ਓਮ ਪ੍ਰਕਾਸ਼ ਤਿਵਾੜੀ, ਮੁੰਬਈ : ਸ਼ੁੱਕਰਵਾਰ ਦੀ ਸ਼ਾਮ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਦੇ ਨਾਂ 'ਤੇ ਸਹਿਮਤ ਦਿਸ ਰਹੇ ਕਾਂਗਰਸ-ਐੱਨਸੀਪੀ ਦੇ ਦਿੱਗਜ ਆਗੂਆਂ ਦੀ ਸ਼ਨਿਚਰਵਾਰ ਸਵੇਰੇ ਜਦੋਂ ਨੀਂਦ ਖੁੱਲ੍ਹੀ ਤਾਂ ਟੈਲੀਵਿਜ਼ਨ ਚੈਨਲਾਂ 'ਤੇ ਉਨ੍ਹਾਂ ਨੂੰ ਦੇਵੇਂਦਰ ਫੜਨਵੀਸ ਮੁੱਖ ਮੰਤਰੀ ਦੇ ਅਹੁਦੇ ਦੀ ਤੇ ਅਜੀਤ ਪਵਾਰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਦੇ ਦਿਖਾਈ ਦੇ ਰਹੇ ਸਨ।

ਸ਼ਰਦ ਪਵਾਰ ਲਈ ਇਹ ਵੱਡਾ ਝਟਕਾ ਸੀ ਕਿਉਂਕਿ 12 ਘੰਟੇ ਪਹਿਲਾਂ ਤਕ ਉਨ੍ਹਾਂ ਦੇ ਨਾਲ ਖੜ੍ਹਾ ਦਿਸ ਰਿਹਾ ਭਤੀਜਾ ਹੁਣ ਭਾਜਪਾ ਦੇ ਪਾਲ਼ੇ 'ਚ ਦਿਖਾਈ ਦੇ ਰਿਹਾ ਸੀ। ਹੁਣ ਰਾਜਪਾਲ ਨੇ ਦੁਬਾਰਾ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਚੁੱਕੇ ਦੇਵੇਂਦਰ ਫੜਨਵੀਸ ਨੂੰ 30 ਨਵੰਬਰ ਤਕ ਸਦਨ 'ਚ ਬਹੁਮਤ ਸਾਬਤ ਕਰਨ ਲਈ ਕਿਹਾ ਹੈ। ਉੱਧਰ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੂੰ ਐੱਨਸੀਪੀ ਵਿਧਾਇਕ ਦਲ ਦੇ ਨੇਤਾ ਅਹੁਦੇ ਤੋਂ ਹਟਾ ਦਿੱਤਾ ਹੈ।

ਉੱਥੇ, ਸ਼ਿਵ ਸੈਨਾ, ਕਾਂਗਰਸ ਤੇ ਐੱਨਸੀਪੀ 24 ਘੰਟੇ ਦੇ ਅੰਦਰ ਬਹੁਮਤ ਸਾਬਤ ਕਰਨ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚ ਗਈਆਂ ਹਨ। ਪਿਛਲੇ ਮਹੀਨੇ ਦੀ 24 ਤਰੀਕ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਤੁਰੰਤ ਬਾਅਦ ਤੋਂ ਸ਼ਿਵ ਸੈਨਾ ਦੇ ਬਦਲੇ ਸੁਰ ਦੇਖ ਕੇ ਭਾਜਪਾ ਚੁੱਪ ਬੈਠੀ ਸੀ। ਉਸ ਨੂੰ ਗਿਣਤੀ 'ਚ ਆਪਣੀ ਕਮਜ਼ੋਰੀ ਦਾ ਅਹਿਸਾਸ ਹੋ ਗਿਆ ਸੀ, ਇਸ ਲਈ ਉਸ ਨੇ ਰਾਜਪਾਲ ਦੇ ਸੱਦੇ 'ਤੇ ਵੀ ਸਰਕਾਰ ਬਣਾਉਣ ਤੋਂ ਮਨ੍ਹਾ ਕਰ ਦਿੱਤਾ।

