ਜੇਐੱਨਐੱਨ, ਮੁਕੇਰੀਆਂ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਤੇ ਬਾਦਲ ਪਰਿਵਾਰ ਵਿਚਕਾਰ ਫਰੈਂਡਲੀ ਮੈਚ ਚੱਲ ਰਿਹਾ ਹੈ। ਸੂਬੇ 'ਚ ਨਸ਼ੇ ਦਾ ਕਾਰੋਬਾਰ ਵੱਧ-ਫੁੱਲ ਰਿਹਾ ਹੈ।

ਭਗਵੰਤ ਮਾਨ ਨੇ ਇੱਥੇ ਵਿਧਾਨ ਸਭਾ ਜ਼ਿਮਨੀ ਚੋਣ 'ਚ ਪਾਰਟੀ ਉਮੀਦਵਾਰ ਪ੍ਰੋ. ਜੀਐੱਸ ਮੁਲਤਾਨੀ ਲਈ ਪ੍ਰਚਾਰ ਕੀਤਾ। ਉਨ੍ਹਾਂ ਪਿੰਡ ਟਾਂਡਾ ਰਾਮ ਸਹਾਏ, ਨੰਗਲ, ਹਾਜ਼ੀਪੁਰ, ਕਰਾੜੀ, ਰੈਲੀ, ਬੁੱਢਾਬੜ੍ਹ, ਮਹਿਤਾਬਪੁਰ, ਨੌਸ਼ਹਿਰਾ ਪੱਤਨ 'ਚ ਰੈਲੀਆਂ ਕੀਤੀਆਂ। ਇਸ ਦੌਰਾਨ ਮਾਨ ਨੇ ਕਿਹਾ ਕਿ ਜਿਵੇਂ ਅਕਾਲੀ-ਭਾਜਪਾ ਦੀ ਸਰਕਾਰ 'ਚ ਭ੍ਰਿਸ਼ਟਾਚਾਰ, ਨਸ਼ਾ, ਗੁੰਡਾਰਾਜ, ਰੇਤ ਮਾਫ਼ੀਆ ਵਧਿਆ ਤੇ ਖਜ਼ਾਨਾ ਖ਼ਾਲੀ ਹੋਇਆ ਹੈ। ਉੱਥੇ ਹੀ ਹੁਣ ਕਾਂਗਰਸ ਸਰਕਾਰ ਦੇ ਆਉਣ ਨਾਲ ਸਿਰਫ਼ ਚਿਹਰੇ ਬਦਲੇ ਹਨ ਪਰ ਕੰਮ ਉਹੀ ਹੈ। ਕੈਪਟਨ ਤੇ ਬਾਦਲ ਪਰਿਵਾਰ ਦੋਵੇਂ ਫਰੈਂਡਲੀ ਮੈਚ ਖੇਡ ਰਹੇ ਹਨ ਤੇ ਆਪਣੀਆਂ ਤਿਜੌਰੀਆਂ ਭਰ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ 'ਚ ਨਾਜਾਇਜ਼ ਮਾਈਨਿੰਗ ਜ਼ੋਰਾਂ 'ਤੇ ਹੈ। ਨਸ਼ੇ ਦਾ ਕਾਰੋਬਾਰ ਵੱਧ-ਫੁੱਲ ਰਿਹਾ ਹੈ। ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਰੁਜ਼ਗਾਰ ਨਾ ਹੋਣ ਕਾਰਨ ਨੌਜਵਾਨ ਪੀੜ੍ਹੀ ਵਿਦੇਸਾਂ ਵੱਲ ਰੁਖ਼ ਕਰ ਰਹੀ ਹੈ। ਸਰਕਾਰ ਖ਼ਜ਼ਾਨੇ ਖ਼ਾਲੀ ਹੋਣ ਦੇ ਬਹਾਨੇ ਬਣਾ ਰਹੀ ਹੈ। ਜਦੋਂ ਮੰਤਰੀਆਂ ਨੇ ਤਨਖ਼ਾਹ ਵਧਾਉਣੀ ਹੋਵੇ ਜਾਂ ਹੈਲੀਕਾਪਟਰ ਲੈਣਾ ਹੋਵੇ, ਉਦੋਂ ਖ਼ਜ਼ਾਨੇ ਕਿਵੇਂ ਭਰ ਜਾਂਦੇ ਹਨ।

ਇਸ ਮੌਕੇ ਆਪ ਉਮੀਦਵਾਰ ਜੀਐੱਸ ਮੁਲਤਾਨੀ, ਕੁਲਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਹਰਮੀਤ ਸਿੰਘ, ਸੁਰਿੰਦਰ ਸਿੰਘ ਬਸਰਾ, ਦਲਵੀਰ ਸਿੰਘ ਟਾਂਗ, ਹਰਜੀਤ ਸਿੰਘ ਸਹੋਤਾ, ਕਰਨੈਲ ਸਿੰਘ, ਕੁਲਦੀਪ ਸਿੰਘ, ਗੁਲਜ਼ਾਰ ਸਿੰਘ, ਗੁਲਸ਼ਨ ਕੁਮਾਰ, ਅਮਰਜੀਤ ਸਿੰਘ, ਠਾਕੁਰ ਸੁਰੇਸ਼ ਕੁਮਾਰ, ਰਵਿੰਦਰ ਕੁਮਾਰ, ਵਿੱਕੀ ਸ਼ਰਮਾ, ਸੁਲੱਖਣ ਸਿੰਘ ਜੱਗੀ, ਕੈਲਾਸ਼ ਚੰਦ, ਠਾਕੁਰ ਵਿਜੈ ਕੁਮਾਰ ਆਦਿ ਮੌਜੂਦ ਸਨ।

Posted By: Seema Anand