ਸੰਜੀਵ ਗੁਪਤਾ, ਜਗਰਾਓਂ : ਦਾਖਾ ਜ਼ਿਮਨੀ ਚੋਣ ਹਲਕੇ ਤੋਂ ਕਾਂਗਰਸੀ ਉਮੀਦਵਾਰ ਦੇ ਹੱਕ 'ਚ ਪਿੰਡ ਗੁਜਰਵਾਲ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਵਿਧਾਇਕ ਸ਼ਰੇਆਮ ਅਕਾਲੀਆਂ ਤੇ ਅਫਸਰਾਂ ਨੂੰ ਧਮਕੀਆਂ ਦੇਣ 'ਤੇ ਉਤਰ ਆਏ।

ਜਾਣਕਾਰੀ ਅਨੁਸਾਰ ਸੰਦੀਪ ਸੰਧੂ ਦੇ ਹੱਕ 'ਚ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਪ੍ਰਚਾਰ ਲਈ ਗੁਜਰਵਾਲ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਧਮਕੀ ਭਰੇ ਲਹਿਜੇ ਸੰਬੋਧਨ ਕਰਦਿਆਂ ਕਿਹਾ,''ਚਾਰ ਪਿੰਡਾਂ 'ਚ ਮੇਰੇ ਡਿਊਟੀ ਲਾਈ ਗਈ ਹੈ। ਜੇ ਮੇਰੇ ਵਰਕਰ ਨੂੰ ਕੋਈ ਅੱਖ ਕੱਢੇਗਾ ਤਾਂ ਉਸ ਦੀ ਅੱਖ ਕੱਢ ਦੇਵਾਂਗਾ।'' ਇਸ ਦੌਰਾਨ ਕਾਂਗਰਸੀ ਵਿਧਾਇਕ ਨੇ ਕਈ ਅਧਿਕਾਰੀਆਂ ਦੇ ਨਾਂ ਵੀ ਲਏ ਤੇ ਦੋਸ਼ ਲਾਇਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਵੋਟ ਭੁਗਤਾਉਣ ਲਈ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਉਕਤ ਅਧਿਕਾਰੀਆਂ ਦੀ ਲਿਸਟ ਬਣਾ ਲਈ ਗਈ ਹੈ। ਉਨ੍ਹਾਂ ਅਕਾਲੀ ਵਰਕਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਕਾਂਗਰਸ ਦੇ ਬੋਰਡ ਨੂੰ ਨੁਕਸਾਨ ਪਹੁੰਚਾਏਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਉਧਰ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਕਾਂਗਰਸੀ ਵਿਧਾਇਕ 'ਤੇ 'ਸੱਤਾ ਦਾ ਭੂਤ' ਸਵਾਰ ਹੋਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਇਹ ਲੋਕ ਅੱਖਾਂ ਕੱਢਣ ਦੀ ਗੱਲ ਕਰ ਰਹੇ ਹਨ ਪਰ 24 ਅਕਤੂਬਰ ਤੋਂ ਬਾਅਦ ਇਨ੍ਹਾਂ ਨੂੰ ਧੁੰਦਲਾ ਦਿਖਣਾ ਸ਼ੁਰੂ ਹੋ ਜਾਵੇਗਾ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਕਾਂਗਰਸ ਵਿਧਾਇਕ ਦੀ ਧਮਕੀ

ਕਈ ਅਧਿਕਾਰੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਧਮਕੀ ਦੇਣ ਵਾਲੇ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿਮੰਦਰਮੀਤ ਸਿੰਘ ਦਾ ਬਿਆਨ ਕਾਫੀ ਵਾਇਰਲ ਹੋਇਆ। ਇਸ ਦੌਰਾਨ ਲੋਕਾਂ ਨੇ ਵੀਡੀਓ 'ਤੇ ਜੰਮ ਕੇ ਕੁਮੈਂਟ ਕੀਤੇ।

ਅਕਾਲੀ ਦਲ ਦੇ ਸਰਪੰਚ ਨੇ ਲਾਇਆ ਕਾਂਗਰਸ 'ਤੇ ਗੁੰਡਾਗਰਦੀ ਦਾ ਦੋਸ਼

ਪਿੰਡ ਬਿਰਮੀ ਤੋਂ ਅਕਾਲੀ ਸਰਪੰਚ ਗੁਰਬਚਨ ਸਿੰਘ ਨੇ ਕਾਂਗਰਸੀ ਆਗੂਆਂ ਤੇ ਪੁਲਿਸ ਮੁਲਾਜ਼ਮਾਂ 'ਤੇ ਗੁੰਡਾਗਰਦੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਕਾਂਗਰਸੀ ਆਗੂ ਕੁਝ ਪੁਲਿਸ ਮੁਲਾਜ਼ਮਾਂ ਨਾਲ ਪਿੰਡ 'ਚ ਆਇਆ ਸੀ, ਜਿਸ ਨੇ ਉਸ (ਸਰਪੰਚ) ਨੂੰ ਧਮਕਾਇਆ।

ਅਜਿਹਾ ਨਹੀਂ ਕਹਿਣਾ ਚਾਹੀਦਾ : ਸੰਧੂ

ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਵਿਧਾਇਕ ਪਾੜਾ ਦੇ ਭਾਸਣ ਸਬੰਧੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਸ ਬਿਆਨ ਵੱਲ ਧਿਆਨ ਨਹੀਂ ਗਿਆ ਪਰ ਜੇਕਰ ਅਜਿਹਾ ਹੋਇਆ ਹੈ ਤਾਂ ਇਹ ਠੀਕ ਨਹੀਂ ਹੈ। ਪਾਰਟੀ ਵੱਲੋਂ ਜੋ ਅਗਲੇ ਢਾਈ ਸਾਲ ਦੌਰਾਨ ਕੰਮ ਕਰਨੇ ਹਨ, ਉਸ ਬਾਰੇ ਗੱਲ ਕਰਨੀ ਚਾਹੀਦੀ ਸੀ।

Posted By: Amita Verma