ਹੈੱਪੀ ਕਾਠਪਾਲ, ਜਲਾਲਾਬਾਦ : ਸਥਾਨਕ ਮਾਰਕੀਟ ਕਮੇਟੀ ਦੇ ਪੋਲਿੰਗ ਬੂਥ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾਂ ਵੱਲੋਂ ਲਗਾਏ ਗਏ ਪਾਰਟੀ ਦੇ ਬੂਥ 'ਤੇ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਨੇ ਧਾਵਾ ਬੋਲ ਦਿੱਤਾ ਅਤੇ ਇਸ ਦੌਰਾਨ ਰਮਿੰਦਰ ਆਵਲਾ ਦੇ ਭਰਾ ਸੁਖਬੀਰ ਆਵਲਾ ਨਾਲ ਆਏ ਬਾਊਂਸਰਾਂ ਨੇ ਅਕਾਲੀ ਦਲ ਦੇ ਬੂਥ ਲਈ ਲਾਏ ਟੈਂਟ ਨੂੰ ਪੁੱਟ ਦਿੱਤਾ। ਇਸ ਦੌਰਾਨ ਅਕਾਲੀ ਤੇ ਕਾਂਗਰਸੀ ਲੀਡਰਾਂ ਵਿਚਾਲੇ ਧੱਕਾ ਮੁੱਕੀ ਹੋਈ ਪਰ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਨੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ। ਇਸ ਦੌਰਾਨ ਅਕਾਲੀ ਆਗੂਆਂ ਨੇ ਕਾਂਗਰਸ 'ਤੇ ਧੱਕੇਸ਼ਾਹੀ ਕਰਨ ਤੇ ਵੋਟਰਾਂ ਨੂੰ ਪੈਸਿਆਂ ਦਾ ਲਾਲਚ ਦੇਣ ਦਾ ਦੋਸ਼ ਲਗਾਇਆ।

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਨੇ ਦੋਸ਼ ਲਾਇਆ ਕਿ ਕਾਂਗਰਸ ਧੱਕੇਸ਼ਾਹੀ 'ਤੇ ਉਤਰ ਆਈ ਹੈ ਤੇ ਆਪਣੀ ਹਾਰ ਦੀ ਬੁਖ਼ਲਾਹਟ 'ਚ ਸਾਡੇ ਵੱਲੋਂ ਲਗਾਏ ਗਏ ਬੂਥਾਂ 'ਤੇ ਵੀ ਹਮਲੇ ਕਰ ਰਹੀ ਹੈ। ਉਨ੍ਹਾਂ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ। ਉਧਰ, ਕਾਂਗਰਸੀ ਲੀਡਰਾਂ ਦਾ ਕਹਿਣਾ ਹੈ ਕਿ ਲੋਕ ਕਾਂਗਰਸ ਦੇ ਹੱਕ 'ਚ ਫ਼ਤਵਾ ਦੇ ਰਹੇ ਹਨ ਤੇ ਵਿਰੋਧੀ ਆਪਣੀ ਹਾਰ ਨੂੰ ਵੇਖਦੇ ਬੁਖ਼ਲਾ ਆ ਗਏ ਹਨ। ਆਪਸ 'ਚ ਧੱਕਾਮੁੱਕੀ ਹੋਣ ਦੇ ਨਾਲ ਇਕ ਦੂਜੇ ਦੇ ਟੈਂਟ ਵੀ ਉਖਾੜ ਦਿੱਤੇ।

Posted By: Seema Anand