਪਰੇ ਚੜਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ 'ਤੇ ਧੰਨਵਾਦ ਕੀਤਾ।

ਐਸ.ਐਸ.ਪੀ. ਸ. ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਜਲਾਲਾਬਾਦ ਜ਼ਿਮਨੀ ਚੋਣਾਂ ਵਿੱਚ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸਿਰੇ ਚੜ੍ਹ ਗਿਆ ਹੈ। ਕਿਸੇ ਕਿਸਮ ਦੀ ਕੋਈ ਵੀ ਅਣਸੁਖਾਵੀਂ ਘਟਨਾਂ ਦੇਖਣ ਜਾਂ ਸੁਣਨ ਨੂੰ ਨਹੀ ਮਿਲੀ ਜਿਸਦੇ ਨਾਲ ਵੋਟਾਂ ਦਾ ਮਾਹੌਲ ਖਰਾਬ ਹੁੰਦਾ ਹੋਵੇ।

ਫਗਵਾੜਾ 'ਚ ਕਾਂਗਰਸੀ ਉਮੀਦਵਾਰ ਨੂੰ ਚੋਣ ਕਮਿਸ਼ਨ ਦਾ ਨੋਟਿਸ

ਚੋਣਾਂ ਦੌਰਾਨ ਪਾਰਟੀ ਦੇ ਚੋਣ ਨਿਸ਼ਾਨ ਨਾਲ ਮਫਲਰ ਲੈ ਕੇ ਵੋਟ ਪਾਉਣ ਪਹੁੰਚੇ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਐੱਸਡੀਐੱਮ ਲਤੀਫ਼ ਅਹਿਮਦ ਨੇ ਇਸ ਮਾਮਲੇ ਸਬੰਧੀ ਪੋਲਿੰਗ ਬੂਥ ਦਾ ਸਟਾਫ ਵੀ ਬਦਲ ਦਿੱਤਾ ਹੈ।

ਦਾਖਾ 'ਚ ਅਕਾਲੀ-ਕਾਂਗਰਸੀ ਹੋਏ ਆਹਮੋ-ਸਾਹਮਣੇ

ਪਿੰਡ ਸਰਾਭਾ 'ਚ ਵੋਟ ਪਾਉਣ ਨੂੰ ਲੈ ਕੇ ਕਾਂਗਰਸੀ ਤੇ ਅਕਾਲੀ ਆਹਮੋ-ਸਾਹਮਣੇ ਆ ਗਏ, ਪਰ ਉਸ ਸਮੇਂ ਨੇੜੇ-ਤੇੜੇ ਦੇ ਲੋਕ ਵਿਚਕਾਰ ਆ ਗਏ ਤੇ ਵਿਵਾਦ ਖ਼ਤਮ ਕਰਵਾਇਆ। ਇਸ ਤੋਂ ਇਲਾਵਾ ਪਿੰਡ ਗੋਰਸਿਆ ਕਾਦਰ ਬਖ਼ਸ਼ 'ਚ ਬਿਨਾਂ ਮਨਜ਼ੂਰੀ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ ਦੇ ਵੜਨ 'ਤੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਇਤਰਾਜ਼ ਜਤਾਇਆ। ਉਨ੍ਹਾਂ ਦਾ ਦੋਸ਼ ਹੈ ਕਿ ਭੈਣੀ ਬਿਨਾਂ ਮਨਜ਼ੂਰੀ ਬੂਥ 'ਚ ਵੜ ਕੇ ਇਲੈਕਸ਼ਨ ਸਟਾਫ਼ ਨਾਲ ਗੱਲ ਕਰ ਰਿਹਾ ਸੀ। ਇਸ ਕਾਂਗਰਸੀ ਕਾਂਗਰਸੀ ਤੇ ਲਿਪ ਵਰਕਰਾਂ 'ਚ ਬਹਿਸਬਾਜ਼ੀ ਵੀ ਹੋਈ।

ਇਆਲੀ ਨੇ Facebook 'ਤੇ ਲਾਈਵ ਹੋ ਕੇ ਮੰਗੀਆਂ ਵੋਟਾਂ : ਫੇਸਬੁੱਕ 'ਤੇ ਪ੍ਰਚਾਰ ਕਰਨ 'ਤੇ ਦਾਖਾ ਹਲਕੇ ਤੋਂ ਸ਼੍ਰੋਅਦ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ ਚੋਣ ਅਧਿਕਾਰੀ ਨੇ ਨੋਟਿਸ ਜਾਰੀ ਕੀਤਾ ਹੈ। ਚੋਣ ਅਧਿਕਾਰੀ ਐੱਸਡੀਐੱਮ ਅਮਰਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਸ਼੍ਰੋਅਦ ਉਮੀਦਵਾਰ ਮਨਪ੍ਰੀਤ ਇਆਲੀ ਨੇ ਸੋਮਵਾਰ ਸਵੇਰੇ 8 ਵਜੇ ਫੇਸਬੁੱਕ 'ਤੇ ਲਾਈਵ ਹੋ ਕੇ ਵੋਟਾਂ ਮੰਗੀਆਂ ਹਨ।

