ਨਵੀਂ ਦਿੱਲੀ/ਚੰਡੀਗੜ੍ਹ, ਏਐੱਨਆਈ। Haryana Govt. Formation Updates : ਹਰਿਆਣਾ ਵਿਧਾਨ ਸਭਾ ਚੋਣਾਂ 'ਚ ਸੱਤਾਧਾਰੀ ਭਾਜਪਾ ਬਹੁਮਤ ਦੇ ਅੰਕੜੇ ਤੋਂ ਦੂਰ ਰਹਿ ਗਈ, ਪਰ ਉਹ ਸਭ ਤੋਂ ਵੱਧ ਸੀਟਾਂ ਜਿੱਤਣ 'ਚ ਸਫਲ ਰਹੀ। ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸ਼ੁੱਕਰਵਾਰ ਸਵੇਰੇ ਦਿੱਲੀ ਪਹੁੰਚੇ ਹਨ। ਨਵੀਂ ਸਰਕਾਰ ਦੇ ਗਠਨ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਦੌਰਾਨ ਦਿੱਲੀ ਪਹੁੰਚਣ ਤੋਂ ਬਾਅਦ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰਿਆਣਾ 'ਚ ਇਕ ਵਾਰ ਮੁੜ ਭਾਜਪਾ ਹੀ ਸਰਕਾਰ ਬਣਨ ਜਾ ਰਹੀ ਹੈ, ਇਸ ਸਬੰਧੀ ਉਹ ਆਸ਼ਾਵਾਦੀ ਹਨ। ਸਰਕਾਰ ਬਣਾਉਣ ਦੀਆਂ ਚਰਚਾਵਾਂ ਜ਼ੋਰਾਂ 'ਤੇ ਹਨ।

Updates

-ਭਾਜਪਾ ਦੇ ਅਨਿਲ ਜੈਨ ਨੇ ਹਰਿਆਣਾ 'ਚ ਸਰਕਾਰ ਦੇ ਗਠਨ ਸਬੰਧੀ ਕਿਹਾ ਹੈ ਕਿ ਚੰਡੀਗੜ੍ਹ 'ਚ ਕੱਲ੍ਹ ਸਵੇਰੇ 11 ਵਜੇ ਵਿਧਾਇਕ ਦਲ ਦੀ ਬੈਠਕ ਹੋਵੇਗੀ। ਓਬਜ਼ਰਵਰ ਵਜੋਂ ਨਿਰਮਲਾ ਸੀਤਾਰਮਨ ਤੇ ਜਨਰਲ ਸਕੱਤਰ ਅਰੁਣ ਸਿੰਘ ਹੋਣਗੇ। ਕੱਲ੍ਹ ਹੀ ਵਿਧਾਇਕ ਦਲ ਦਾ ਆਗੂ ਚੁਣਿਆ ਜਾਵੇਗਾ। ਉਸ ਤੋਂ ਬਾਅਦ ਉਹ ਹਰਿਆਣਾ 'ਚ ਸਰਕਾਰ ਬਣਾਉਣ ਲਈ ਗਵਰਨਰ ਨਾਲ ਮੁਲਾਕਾਤ ਕਰਨਗੇ।

-ਹਰਿਆਣਾ 'ਚ ਸਰਕਾਰ ਬਣਾਉਣ ਦੀਆਂ ਚਰਚਾਵਾਂ ਦੌਰਾਨ ਆਜ਼ਾਦ ਵਿਧਾਇਕ ਦਿੱਲੀ ਪਹੁੰਚ ਗਏ ਹਨ। ਆਜ਼ਾਦ ਵਿਧਾਇਕ ਅੱਜ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਸਕਦੇ ਹਨ। ਇਸ ਦੌਰਾਨ ਹਰਿਆਣਾ ਲੋਕਹਿੱਤ ਪਾਰਟੀ ਦੇ ਗੋਪਾਲ ਕਾਂਡਾ ਨੇ ਕਿਹਾ ਕਿ ਸਾਰੇ ਆਜ਼ਾਦ ਵਿਧਾਇਕਾਂ ਨੇ ਭਾਜਪਾ ਨੂੰ ਸਮਰਥਨ ਦੇਣ ਦੇ ਐਲਾਨ ਕਰ ਦਿੱਤਾ ਹੈ।

ਹਰਿਆਣਾ 'ਚ ਹੈਰਾਨ ਕਰਨ ਵਾਲੇ ਰਹੇ ਨਤੀਜੇ

ਹਰਿਆਣਾ 'ਚ ਨਤੀਜੇ ਕਾਫ਼ੀ ਹੈਰਾਨ ਕਰਨ ਵਾਲੇ ਰਹੇ। ਇੱਥੇ ਸਭ ਤੋਂ ਵੱਧ ਹੈਰਾਨ ਕੀਤਾ ਸਾਲ ਭਰ ਪਹਿਲਾਂ ਹੋਂਦ 'ਚ ਆਈ ਜਨਨਾਇਕ ਜਨਤਾ ਪਾਰਟੀ (ਜਜਪਾ) ਨੇ। ਸਾਲ ਭਰ ਪਹਿਲਾਂ ਹੀ ਪਰਿਵਾਰਿਕ ਵਿਵਾਦ ਤੋਂ ਬਾਅਦ ਇਨੈਲੋ ਤੋਂ ਵੱਖ ਹੋ ਕੇ ਦੁਸ਼ਅੰਤ ਚੌਟਾਲਾ ਨੇ ਪਾਰਟੀ ਬਣਾਈ ਸੀ। ਜਜਪਾ ਨੇ ਪਹਿਲੀ ਹੀ ਵਾਰ 10 ਸੀਟਾਂ 'ਤੇ ਜਿੱਤ ਹਾਸਲ ਕਰ ਲਈ। ਨਤੀਜਿਆਂ ਤੋਂ ਬਾਅਦ ਜਜਪਾ ਨੂੰ ਕਿੰਗਮੇਕਰ ਦੀ ਭੂਮਿਕਾ 'ਚ ਦੇਖਿਆ ਜਾ ਰਿਹਾ ਸੀ। ਹਾਲਾਂਕਿ ਭਾਜਪਾ ਨੂੰ ਸੱਤ 'ਚੋਂ ਛੇ ਆਜ਼ਾਦ ਵਿਧਾਇਕਾਂ ਦੀ ਹਮਾਇਤ ਮਿਲਣ ਤੋਂ ਬਾਅਦ ਜਜਪਾ ਦਾ ਚਮਤਕਾਰੀ ਪ੍ਰਦਰਸ਼ਨ ਵੀ ਉਸ ਨੂੰ ਕੁਝ ਖ਼ਾਸ ਫਾਇਦਾ ਦਿਵਾਉਣਾ ਨਹੀਂ ਦਿਸ ਰਿਹਾ।

Posted By: Akash Deep