ਜੇਐੱਨਐੱਨ, ਚੰਡੀਗੜ੍ਹ : Haryana Assembly Election 2019 ਲਈ ਕਾਂਗਰਸ ਨੇ ਸ਼ੁੱਕਰਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ। ਇਸ ਵਿਚ ਲੋਕ ਲੁਭਾਉਣੇ ਵਾਅਦਿਆਂ ਦੀ ਭਰਮਾਰ ਹੈ। ਪਾਰਟੀ ਨੇ ਸੂਬੇ 'ਚ ਆਪਣੀ ਸਰਕਾਰ ਬਣਨ ਤਕ ਗਰਭਵਤੀ ਔਰਤਾਂ ਨੂੰ ਬੱਚੇ ਦੇ ਜਨਮ ਤਕ 3500 ਰੁਪਏ ਹਰ ਮਹੀਨੇ ਦੇਣ ਦਾ ਐਲਾਨ ਕੀਤਾ ਹੈ। ਗ਼ਰੀਬ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।

ਕਾਂਗਰਸ ਦਾ ਮੈਨੀਫੈਸਟੋ ਪਾਰਟੀ ਦੇ ਹਰਿਆਣਾ ਇੰਚਾਰਜ ਗੁਲਾਮ ਨਬੀ ਆਜ਼ਾਦ, ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਤੇ ਪਾਰਟੀ ਦੀ ਸਨੀਅਰ ਆਗੂ ਕਿਰਨ ਚੌਧਰੀ ਨੇ ਇੱਥੇ ਹਰਿਆਣਾ ਕਾਂਗਰਸ ਦੇ ਦਫ਼ਤਰ 'ਚ ਜਾਰੀ ਕੀਤਾ। ਇਸ ਮੌਕੇ ਚੰਡੀਗੜ੍ਹ ਦੇ ਕਾਂਗਰਸੀ ਆਗੂ ਤੇ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਵੀ ਮੌਜੂਦ ਸਨ।

ਇਸ ਮੌਕੇ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਹਰਿਆਣਾ 'ਚ ਕਾਂਗਰਸ ਦੀਆਂ ਸਰਕਾਰਾਂ ਨੇ ਨੇ ਬਹੁਤ ਵਧੀਆ ਕੰਮ ਕੀਤਾ ਤੇ ਭਾਜਪਾ ਦੇ ਸ਼ਾਸਨ 'ਚ ਕੁਝ ਨਹੀਂ ਹੋਇਆ। ਪਰ, ਅਸੀਂ ਪਬਲੀਸਿਟੀ 'ਚ ਪੱਛੜ ਗਏ। ਉਨ੍ਹਾਂ ਕਿਹਾ ਕਿ ਕਾਂਗਸਸ ਕੰਮ 'ਚ ਤਾਂ ਹੀਰੋ ਹੈ, ਪਰ ਪਬਲੀਸਿਟੀ 'ਚ ਜ਼ੀਰੋ ਹੈ।

ਕਾਂਗਰਸ ਦੇ ਚੋਣ ਮੈਨੀਫੈਸਟੋ 'ਚ ਕੀਤੇ ਗਏ ਵਾਅਦੇ-

-ਗ਼ਰੀਬ ਕਿਸਾਨਾਂ ਨੂੰ ਮੁਫ਼ਤ ਬਿਜਲੀ।

-ਸਾਰੀਆਂ ਨੌਕਰੀਆਂ 'ਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ।

-ਹਰਿਆਣਾ ਰੋਡਵੇਜ਼ ਦੀਆਂ ਬੱਸਾਂ 'ਚ ਔਰਤਾਂ ਨੂੰ ਮੁਫ਼ਤ ਯਾਤਰਾ।

-ਅਨੁਸੂਚਿਤ ਜਾਤੀ ਲਈ ਐੱਸਸੀ ਕਮਿਸ਼ਨ ਦਾ ਪੁਨਰਗਠਨ।

-ਗਰਭਵਤੀਆਂ ਨੂੰ ਬੱਚੇ ਦੇ ਜਨਮ ਤਕ 3500 ਰੁਪਏ ਹਰ ਮਹੀਨੇ। ਬੱਚੇ ਦੇ ਜਨਮ ਤੋਂ ਬਾਅਦ ਉਸ ਦੇ ਪੰਜ ਸਾਲ ਦਾ ਹੋਣ ਤਕ 5000 ਰੁਪਏ ਹਰ ਮਹੀਨੇ।

