ਸੰਜੀਵ ਗੁਪਤਾ / ਸੁਰਿੰਦਰ ਅਰੋੜਾ, ਜਗਰਾਓਂ / ਮੁੱਲਾਂਪੁਰ : ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ 'ਚ ਅੱਜ ਬਸਪਾ ਤੋਂ ਸਮਰਥਨ ਪ੍ਰਾਪਤ ਆਜ਼ਾਦ ਉਮੀਦਵਾਰ ਦੇਵ ਸਰਾਭਾ ਤੇ ਦੂਸਰੇ ਆਜ਼ਾਦ ਉਮੀਦਵਾਰ ਗੁਰਜੀਤ ਸਿੰਘ ਨੇ ਉਨ੍ਹਾਂ ਦੇ ਹੱਕ 'ਚ ਬੈਠਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਪੋਤਰੀ ਸੁਖਦੇਵ ਕੌਰ ਅਤੇ ਹਾਕੀ ਖੇਡ ਜਗਤ ਦੀ ਪ੍ਰਸਿੱਧ ਹਸਤੀ ਜਗਰੂਪ ਸਿੰਘ ਜਰਖੜ ਨੇ ਕਾਂਗਰਸ 'ਚ ਸ਼ਾਮਲ ਹੁੰਦਿਆਂ ਕੈਪਟਨ ਸੰਧੂ ਦੇ ਸਮਰਥਨ 'ਚ ਉਨ੍ਹਾਂ ਦੀ ਜਿੱਤ ਲਈ ਡਟਣ ਦਾ ਐਲਾਨ ਕੀਤਾ। ਸ਼ਨਿਚਰਵਾਰ ਨੂੰ ਮੁੱਲਾਂਪੁਰ ਦਾਖਾ ਵਿਖੇ ਕੈਪਟਨ ਸੰਧੂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ 'ਚ ਉਕਤ ਚਾਰਾਂ ਵੱਲੋਂ ਸਮਰਥਨ ਦਾ ਐਲਾਨ ਕੀਤਾ ਗਿਆ।ਇਸ ਮੌਕੇ ਵੱਡੀ ਗਿਣਤੀ 'ਚ ਕਾਂਗਰਸੀ ਤੇ ਦੋਵੇਂ ਆਜ਼ਾਦ ਉਮੀਦਵਾਰਾਂ ਦੇ ਸਮਰਥਕ ਵੀ ਹਾਜ਼ਰ ਸਨ।

ਇਸ ਮੌਕੇ ਕੈਪਟਨ ਸੰਧੂ ਨੇ ਦੋਵਾਂ ਉਮੀਦਵਾਰਾਂ ਵੱਲੋਂ ਸਮਰਥਨ ਦੇਣ ਦਾ ਸਵਾਗਤ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਦੀ ਮੁੱਲਾਂਪੁਰ ਦਾਖਾ 'ਚ ਸਥਿਤੀ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਵਿਰੋਧੀ ਉਮੀਦਵਾਰ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਵੱਲੋਂ ਲਗਾਏ ਗਏ ਤਮਾਮ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਫੇਸਬੁੱਕ 'ਤੇ ਲਾਈਵ ਹੋ ਕੇ ਕੁਫ਼ਰ ਤੋਲ ਰਹੇ ਹਨ। ਇਲਾਕੇ 'ਚ ਅਮਨ ਸ਼ਾਂਤੀ ਦਾ ਮਾਹੌਲ ਹੈ ਜਿਸ ਨੂੰ ਸ਼ਾਇਦ ਉਹ ਵਿਗਾੜਨ ਵਾਲੇ ਪਾਸੇ ਚੱਲ ਪਏ ਹਨ। ਉਨ੍ਹਾਂ ਕਿਹਾ ਕਿ ਇਹ ਚੋਣਾਂ ਪੂਰੇ ਅਮਨ ਅਮਾਨ ਨਾਲ ਹੋਣਗੀਆਂ ਅਤੇ ਦਾਖਾ ਦੇ ਲੋਕ ਇਆਲੀ ਨੂੰ ਮੂੰਹ ਨਹੀਂ ਲਗਾਉਣਗੇ।

Posted By: Seema Anand