ਮੁੰਬਈ, ਏਐੱਨਆਈ : ਮਹਾਰਾਸ਼ਟਰ 'ਚ ਸਰਕਾਰ ਬਣਾਉਣ ਨੂੰ ਲੈ ਕੇ ਸੰਕਟ ਹੋਰ ਡੂੰਘਾ ਹੋ ਗਿਆ ਹੈ। ਰਾਜ 'ਚ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਦੇਵੇਂਦਰ ਫਡਨਵੀਸ ਨੇ ਭਾਜਪਾ ਆਗੂਆਂ ਨਾਲ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਕਿਹਾ ਕਿ ਅਸੀਂ ਰਾਜ 'ਚ ਸਰਕਾਰ ਨਹੀਂ ਬਣਾਵਾਂਗੇ।

ਮਹਾਰਾਸ਼ਟਰ ਭਾਜਪਾ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਪ੍ਰੈੱਸ ਕਾਨਫਰੰਸ ਕਰਕੇ ਰਾਜਪਾਲ ਨਾਲ ਮੁਲਾਕਾਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਹਾਰਾਸ਼ਟਰ 'ਚ ਸਰਕਾਰ ਨਹੀਂ ਬਣਾ ਸਕਦੀ। ਉਨ੍ਹਾਂ ਕਿਹਾ ਕਿ ਸਾਨੂੰ (ਭਾਜਪਾ-ਸ਼ਿਵਸੇਨਾ) ਇਕੱਠੇ ਕੰਮ ਕਰਨ ਲਈ ਜਨਾਦੇਸ਼ ਮਿਲਿਆ ਸੀ। ਜੇਕਰ ਸ਼ਿਵਸੇਨਾ ਇਸ ਦਾ ਉਲੰਘਣ ਕਰਨਾ ਚਾਹੁੰਦੀ ਹੈ ਅਤੇ ਕਾਂਗਰਸ-ਐੱਨਸੀਪੀ ਨਾਲ ਸਰਕਾਰ ਬਣਾਉਣਾ ਚਾਹੁੰਦੀ ਹੈ ਤਾਂ, ਸਾਡੀਆਂ ਸ਼ੁੱਭਕਾਮਨਾਵਾਂ ਉਨ੍ਹਾਂ ਦੇ ਨਾਲ ਹਨ।

ਰਾਜਪਾਲ ਨੇ ਦਿੱਤਾ ਸੀ ਸੱਦਾ

ਸ਼ਨਿਚਰਵਾਰ ਨੂੰ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਦੇਵੇਂਦਰ ਫਡਨਵੀਸ ਨੂੰ ਸਰਕਾਰ ਬਣਾਉਣ ਦਾ ਸੱਦਾ ਭੇਜਿਆ ਸੀ ਜਿਸ ਤੋਂ ਬਾਅਦ ਐਤਵਾਰ ਨੂੰ ਭਾਜਪਾ ਕੋਰ ਕਮੇਟੀ ਦੀ ਬੈਠਕ ਹੋਈ। ਬੈਠਕ ਤੋਂ ਬਾਅਦ ਦੇਵੇਂਦਰ ਫਡਨਵੀਸ ਭਾਜਪਾ ਆਗੂਆਂ ਨਾਲ ਰਾਜਪਾਲ ਨੂੰ ਮਿਲਣ ਪਹੁੰਚੇ। ਨ੍ਹਾਂ ਨੇ ਰਾਜਪਾਲ ਨੂੰ ਦੱਸਿਆ ਕਿ ਭਾਜਪਾ ਮਹਾਰਾਸ਼ਟਰ 'ਚ ਇਕੱਲੀ ਸਰਕਾਰ ਬਣਾਉਣ ਦੀ ਸਥਿਤੀ 'ਚ ਨਹੀਂ ਹੈ।

ਭਾਜਪਾ-ਸ਼ਿਵਸੇਨਾ 'ਚ ਤਕਰਾਰ

ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਭਾਜਪਾ ਅਤੇ ਸ਼ਿਵਸੇਨਾ 'ਚ ਤਕਰਾਰ ਸ਼ੁਰੂ ਹੋ ਗਈ ਸੀ। ਚੋਣਾਂ 'ਚ ਭਾਜਪਾ ਨੂੰ 105 ਅਤੇ ਸ਼ਿਵਸੇਨਾ ਨੂੰ 56 ਸੀਟਾਂ ਮਿਲੀਆਂ। ਨਤੀਜਿਆਂ ਤੋਂ ਬਾਅਦ ਹੀ ਸ਼ਿਵਸੇਨਾ ਲਗਾਤਾਰ ਸੀਐੱਮ ਅਹੁਦੇ ਨੂੰ ਲੈ ਕੇ 50-50 ਦੇ ਫਾਰਮੂਲੇ 'ਤੇ ਅੜੀ ਹੋਈ ਹੈ।

Posted By: Jagjit Singh