ਅਨੁਰਾਗ ਅਗਰਵਾਲ, ਚਰਖੀ ਦਾਦਰੀ/ਕੁਰੂਕਸ਼ੇਤਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਹਰਿਆਣਾ ਦੀ ਵਿਜੈ ਸੰਕਲਪ ਰੈਲੀ 'ਚ ਪਾਣੀ ਦੇ ਮੁੱਦੇ 'ਤੇ ਕਾਂਗਰਸ ਨੂੰ ਜਿੱਥੇ ਕਟਹਿਰੇ ਵਿਚ ਖੜ੍ਹਾ ਕੀਤਾ, ਉੱਥੇ ਥੁੜ੍ਹਾਂ ਮਾਰੇ ਇਲਾਕਿਆਂ ਦੇ ਕਿਸਾਨਾਂ ਨੂੰ ਪਾਣੀ ਦੇ ਸੰਕਟ ਦੇ ਪੱਕੇ ਹੱਲ ਦਾ ਭਰੋਸਾ ਦਿਵਾਇਆ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਜਾ ਰਹੇ ਪਾਣੀ ਨੂੰ ਰੋਕ ਕੇ ਕਿਸਾਨਾਂ ਉਨ੍ਹਾਂ ਦਾ ਹੱਕ ਦਿੱਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਅੱਤਵਾਦ ਤੇ ਵੱਖਵਾਦ 'ਤੇ ਵੀ ਜ਼ਬਰਦਸਤ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਅੱਤਵਾਦ ਦਾ ਦੌਰ ਨਹੀਂ ਝੱਲੇਗਾ। ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਤੇ ਸਨਮਾਨ ਲਈ ਜੋ ਵੀ ਉਚਿਤ ਹੋਵੇਗਾ ਉਸ ਲਈ ਹਿੱਕ ਦੇ ਜ਼ੋਰ ਨਾਲ ਫ਼ੈਸਲੇ ਲਏ ਜਾਣਗੇ।

ਮੱਧ ਹਰਿਆਣਾ ਦੇ ਚਰਖੀ ਦਾਦਰੀ ਤੇ ਉੱਤਰੀ ਹਰਿਆਣਾ ਦੇ ਕੁਰੂਕਸ਼ੇਤਰ 'ਚ ਹੋਈਆਂ ਆਪਣੀਆਂ ਦੋਵਾਂ ਰੈਲੀਆਂ 'ਚ ਮੋਦੀ ਨੇ ਡੇਢ ਘੰਟੇ ਤੋਂ ਜ਼ਿਆਦਾ ਸਮੇਂ ਤਕ ਸੰਬੋਧਨ ਕੀਤਾ। ਉਨ੍ਹਾਂ ਪਾਕਿਸਤਾਨ ਵੱਲ ਜਾਣ ਵਾਲੀਆਂ ਨਦੀਆਂ ਦੇ ਪਾਣੀ ਦੇ ਮੁੱਦੇ 'ਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜਾਣ ਵਾਲੇ ਪਾਣੀ 'ਤੇ ਸਾਡੇ ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਦਾ ਹੱਕ ਹੈ। ਉਨ੍ਹਾਂ ਦਾ ਹੱਕ ਦਿਵਾਇਆ ਜਾਵੇਗਾ।

ਮੋਦੀ ਨੇ ਕਿਸਾਨਾਂ ਦੇ ਨਾਲ-ਨਾਲ ਜਵਾਨਾਂ ਤੇ ਰਾਫੇਲ ਦੀ ਵੀ ਗੱਲ ਕੀਤੀ। ਭਾਰਤ ਮਾਤਾ ਦੀ ਜੈ ਤੇ ਚਿਰਾਂ ਪੁਰਾਣੇ ਅੰਦਾਜ਼ ਨਾਲ ਉਨ੍ਹਾਂ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਦੇ ਆਪਣੇ ਫ਼ੈਸਲੇ 'ਤੇ ਜਨਤਾ ਦੀ ਮੋਹਰ ਵੀ ਲੁਆਈ। ਇਸ ਦੇ ਨਾਲ ਹੀ 2022 ਤਕ ਹਰ ਪਰਿਵਾਰ ਨੂੰ ਪੱਕਾ ਘਰ ਦੇਣ, ਹਰ ਕਿਸਾਨ ਨੂੰ 60 ਸਾਲ ਦੀ ਉਮਰ ਪੂਰੀ ਹੋਣ 'ਤੇ ਤਿੰਨ ਹਜ਼ਾਰ ਰੁਪਏ ਪੈਨਸ਼ਨ ਦੇਣ ਦੇ ਆਪਣੇ ਵਾਅਦਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਦੋਵਾਂ ਰੈਲੀਆਂ 'ਚ ਪ੍ਰਧਾਨ ਮੰਤਰੀ ਨੇ ਆਪਣਾ ਹਰਿਆਣਾ ਕੁਨੈਕਸ਼ਨ ਵੀ ਜੋੜਿਆ।