ਉਹ ਸ਼ਾਇਦ ਸ਼ਿਵ ਸੈਨਾ-ਕਾਂਗਰਸ-ਐੱਨਸੀਪੀ ਦੀ ਅਗਲੀ ਠੋਸ ਚਾਲ ਦਾ ਇੰਤਜ਼ਾਰ ਹੀ ਕਰ ਰਹੀ ਸੀ। ਸ਼ੁੱਕਰਵਾਰ ਰਾਤ ਜਦੋਂ ਐੱਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਮਹਾਵਿਕਾਸ ਆਘਾੜੀ ਦੀ ਬੈਠਕ ਤੋਂ ਨਿਕਲਦੇ ਹੋਏ ਪੱਤਰਕਾਰਾਂ ਨੂੰ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਦੇ ਨਾਂ 'ਤੇ ਸਹਿਮਤੀ ਬਣ ਗਈ ਹੈ ਤਾਂ ਭਾਜਪਾ ਨੇ ਮਹਾਰਾਸ਼ਟਰ ਦੀ ਸਿਆਸੀ ਬਿਸਾਤ ਤੇ ਆਪਣੀ ਚਾਲ ਚੱਲ ਦਿੱਤੀ।

ਮਹਾਰਾਸ਼ਟਰ ਦੇ ਰਾਜ ਭਵਨ, ਦਿੱਲੀ ਸਥਿਤ ਰਾਸ਼ਟਰਪਤੀ ਭਵਨ ਤੇ ਪ੍ਰਧਾਨ ਮੰਤਰੀ ਦਫ਼ਤਰ ਵਿਚਾਲੇ ਰਾਤ ਭਰ ਚੱਲੇ ਘਟਨਾਕ੍ਰਮ ਤੋਂ ਬਾਅਦ ਸਵੇਰੇ 5.47 ਵਜੇ ਮਹਾਰਾਸ਼ਟਰ 'ਚ 10 ਦਿਨ ਪਹਿਲਾਂ ਲੱਗਾ ਰਾਸ਼ਟਰਪਤੀ ਰਾਜ ਹਟਾ ਲਿਆ ਗਿਆ ਤੇ ਸਵੇਰੇ ਅੱਠ ਵਜੇ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਅਹੁਦੇ ਦੀ ਤੇ ਐੱਨਸੀਪੀ ਦੇ ਨੇਤਾ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਵਾ ਦਿੱਤੀ ਗਈ।

ਗੁਪਤ ਸੀ ਭਾਜਪਾ ਦੀ ਸਿਆਸੀ ਚਾਲ

ਇਸ ਸਹੁੰ ਚੁੱਕ ਸਮਾਗਮ 'ਚ ਐੱਨਸੀਪੀ ਵੱਲੋਂ 12 ਵਿਧਾਇਕ ਮੌਜੂਦ ਵੀ ਹੋਏ, ਭਾਜਪਾ ਵੱਲੋਂ ਤਾਂ ਮੁਸ਼ਕਲ ਨਾਲ ਅੱਧਾ ਦਰਜਨ ਨੇਤਾ ਹੀ ਮੌਜੂਦ ਸਨ। ਇਸ ਤੋਂ ਸਮਿਝਆ ਜਾ ਸਕਦਾ ਹੈ ਕਿ ਇਹ ਆਪ੍ਰਰੇਸ਼ਨ ਸਹੁੰ ਚੁੱਕ ਕਿੰਨਾ ਗੁਪਤ ਸੀ। ਸਹੁੰ ਚੁੱਕਣ ਤੋਂ ਬਾਅਦ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਸਪਸ਼ਟ ਫਰਮਾਨ ਦਿੱਤਾ ਸੀ ਪਰ ਸ਼ਿਵ ਸੈਨਾ ਦੋ ਹੋਰ ਪਾਰਟੀਆਂ ਨਾਲ ਮਿਲ ਕੇ ਖਿਚੜੀ ਸਰਕਾਰ ਬਣਾਉਣ ਜਾ ਰਹੀ ਸੀ। ਜਦਕਿ ਮਹਾਰਾਸ਼ਟਰ ਨੂੰ ਇਸ ਸਮੇਂ ਇਕ ਸਥਾਈ ਸਰਕਾਰ ਦੀ ਲੋੜ ਹੈ। ਇਸ ਲਈ ਅਸੀਂ ਅਜੀਤ ਪਵਾਰ ਨਾਲ ਮਿਲ ਕੇ ਇਹ ਸਰਕਾਰ ਬਣਾਉਣ ਦੀ ਪਹਿਲ ਕੀਤੀ ਹੈ। ਹੁਣ ਅਸੀਂ ਸੂਬੇ ਨੂੰ ਇਕ ਸਥਾਈ ਤੇ ਮਜ਼ਬੂਤ ਸਰਕਾਰ ਦੇਵਾਂਗੇ।