-ਗ੍ਰੈਜੂਏਟ ਬੇਰੁਜ਼ਗਾਰਾਂ ਨੂੰ 7000 ਰੁਪਏ ਤੇ ਪੋਸਟ ਗ੍ਰੈਜੂਏਟਸ ਨੂੰ 10,000 ਰੁਪਏ ਹਰ ਮਹੀਨਾ ਬੇਰੁਜ਼ਗਾਰੀ ਭੱਤਾ।

-ਕਿਸਾਨਾਂ ਦਾ ਕਰਜ਼ ਸਰਕਾਰ ਬਣਦੇ ਹੀ 24 ਘੰਟੇ ਦੇ ਅੰਦਰ ਮਾਫ਼। ਭੂਮੀ-ਹੀਣ ਕਿਸਾਨਾਂ ਦਾ ਵੀ ਕਰਜ਼ ਮਾਫ਼।

-300 ਯੂਨਿਟ ਤਕ ਬਿਜਲੀ ਮਾਫ਼ ਤੇ ਉਸ ਤੋਂ ਉੱਪਰ ਦੇ ਰੇਟ ਅੱਧੇ ਕੀਤੇ ਜਾਣਗੇ।

-ਫ਼ਸਲਾਂ ਦੀ ਵਿਕਰੀ ਆਨਲਾਈਨ ਹੋਵੇਗੀ।

-ਗ਼ਰੀਬਾਂ ਨੂੰ 10 ਗਜ ਦੇ ਪਲਾਟ ਤੇ ਮਕਾਨ ਲਈ ਡੇਢ ਲੱਖ ਦੀ ਰਾਸ਼ੀ ਦਿੱਤੀ ਜਾਵੇਗੀ।

-ਮੁਲਾਜਮ਼ਾਂ ਨੂੰ ਸੱਤਵਾਂ ਤਨਖ਼ਾਹ ਕਮਿਸ਼ਨ ਤੇ ਨਵੀਂ ਨੀਤੀ ਤਹਿਤ ਪੈਨਸ਼ਨ ਦਿੱਤੀ ਜਾਵੇਗੀ।

-ਹਰੇਕ ਪਰਿਵਾਰ 'ਚ ਇਕ ਨੂੰ ਰੁਜ਼ਗਾਰ ਯਕੀਨੀ ਬਣਾਇਆ ਜਾਵੇਗਾ।

-ਹਰ ਤਰ੍ਹਾਂ ਦੀ ਪੈਨਸ਼ਨ ਨੂੰ 5100 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇਗਾ।

-ਐੱਸਸੀ ਐੱਸਟੀ ਵਿਦਿਆਰਥੀਆਂ ਨੂੰ ਹਰ ਮਹੀਨੇ 12 ਹਜ਼ਾਰ ਦਾ ਵਜ਼ੀਫਾ।

-ਹਰ ਜ਼ਿਲ੍ਹੇ 'ਚ ਮੈਡੀਕਲ ਕਾਲਜ ਤੇ ਯੂਨੀਵਰਸਿਟੀ ਬਣਾਈ ਜਾਵੇਗੀ।

-ਨਸ਼ਾ ਸਮੱਗਲਿੰਗ ਲਈ ਵਿਸ਼ੇਸ਼ ਐੱਸਟੀਐੱਪ ਦੇ ਗਠਨ।

-ਸਨਅਤਾਂ ਨੂੰ ਹੱਲਾਸ਼ੇਰੀ ਦੇਣ ਲਈ ਵਪਾਰ ਆਯੋਗ ਦਾ ਗਠਨ।

-ਪੱਤਰਕਾਰਾਂ ਦਾ ਬੱਸ ਕਿਰਾਇਆ ਤੇ ਟੋਲ ਮਾਫ਼, 20 ਹਜ਼ਾਰ ਦੇ ਪੈਨਸ਼ਨ ਤੇ ਕੈਸ਼ਲੈੱਸ ਇਲਾਜ ਦੀ ਸਹੂਲਤ।

Posted By: Seema Anand