ਅੱਤਵਾਦ ਕਾਰਨ ਕਿਸੇ ਮਾਂ ਦੀ ਗੋਦ ਸੁੰਨੀ ਨਹੀਂ ਹੋਵੇਗੀ

ਰੈਲੀ ਦੌਰਾਨ ਮੋਦੀ ਨੇ ਵਾਰ-ਵਾਰ ਹਰਿਆਣਾ ਦੇ ਸੈਨਿਕਾਂ ਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ। ਕੁਰੂਕਸ਼ੇਤਰ 'ਚ ਉਨ੍ਹਾਂ ਕਿਹਾ ਕਿ ਕਾਂਗਰਸੀ ਨੇਤਾ ਹੁਣ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ 'ਤੇ ਹਾਏ ਤੌਬਾ ਮਚਾ ਰਹੇ ਹਨ। ਉਨ੍ਹਾਂ ਦੇ ਵਿਰੋਧੀ ਬਿਆਨਾਂ ਕਾਰਨ ਹੀ ਅੱਤਵਾਦ ਦੇ ਸਰਪ੍ਰਸਤ ਲੋਕ ਭਾਰਤ 'ਤੇ ਨਿਸ਼ਾਨਾ ਲਾਉਣ ਤੋਂ ਨਹੀਂ ਖੁੰਝਦੇ ਪਰ ਹੁਣ ਅੱਤਵਾਦ ਕਾਰਨ ਕਿਸੇ ਮਾਂ ਦੀ ਗੋਦ ਸੁੰਨੀ ਨਹੀਂ ਹੋਵੇਗੀ।

ਪ੍ਰਕਾਸ਼ ਪੁਰਬ ਸ਼ਾਨਦਾਰ ਤਰੀਕੇ ਨਾਲ ਮਨਾਏਗੀ ਕੇਂਦਰ ਸਰਕਾਰ

ਰੈਲੀ 'ਚ ਮੋਦੀ ਨੇ ਸਿੱਖਾਂ ਦਾ ਭਰੋਸਾ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ। ਕੁਰੂੁਕਸ਼ੇਤਰ 'ਚ ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ। ਇਸ ਨੂੰ ਸ਼ਾਨਦਾਰ ਰੂਪ ਦੇਣ ਲਈ ਕੇਂਦਰ ਸਰਕਾਰ ਪੂਰੀ ਤਿਆਰੀ ਕਰ ਰਹੀ ਹੈ। ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਵੀ ਹੁਣ ਪੂਰਾ ਹੋ ਰਿਹਾ ਹੈ। 70 ਸਾਲ ਪਹਿਲਾਂ ਦੇਸ਼ 'ਚ ਜੋ ਰਣਨੀਤਕ ਉਕਾਈ ਹੋਈ, ਉਸ 'ਚ ਅਸੀਂ ਸੁਧਾਰ ਕੀਤਾ ਹੈ। ਇਸ ਵਾਰ ਦਾ ਪ੍ਰਕਾਸ਼ ਪੁਰਬ ਤਮਾਮ ਖ਼ੁਸ਼ੀਆਂ ਲੈ ਕੇ ਆਵੇਗਾ।

ਚੀਨੀ ਰਾਸ਼ਟਰਪਤੀ ਨੇ ਦੰਗਲ ਰਾਹੀਂ ਵੇਖਿਆ ਸਾਡੀਆਂ ਬੇਟੀਆਂ ਦਾ ਕਮਾਲ

ਪ੍ਰਧਾਨ ਮੰਤਰੀ ਮੋਦੀ ਨੇ ਚੀਨੀ ਰਾਸ਼ਟਰਪਤੀ ਜਿਨਪਿੰਗ ਨਾਲ ਪਿੱਛੇ ਜਿਹੇ ਹੋਈ ਆਪਣੇ ਗ਼ੈਰ ਰਸਮੀ ਮੁਲਾਕਾਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਚੀਨੀ ਰਾਸ਼ਟਰਪਤੀ ਨੇ ਦੱਸਿਆ ਕਿ ਮੈਂ ਤੁਹਾਡੀਆਂ ਬੇਟੀਆਂ ਦਾ ਕਮਾਲ ਵੇਖਿਆ ਹੈ। ਮੈਂ ਦੰਗਲ ਫਿਲਮ ਵੇਖੀ ਹੈ। ਇਹ ਜਾਣ ਕੇ ਉਨ੍ਹਾਂ ਨੂੰ ਸੁਖਦ ਹੈਰਾਨੀ ਤੇ ਮਾਣ ਮਹਿਸੂਸ ਹੋਇਆ ਹੈ।