ਅਜੀਤ ਨੇ ਪਹਿਲਾਂ ਹੀ ਬਣਾ ਲਿਆ ਸੀ ਮਨ

ਮੰਨਿਆ ਜਾ ਰਿਹਾ ਹੈ ਕਿ ਅਜੀਤ ਪਵਾਰ ਨੇ ਕਰੀਬ 10 ਦਿਨ ਪਹਿਲਾਂ ਹੀ ਭਾਜਪਾ ਨਾਲ ਜਾਣ ਦਾ ਮਨ ਬਣਾ ਲਿਆ ਸੀ। ਤਾਂ ਹੀ ਰਾਜਪਾਲ ਵੱਲੋਂ ਐੱਨਸੀਪੀ ਨੂੰ ਮਿਲੀ ਸਰਕਾਰ ਬਣਾਉਣ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਰਾਜਪਾਲ ਨੂੰ ਪੱਤਰ ਭੇਜ ਕੇ ਮਿਆਦ ਵਧਾਉਣ ਦੀ ਮੰਗ ਕਰ ਕੇ ਰਾਜਪਾਲ ਨੂੰ ਰਾਸ਼ਟਰਪਤੀ ਰਾਜ ਦੀ ਸਿਫਾਰਸ਼ ਦਾ ਬਹਾਨਾ ਮੁਹੱਈਆ ਕਰਵਾ ਦਿੱਤਾ ਸੀ।

ਦੇਰ ਰਾਤ ਫੋਨ ਕਰ ਕੇ ਐੱਨਸੀਪੀ ਦੇ ਵਿਧਾਇਕਾਂ ਨੂੰ ਬੁਲਾਇਆ ਗਿਆ

ਸਵੇਰੇ ਅਜੀਤ ਪਵਾਰ ਦੇ ਨਾਲ ਰਾਜ ਭਵਨ ਗਏ ਐੱਨਸੀਪੀ ਦੇ ਇਕ ਵਿਧਾਇਕ ਰਾਜੇਂਦਰ ਸ਼ਿੰਗਣੇ ਮੁਤਾਬਕ ਉਨ੍ਹਾਂ ਕੋਲ ਰਾਤ 12 ਵਜੇ ਅਜੀਤ ਪਵਾਰ ਦਾ ਫੋਨ ਆਇਆ ਤੇ ਸਵੇਰੇ ਛੇ ਵਜੇ ਮੰਤਰਾਲੇ ਦੇ ਸਾਹਮਣੇ ਸਥਿਤ ਧਨੰਜੈ ਮੁੰਡੇ ਦੇ ਸਰਕਾਰੀ ਨਿਵਾਸ 'ਤੇ ਆਉਣ ਲਈ ਕਿਹਾ।

