ਜੇਐੱਨਐੱਨ, ਨਵੀਂ ਦਿੱਲੀ : ਆਜ ਤਕ ਅਤੇ ਐਕਸਿਸ ਮਾਈ ਇੰਡੀਆ ਚੈਨਲ ਵੱਲੋਂ ਕੀਤੇ ਗਏ ਐਗਜ਼ਿਟ ਪੋਲ ਦੀ ਮੰਨੀਏ ਤਾਂ ਹਰਿਆਣਾ 'ਚ ਭਾਜਪਾ ਬਹੁਮਤ ਤੋਂ ਪਿੱਛੇ ਰਹਿ ਸਕਦੀ ਹੈ। ਸਰਵੇ 'ਚ ਸੱਤਾਧਾਰੀ ਪਾਰਟੀ ਨੂੰ ਵੱਧ ਤੋਂ ਵੱਧ 44 ਸੀਟਾਂ ਮਿਲ ਸਕਦੀਆਂ ਹਨ। ਹਾਲਾਂਕਿ ਸਰਵੇ 'ਚ ਇਹ ਵੀ ਕਿਹਾ ਗਿਆ ਹੈ ਕਿ ਭਾਜਪਾ ਦੀਆਂ ਸੀਟਾਂ ਦੀ ਗਿਣਤੀ 32 ਤਕ ਵੀ ਰਹਿ ਸਕਦੀ ਹੈ, ਜੋ ਬਹੁਮਤ ਤੋਂ ਕਾਫ਼ੀ ਘੱਟ ਹੈ। ਇਸ ਸਰਵੇ ਅਨੁਸਾਰ ਕਾਂਗਰਸ ਨੂੰ 30 ਤੋਂ 42 ਸੀਟਾਂ ਮਿਲ ਸਕਦੀਆਂ ਹਨ, ਜਦੋਂਕਿ ਜੇਜੇਪੀ ਨੂੰ 6 ਤੋਂ 10 ਅਤੇ ਹੋਰਨਾਂਨੂੰ 6 ਤੋਂ 10 ਸੀਟਾਂ ਮਿਲ ਸਕਦੀਆਂ ਹਨ।

2014 ਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੂੰ 47 ਸੀਟਾਂ ਮਿਲੀਆਂ ਸਨ ਅਤੇ ਉਸ ਨੇ ਸਾਧਾਰਨ ਬਹੁਮਤ ਨਾਲ ਸਰਕਾਰ ਬਣਾਈ ਸੀ। ਵੰਡ ਦਾ ਇਨੈਲੋ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। 2014 'ਚ ਇਨੈਲੋ ਨੂੰ 19 ਸੀਟਾਂ ਮਿਲੀਆਂ ਸਨ। ਉਂਜ ਸੋਮਵਾਰ ਨੂੰ ਆਏ ਹੋਰ ਚੈਨਲਾਂ ਵੱਲੋਂ ਕੀਤੇ ਗਏ ਐਗਜ਼ਿਟ ਪੋਲ 'ਚ ਭਾਜਪਾ ਨੂੰ 75 ਤਕ ਸੀਟਾਂ ਮਿਲਣ ਦਾ ਅਨੁਮਾਨ ਪ੍ਰਗਟਾਇਆ ਗਿਆ ਸੀ।

ਸਰਵੇ 'ਚ ਭਾਜਪਾ ਨੂੰ 33 ਫ਼ੀਸਦੀ ਵੋਟਾਂ ਮਿਲਣ ਦਾ ਅਨੁਮਾਨ ਹੈ, ਜਦੋਂਕਿ ਕਾਂਗਰਸ ਨੂੰ 32 ਫੀਸਦੀ, ਜੇਜੇਪੀ ਨੂੰ 14 ਫ਼ੀਸਦੀ ਅਤੇ ਹੋਰ ਪਾਰਟੀਆਂ ਨੂੰ 21 ਫ਼ੀਸਦੀ ਵੋਟਾਂ ਮਿਲਣ ਦਾ ਅਨੁਮਾਨ ਪ੍ਰਗਟਾਇਆ ਗਿਆ ਹੈ। ਆਜ ਤਕ ਦੇ ਸਰਵੇ ਦੀ ਮੰਨੀਏ ਤਾਂ ਦਿੱਲੀ ਨਾਲ ਲਗਦੇ ਇਸ ਰਾਜ 'ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲ ਸਕਦਾ। ਇਸ ਤਰ੍ਹਾਂ ਰਾਜ 'ਚ ਰਾਜਨੀਤਕ ਅਨਿਸ਼ਚਿਤਤਾ ਦੀ ਸਥਿਤੀ ਪੈਦਾ ਹੋ ਸਕਦੀ ਹੈ।

Posted By: Jagjit Singh