ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਧਾਨੀ 'ਚ ਰਾਜਨੀਤਕ ਪਾਰਟੀਆਂ ਦਾ ਚੋਣ ਪ੍ਰਚਾਰ ਤੇਜ਼ ਹੋ ਚੁੱਕਾ ਹੈ। ਇਸੇ ਲੜੀ ਤਹਿਤ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਵਾਲਾਂ ਦਾ ਜਵਾਬ ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ ਰਾਹੀਂ ਦਿੱਤਾ। ਸ਼ਾਹ ਨੇ ਜਨਸਭਾ 'ਚ ਪੁੱਛਿਆ ਸੀ ਕਿ 'ਕੇਜਰੀਵਾਲ ਜੀ, ਦਿੱਲੀ 'ਚ ਤੁਸੀਂ ਆਪਣੇ ਕਿੰਨੇ ਸਕੂਲ ਬਣਾਏ। 15 ਲੱਖ ਸੀਸੀਟੀਵੀ ਕੈਮਰੇ ਲਗਾਉਣ ਦੀ ਗੱਲ ਕਹੀ ਸੀ ਤੇ ਕੁਝ ਹੀ ਸੀਸੀਟੀਵੀ ਲਗਾ ਕੇ ਜਨਤਾ ਨੂੰ ਬੇਵਕੂਫ ਬਣਾ ਰਹੇ ਹੋ।


ਇਸ 'ਤੇ ਸੀਐੱਮ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ, ਮੈਨੂੰ ਖੁਸ਼ੀ ਹੈ ਕਿ ਤੁਹਾਨੂੰ ਕੁਝ ਸੀਸੀਟੀਵੀ ਕੈਮਰੇ ਤਾਂ ਦਿਖਾਈ ਦਿੱਤੇ। ਕੁਝ ਦਿਨ ਪਹਿਲਾਂ ਤਾਂ ਤੁਸੀਂ ਕਿਹਾ ਸੀ ਕਿ ਇਕ ਵੀ ਕੈਮਰਾ ਨਹੀਂ ਲੱਗਾ, ਥੋੜ੍ਹਾ ਸਮਾਂ ਕੱਢੋ, ਤੁਹਾਨੂੰ ਸਕੂਲ ਵੀ ਦਿਖਾ ਦਿੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਮੈਨੂੰ ਬੇਹੱਦ ਖੁਸ਼ੀ ਹੈ ਕਿ ਦਿੱਲੀ ਦੇ ਲੋਕਾਂ ਨੇ ਰਾਜਨੀਤੀ ਬਦਲੀ ਹੈ, ਜੋ ਇਥੇ ਭਾਜਪਾ ਨੂੰ ਸੀਸੀਟੀਵੀ, ਸਕੂਲ ਤੇ ਕੱਚੀਆਂ ਕਾਲੋਨੀਆਂ ਦੇ ਨਾਂ 'ਤੇ ਵੋਟ ਮੰਗਣੇ ਪੈ ਰਹੇ ਹਨ।

ਕੇਜਰੀਵਾਲ ਨੇ ਟਵੀਟ ਰਾਹੀਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਦੀ ਸਿੱਖਿਆ ਕ੍ਰਾਂਤੀ ਦੇਖਣ ਲਈ ਕੁਝ ਦਿਨ ਤਾਂ ਗੁਜ਼ਾਰੋ, ਸਾਡੇ ਸਕੂਲਾਂ 'ਚ। ਦਿੱਲੀ ਦੇ ਸਰਕਾਰੀ ਸਕੂਲਾਂ 'ਚ ਤੁਹਾਡਾ ਸਵਾਗਤ ਕਰਾਂਗੇ। ਦੇਸ਼ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਕੋਈ ਸੁਝਾਅ ਹੋਵੇ ਤਾਂ ਚੋਣਾਂ ਦੇ ਬਾਅਦ ਉਨ੍ਹਾਂ 'ਤੇ ਵੀ ਕੰਮ ਕਰਾਂਗੇ।

Posted By: Sunil Thapa