ਸਵੇਰੇ ਉੱਥੇ ਪੁੱਜਣ 'ਤੇ ਕੁਝ ਹੋਰ ਵਿਧਾਇਕ ਵੀ ਮੌਜੂਦ ਸਨ। ਪਰ ਖ਼ੁਦ ਧਨੰਜੈ ਮੁੰਡੇ ਤੇ ਅਜੀਤ ਪਵਾਰ ਉੱਥੇ ਨਹੀਂ ਸਨ। ਸੱਤ ਵਜੇ ਦੇ ਕਰੀਬ ਅਜੀਤ ਪਵਾਰ ਤੇ ਧਨੰਜੈ ਉੱਥੇ ਆਏ ਤੇ ਅਸੀਂ ਸਾਰੇ ਲੋਕ ਰਾਜ ਭਵਨ ਗਏ। ਉੱਥੇ ਇਕ ਛੋਟੇ ਹਾਲ 'ਚ ਸਾਨੂੰ ਬਿਠਾਇਆ ਗਿਆ।

ਕੁਝ ਦੇਰ ਬਾਅਦ ਉੱਥੇ ਦੇਵੇਂਦਰ ਫੜਨਵੀਸ ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਚੰਦਰਕਾਂਤ ਪਾਟਿਲ ਵੀ ਆ ਗਏ। ਅੱਠ ਵਜੇ ਰਾਜਪਾਲ ਭਗਤ ਸਿੰਘ ਕੋਸ਼ੀਆਰੀ ਹਾਲ 'ਚ ਆਏ ਤੇ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ ਨੂੰ ਸਹੁੰ ਚੁੱਕਵਾਈ ਗਈ। ਸਿੰਘ ਦਾ ਦਾਅਵਾ ਹੈ ਕਿ ਅਜੀਤ ਪਵਾਰ ਦੇ ਨਾਲ ਗਏ ਵਿਧਾਇਕਾਂ ਨੂੰ ਉਸ ਸਮੇਂ ਤਕ ਇਹ ਜਾਣਕਾਰੀ ਨਹੀਂ ਸੀ ਕਿ ਅਜੀਤ ਪਵਾਰ ਉਪ ਮੁੱਖ ਮੰਤਰੀ ਦੀ ਸਹੁੰ ਚੁੱਕਣ ਜਾ ਰਹੇ ਹਨ। ਜਦਕਿ ਇਸੇ ਸਮੂਹ 'ਚ ਗਏ ਅਜੀਤ ਹਮਾਇਤੀ ਇਕ ਹੋਰ ਵਿਧਾਇਕ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਇਹ ਜਾਣਕਾਰੀ ਸੀ। ਰਾਜੇਂਦਰ ਸ਼ਿੰਗਣੇ ਸਮੇਤ ਤਿੰਨ ਵਿਧਾਇਕ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਸ਼ਰਦ ਪਵਾਰ ਦੇ ਨਿਵਾਸ ਸਿਲਵਰ ਓਕ ਪੁੱਜੇ ਤੇ ਉਨ੍ਹਾਂ ਨੂੰ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ।

ਭਰਾ ਦੇ ਘਰ ਜਾ ਬੈਠੇ ਅਜੀਤ

ਮਹਾਰਾਸ਼ਟਰ ਦੀ ਸਿਆਸਤ 'ਚ ਹੰਗਾਮਾ ਕਰ ਕੇ ਅਜੀਤ ਪਵਾਰ ਮੁੰਬਈ 'ਚ ਹੀ ਸਥਿਤ ਆਪਣੇ ਇਕ ਚਚੇਰੇ ਭਰਾ ਦੇ ਨਿਵਾਸ 'ਤੇ ਚਲੇ ਗਏ ਉੱਥੇ ਜਾ ਕੇ ਆਪਣਾ ਫੋਨ ਬੰਦ ਕਰ ਲਿਆ। ਦੁਪਹਿਰ ਬਾਅਦ ਜਦੋਂ ਉਨ੍ਹਾਂ ਦੇ ਉੱਥੇ ਹੋਣ ਦਾ ਪਤਾ ਲੱਗਾ ਤਾਂ ਪਵਾਰ ਨੇ ਉਨ੍ਹਾਂ ਦੇ ਕਰੀਬੀ ਸੁਨੀਲ ਤਟਕਰੇ ਨਾਲ ਦੋ ਹੋਰ ਸੀਨੀਅਰ ਨੇਤਾਵਾਂ ਨੂੰ ਉਨ੍ਹਾਂ ਨੂੰ ਮਨਾਉਣ ਲਈ ਭੇਜਿਆ। ਪਰ ਇਨ੍ਹਾਂ ਨੇਤਾਵਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪਿਆ।