ਜਲਾਲਾਬਾਦ 'ਚ ਅਮਨ-ਅਮਾਨ ਨਾਲ ਮਤਦਾਨ ਪ੍ਰਕਿਰਿਆ ਜਾਰੀ

ਜਲਾਲਾਬਾਦ 'ਚ ਕਾਂਗਰਸ ਤੇ ਅਕਾਲੀ ਵਰਕਰਾਂ ਵਿਚਕਾਰ ਚੱਲੀਆਂ ਕੁਰਸੀਆਂ

ਚੋਣਾਂ ਦੌਰਾਨ ਪਾਰਟੀ ਦੇ ਚੋਣ ਨਿਸ਼ਾਨ ਵਾਲਾ ਮਫਲਰ ਲੈ ਕੇ ਵੋਟ ਪਾਉਣ ਪਹੁੰਚੇ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਐੱਸਡੀਐੱਮ ਲਤੀਫ ਅਹਿਮਦ ਨੇ ਇਸ ਮਸਲੇ ਸਬੰਧੀ ਪੋਲਿੰਗ ਬੂਥ ਦਾ ਸਟਾਫ ਵੀ ਬਦਲ ਦਿੱਤਾ ਹੈ।

ਬੂਥ ਨੰਬਰ 22 'ਤੇ ਬਿਨਾਂ ਪੁੱਛਗਿੱਛ ਜਾ ਰਹੇ ਸੀ ਲੋਕ, ਸ਼੍ਰੋਅਦ ਉਮੀਦਵਾਰ ਨੇ ਪ੍ਰਗਟਾਇਆ ਰੋਸ

ਜਲਾਲਾਬਾਦ ਜ਼ਿਮਨੀ ਚੋਣ ਸਬੰਧੀ ਦੁਪਹਿਰੇ ਕਰੀਬ 12 ਵਜੇ ਅਕਾਲੀ-ਭਾਜਪਾ ਉਮੀਦਵਾਰ ਡਾ. ਰਾਜ ਸਿੰਘ ਬੂਥ 'ਤੇ ਪਹੁੰਚੇ ਅਤੇ ਬਿਨਾਂ ਪੁੱਛਗਿੱਛ ਦੇ ਬੂਥ ਅੰਦਰ ਵੜੇ ਲੋਕਾਂ ਦੀ ਮੌਜੂਦਗੀ 'ਤੇ ਰੋਸ ਪ੍ਰਗਟਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਬੂਥਾਂ ਦੇ ਅੰਦਰ ਵੜ ਕੇ ਸ਼ਰੇਆਮ ਪੈਸਾ ਵੰਡਿਆ ਜਾ ਰਿਹਾ ਹੈ। ਕਾਂਗਰਸ ਸਰਕਾਰ ਹੋਣ ਕਾਰਨ ਪ੍ਰਸ਼ਾਸਨ ਵੀ ਇਸ ਵੱਲ ਧਿਆਨ ਨਹੀਂ ਦੇ ਰਿਹਾ ਹੈ। ਬਾਅਦ 'ਚ ਪੁਲਿਸ ਅਮਲਾ ਮੌਕੇ 'ਤੇ ਪਹੁੰਚਿਆ ਤੇ ਭੀੜ ਖਿੰਡਾਈ।

ਫੜੇ ਗਏ ਵਿਅਕਤੀ ਬਾਰੇ ਜਾਣਕਾਰੀ ਦਿੰਦੇ ਸ਼੍ਰੋਅਦ ਉਮੀਦਵਾਰ ਡਾ. ਰਾਜ ਸਿੰਘ।

ਜਲਾਲਾਬਾਦ ਦੇ ਇਕ ਬੂਥ 'ਤੇ ਮਤਦਾਨ ਕਰਨ ਪਹੁੰਚੇ ਸਥਾਨਕ ਲੋਕ।

ਜਲਾਲਾਬਾਦ 'ਚ ਮਤਦਾਨ ਤੋਂ ਬਾਅਦ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਰਾਜ ਸਿੰਘ।

