ਜੇਐੱਨਐੱਨ, ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰਿਆਣਾ 'ਚ ਭਾਰਤੀ ਜਨਤਾ ਪਾਰਟੀ (BJP) ਤੇ ਜਨਨਾਇਕ ਜਨਤਾ ਪਾਰਟੀ (JJP) ਦੀ ਸਰਕਾਰ ਬਣਨ ਤੋਂ ਬੇਹੱਦ ਖ਼ੁਸ਼ ਹਨ। ਬਾਦਲ ਨੇ ਵਿਧਾਨ ਸਭਾ ਚੋਣਾਂ 'ਚ ਲੋਕ ਫ਼ਤਵੇ ਦਾ ਸਨਮਾਨ ਕਰਦਿਆਂ ਆਪਸ 'ਚ ਹੱਥ ਮਿਲਾਉਣ ਲਈ ਭਾਜਪਾ ਤੇ ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਜੇਜੇਪੀ ਦੀ ਸ਼ਲਾਘਾ ਕੀਤੀ ਹੈ। ਬਾਦਲ ਨੇ ਇਸ ਗਠਜੋੜ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੁਸ਼ਯੰਤ ਚੌਟਾਲਾ ਦੀ ਤੁਲਨਾ ਸਾਬਕਾ ਉਪ- ਪ੍ਰਧਾਨ ਮੰਤਰੀ ਚੌਧਰੀ ਦੇਵੀਲਾਲ ਨਾਲ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਪਾਰੀ ਨੂੰ ਦੁਸ਼ਯੰਤ ਚੌਟਾਲਾ ਅੱਗੇ ਵਧਾਉਣਗੇ।

ਕਿਹਾ- ਚੌਧਰੀ ਦੇਵੀਲਾਲ ਦੀ ਸਿਆਸੀ ਵਿਰਾਸਤ ਨੂੰ ਅੱਗੇ ਲੈ ਕੇ ਜਾਣਗੇ ਦੁਸ਼ਯੰਤ ਚੌਟਾਲਾ

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਹਰਿਆਣਾ 'ਚ ਲੋਕ ਫ਼ਤਵੇ ਦਾ ਸਨਮਾਨ ਕਰ ਕੇ ਭਾਜਪਾ ਤੇ ਜੇਜੇਪੀ ਨੇ ਵਧੀਆ ਕਦਮ ਚੁੱਕਿਆ ਹੈ। ਦੋਵਾਂ ਪਾਰਟੀਆਂ ਦੇ ਮਿਲ ਕੇ ਸਰਕਾਰ ਬਣਾਉਣ ਨਾਲ ਹਰਿਆਣਾ ਦਾ ਭਲਾ ਹੋਵੇਗਾ। ਨਾਲ ਹੀ ਬਾਦਲ ਨੇ ਜੇਜੇਪੀ ਆਗੂ ਦੁਸ਼ਯੰਤ ਚੌਟਾਲਾ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਦੁਸ਼ਯੰਤ ਦੀ ਤੁਲਨਾ ਉਸ ਦੇ ਪੜਦਾਤੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀਲਾਲ ਨਾਲ ਕੀਤੀ।

ਬਾਦਲ ਨੇ ਕਿਹਾ, 'ਮੈਨੂੰ ਪੂਰਾ ਭਰੋਸਾ ਹੈ ਕਿ ਦੋਵੇਂ ਪਾਰਟੀਆਂ ਸੂਬੇ 'ਚ ਭਾਈਚਾਰਕ ਤੇ ਗ਼ਰੀਬਾਂ ਦੇ ਕਲਿਆਣ ਲਈ ਮਿਲਜੁਲ ਕੇ ਕੰਮ ਕਰਨਗੀਆਂ।' ਬਾਦਲ ਨੇ ਦੇਵੀਲਾਲ ਦੇ ਪਰਿਵਾਰ ਨਾਲ ਆਪਣੇ ਪੁਰਾਣੇ ਰਿਸ਼ਤੇ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਚੌਧਰੀ ਦੇਵੀ ਲਾਲ ਦੀ ਗ਼ਰੀਬ ਵਰਗ ਤੇ ਕਿਸਾਨ ਹਿਤੈਸ਼ੀ ਵਿਰਾਸਤ ਨੂੰ ਨੌਜਵਾਨ ਆਗੂ ਦੁਸ਼ਯੰਤ ਚੌਟਾਲਾ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਲੈ ਜਾਣਗੇ। ਮੈਨੂੰ ਭਰੋਸਾ ਹੈ ਕਿ ਨੌਜਵਾਨ ਖ਼ੂਨ ਤੇ ਗਹਿਰੇ ਤਜਰਬੇ ਦਾ ਇਹ ਗਠਜੋੜ ਲੋਕਾਂ ਲਈ ਲਾਭਕਾਰੀ ਸਾਬਿਤ ਹੋਵੇਗਾ।

Posted By: Seema Anand