ਵਿਧਾਇਕ ਦਲ ਦੇ ਨੇਤਾ ਅਹੁਦੇ ਤੋਂ ਅਜੀਤ ਦੀ ਛੁੱਟੀ

ਐੱਨਸੀਪੀ ਨੇ ਸ਼ਨਿਚਰਵਾਰ ਸ਼ਾਮ ਨੂੰ ਆਪਣੇ ਸਾਰੇ ਵਿਧਾਇਕਾਂ ਦੀ ਇਕ ਬੈਠਕ ਯਸ਼ਵੰਤ ਰਾਓ ਚਵ੍ਹਾਨ ਸੈਂਟਰ 'ਚ ਬੁਲਾਈ ਸੀ। ਇਸ ਬੈਠਕ 'ਚ ਅਜੀਤ ਪਵਾਰ ਨੂੰ ਐੱਨਸੀਪੀ ਵਿਧਾਇਕ ਦਲ ਦੇ ਨੇਤਾ ਅਹੁਦੇ ਤੋਂ ਹਟਾ ਦਿੱਤਾ ਗਿਆ। ਨਵਾਂ ਨੇਤਾ ਚੁਣੇ ਜਾਣ ਤਕ ਇਹ ਜ਼ਿੰਮੇਵਾਰੀ ਫਿਲਹਾਲ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਜੈਅੰਤ ਪਾਟਿਲ ਨੂੰ ਦਿੱਤੀ ਗਈ ਹੈ।

ਐੱਨਸੀਪੀ ਦਾ 49 ਵਿਧਾਇਕਾਂ ਦਾ ਸਾਥ ਹੋਣ ਦਾ ਦਾਅਵਾ

ਪਾਰਟੀ ਦੇ ਬੁਲਾਰੇ ਨਵਾਬ ਮਲਿਕ ਮੁਤਾਬਕ ਹਾਲੇ ਤਕ ਸਿਰਫ਼ ਪੰਜ ਵਿਧਾਇਕਾਂ ਨਾਲ ਸੰਪਰਕ ਨਹੀਂ ਹੋ ਸਕਿਆ। ਬਾਕੀ ਜਾਂ ਤਾਂ ਬੈਠਕ 'ਚ ਮੌਜੂਦ ਸਨ ਜਾਂ ਉਨ੍ਹਾਂ ਨਾਲ ਸੰਪਰਕ ਹੋ ਚੁੱਕਾ ਹੈ, ਤੇ ਉਹ ਸਾਰੇ ਪਾਰਟੀ ਦੇ ਨਾਲ ਹਨ। ਹਾਲੇ ਤਕ ਇਕ ਵਾਰੀ ਵੀ ਸੁਰੱਖਿਅਤ ਥਾਂ 'ਤੇ ਨਹੀਂ ਲਿਜਾਏ ਗਏ ਐੱਨਸੀਪੀ ਵਿਧਾਇਕਾਂ ਨੂੰ ਵੀ ਹੁਣ ਮੁੰਬਈ ਦੇ ਕਿਸੇ ਹੋਟਲ 'ਚ ਸਮੂਹਿਕ ਪਰਵਾਸ ਲਈ ਲਿਜਾਇਆ ਗਿਆ ਹੈ।