ਜਲਾਲਾਬਾਦ ਜ਼ਿਮਨੀ ਚੋਣ 'ਚ ਵੋਟ ਪਾਉਣ ਤੋਂ ਬਾਅਦ ਉਂਗਲ ਦਿਖਾਉਂਦੇ ਆਪ ਉਮੀਦਵਾਰ ਮਹਿੰਦਰ ਸਿੰਘ ਕਚੂਰਾ।

ਜਲਾਲਾਬਾਦ ਦੇ ਬੂਥ ਨੰਬਰ 17 'ਤੇ ਜਾਂਚ ਕਰਨ ਪਹੁੰਚੇ ਡੀਐੱਸਪੀ ਜਸਪਾਲ ਸਿੰਘ।

ਮੁਕੇਰੀਆਂ 'ਚ ਪ੍ਰਮੁੱਖ ਉਮੀਦਵਾਰਾਂ ਨੇ ਪਾਈ ਵੋਟ

ਮੁਕੇਰੀਆਂ ਵਿਧਾਨ ਸਭਾ ਹਲਕੇ 'ਚ ਸਵੇਰੇ 11 ਵਜੇ ਤਕ ਲਗਪਗ 23.5 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਇੱਥੇ ਮੁੱਖ ਮੁਕਾਬਲਾ ਅਕਾਲੀ-ਭਾਜਪਾ ਦੇ ਜੰਗੀ ਲਾਲ ਮਹਾਜਨ,, ਕਾਂਗਰਸ ਦੀ ਇੰਦੂਬਾਲਾ ਤੇ ਆਮ ਆਦਮੀ ਪਾਰਟੀ ਦੇ ਪ੍ਰੋ. ਜੀਐੱਸ ਮੁਲਤਾਨੀ ਵਿਚਕਾਰ ਹੈ। ਤਿੰਨਾਂ ਉਮੀਦਵਾਰਾਂ ਨੇ ਸਵੇਰੇ ਮਤਦਾਨ ਕਰ ਕੇ ਆਪਣੇ ਹਮਾਇਤੀਆਂ ਨੂੰ ਉਤਸ਼ਾਹਤ ਵੀ ਕੀਤਾ।

ਸੋਮਵਾਰ ਸਵੇਰੇ ਮੁਕੇਰੀਆਂ ਦੇ ਇਕ ਪੋਲਿੰਗ ਬੂਥ 'ਤੇ ਲੱਗੀ ਵੋਟਰਾਂ ਦੀ ਕਤਾਰ।

ਵਿਧਾਨ ਸਭਾ ਹਲਕਾ ਮੁਕੇਰੀਆਂ 'ਚ 201021 ਵੋਟਰ ਹਨ ਜਿਹੜੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਨ੍ਹਾਂ ਵਿਚ 95,865 ਮਹਿਲਾ ਵੋਟਰ ਹਨ ਤੇ 105147 ਪੁਰਸ਼ ਵੋਟਰ ਹਨ ਜਦਕਿ 9 ਵੋਟਰ ਥਰਡ ਜੈਂਡਰ ਹਨ। ਇਸ ਵਿਚ 5178 ਸਰਵਿਸ ਵੋਟਰ ਵੀ ਸ਼ਾਮਲ ਹਨ।

ਮੁਕੇਰੀਆਂ 'ਚ ਬੂਥ ਨੰਬਰ 100 'ਤੇ ਮਤਦਾਨ ਕਰ ਕੇ ਬਾਹਰ ਆਉਂਦੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਜੰਗੀ ਲਾਲ ਮਹਾਜਨ ਤੇ ਪਰਿਵਾਰ।

ਮੁਕੇਰੀਆਂ 'ਚ ਪਰਿਵਾਰ ਸਮੇਤ ਬੂਥ ਨੰਬਰ 208 'ਤੇ ਮਤਦਾਨ ਕਰਨ ਤੋਂ ਬਾਅਦ ਉਂਗਲ ਦਿਖਾਉਂਦੇ 'ਆਪ' ਉਮੀਦਵਾਰ ਪ੍ਰੋ. ਜੀਐੱਸ ਮੁਲਤਾਨੀ।

ਮੁਕੇਰੀਆਂ 'ਚ ਬੂਥ ਨੰਬਰ 117 'ਤੇ ਵੋਟ ਪਾਉਣ ਉਪਰੰਤ ਨਿਸ਼ਾਨ ਦਿਖਾਉਂਦੇ ਹੋਏ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਤੇ ਪਰਿਵਾਰਕ ਮੈਂਬਰ।

ਫਗਵਾੜਾ 'ਚ ਭਾਰੀ ਸੁਰੱਖਿਆ ਵਿਵਸਥਾ

ਸੁਰੱਖਿਆ ਦੇ ਮੱਦੇਨਜ਼ਰ ਜਗ੍ਹਾ-ਜਗ੍ਹਾ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸੰਵੇਦਨਸ਼ੀਲ ਬੂਥਾਂ 'ਤੇ ਵਾਧੂ ਪੁਲਿਸ ਫੋਰਸ ਸਮੇਤ ਬੀਐੱਸਐੱਫ ਵੀ ਤਾਇਨਾਤ ਹੈ। ਫਗਵਾੜਾ ਸਬ ਡਵੀਜ਼ਨ 'ਚ ਸੁਰੱਖਿਆ ਦੇ ਮੱਦੇਨਜ਼ਰ ਬੀਐੱਸਐੱਫ ਸਮੇਤ ਕਰੀਬ ਇਕ ਹਜ਼ਾਰ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਤਾਇਨਾਤ ਹਨ। ਇੱਥੇ ਪਿੰਡ ਅਠੋਲੀ 'ਚ ਨਹੀਂ ਲੱਗਾ ਭਾਜਪਾ ਦਾ ਬੂਥ

ਫਗਵਾੜਾ ਵਿਧਾਨ ਸਭਾ ਹਲਕੇ 'ਚ 1 ਲੱਖ 84 ਹਜ਼ਾਰ 903 ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿਚ 97,361 ਪੁਰਸ਼ ਤੇ 87,535 ਮਹਿਲਾ ਵੋਟਰ ਹਨ, ਜਦਕਿ ਸੱਤ ਥਰਡ ਜੈਂਡਰ ਹਨ। ਫਗਵਾੜਾ 'ਚ ਸ਼ਹਿਰੀ 100 ਅਤੇ ਦਿਹਾਤੀ 120 ਬੂਥਾਂ ਨੂੰ ਮਿਲਾ ਕੇ ਕੁੱਲ 220 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵਿਚੋਂ 145 ਸੰਵੇਦਨਸ਼ੀਲ ਜਦਕਿ 75 ਆਮ ਬੂਥ ਹਨ।

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਆਪਣੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨਾਲ ਵੋਟ ਪਾਉਣ ਤੋਂ ਬਾਅਦ ਉਂਗਲ 'ਤੇ ਲੱਗਿਆ ਨਿਸ਼ਾਨ ਦਿਖਾਉਂਦੇ ਹੋਏ।

2017 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਜਿੱਤ ਹਾਸਿਲ ਕਰਨ ਵਾਲੇ ਮੌਜੂਦਾ ਵਿਧਾਇਕ ਸੋਮ ਪ੍ਰਕਾਸ਼ ਨੂੰ 35.32 ਫ਼ੀਸਦੀ ਸਮੇਤ 45,479 ਵੋਟਾਂ, ਕਾਂਗਰਸ ਦੇ ਜੋਗਿੰਦਰ ਸਿੰਘ ਮਾਨ ਨੂੰ 33.76 ਫ਼ੀਸਦੀ ਨਾਲ 43,470 ਵੋਟਾਂ, ਜਦਕਿ ਉਸ ਵੇਲੇ ਲੋਕ ਇਨਸਾਫ਼ ਪਾਰਟੀ ਦੀ ਟਿਕਟ 'ਤੇ ਚੋਣ ਲੜਨ ਵਾਲੇ ਜਰਨੈਲ ਨੰਗਲ ਨੂੰ 25.14 ਨਾਲ 32,374 ਵੋਟਾਂ ਮਿਲੀਆਂ ਸਨ।

ਇਹ ਉਮੀਦਵਾਰ ਹਨ ਮੈਦਾਨ 'ਚ

ਬਲਵਿੰਦਰ ਸਿੰਘ ਧਾਲੀਵਾਲ-----ਕਾਂਗਰਸ

ਰਾਜੇਸ਼ ਬਾਘਾ-----ਭਾਜਪਾ

ਠੇਕੇਦਾਰ ਭਗਵਾਨ ਦਾਸ-----ਬਸਪਾ

ਸੰਤੋਸ਼ ਕੁਮਾਰ ਗੋਗੀ-----ਆਮ ਆਦਮੀ ਪਾਰਟੀ

ਜਰਨੈਲ ਨੰਗਲ-----ਲੋਕ ਇਨਸਾਫ਼ ਪਾਰਟੀ

ਪਰਮਜੀਤ ਕੌਰ-----ਅਕਾਲੀ ਦਲ

ਨੀਟੂ ਸ਼ਟਰਾਂ ਵਾਲਾ-----ਆਜ਼ਾਦ

ਚਰਨਜੀਤ ਕੁਮਾਰ ਆਜ਼ਾਦ

Posted By: Seema Anand