ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਮੁਕੇਰੀਆਂ ਵਿਧਾਨ ਸਭਾ ਜ਼ਿਮਨੀ ਚੋਣ ਲਈ ਅੱਜ ਪੈਣ ਵਾਲੀਆਂ ਵੋਟਾਂ ਦੀ ਚੋਣ ਕਮਿਸ਼ਨ ਦੀ ਹਿਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਐਤਵਾਰ ਸਵੇਰੇ ਐੱਸਪੀਐੱਨ ਕਾਲਜ ਮੁਕੇਰੀਆਂ ਵਿਖੇ ਪੁੱਜੀਆਂ ਪੋਲਿੰਗ ਪਾਰਟੀਆਂ ਆਖ਼ਰੀ ਰਿਹਰਸਲ ਉਪਰੰਤ ਚੋਣ ਸਮੱਗਰੀ ਲੈ ਕੇ ਪੋਲਿੰਗ ਬੂਥਾਂ ਲਈ ਰਵਾਨਾ ਹੋਈਆਂ। ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫ਼ਸਰ-ਕਮ-ਐੱਸਡੀਐੱਮ ਮੁਕੇਰੀਆਂ ਅਸ਼ੋਕ ਕੁਮਾਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ 'ਚ ਕੁੱਲ 241 ਪੋਲਿੰਗ ਬੂਥ ਹਨ ਜਿਨ੍ਹਾਂ 'ਚੋਂ 42 ਬੂਥ ਸੰਵੇਦਨਸ਼ੀਲ ਤੇ 7 ਬੂਥ ਅਤਿ ਸੰਵੇਦਨਸ਼ੀਲ ਹਨ। ਚੋਣ ਪ੍ਰਕਿਰਿਆ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਣ ਲਈ 964 ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤੇ ਲੋੜ ਪੈਣ 'ਤੇ 196 ਮੁਲਾਜ਼ਮਾਂ ਨੂੰ ਰਿਜਰਵ ਰੱਖਿਆ ਗਿਆ ਹੈ।

ਡੀਐੱਸਪੀ ਮੁਕੇਰੀਆਂ ਰਵਿੰਦਰ ਸਿੰਘ ਨੇ ਦੱਸਿਆ ਕਿ ਕੁੱਲ 682 ਸੁਰੱਖਿਆ ਕਰਮੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਜਿਨ੍ਹਾਂ 'ਚ 65 ਅਰਧ ਸੈਨਿਕ ਬਲ ਤੇ ਬਾਕੀ ਪੁਲਿਸ ਅਤੇ ਹੋਮਗਾਰਡ ਦੇ ਜਵਾਨ ਸ਼ਾਮਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਚੋਣ ਪ੍ਰਕਿਰਿਆ ਕਾਨੂੰਨ ਅਤੇ ਨਿਰਦੇਸ਼ਾਂ ਮੁਤਾਬਕ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹੀ ਜਾਵੇਗੀ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਮੁਕੇਰੀਆਂ ਅੰਦਰ ਕੁੱਲ 2,01,021 ਵੋਟਰ ਹਨ ਜਿਨ੍ਹਾਂ 'ਚ 105147 ਪੁਰਸ਼ ਵੋਟਰ, 95,865 ਮਹਿਲਾ ਵੋਟਰ ਤੇ 9 ਥਰਡ ਜੈਂਡਰ ਵੋਟਰ ਹਨ। ਇਸੇ ਗਿਣਤੀ 'ਚ 5178 ਸਰਵਿਸ ਵੋਟਰ ਵੀ ਸ਼ਾਮਲ ਹਨ। ਉਕਤ ਵੋਟਰ ਵਿਧਾਨ ਸਭਾ ਸੀਟ ਲਈ ਛੇ ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਕਰਨਗੇ।

ਉਮੀਦਵਾਰਾਂ 'ਚ ਕਾਂਗਰਸ ਪਾਰਟੀ ਵੱਲੋਂ ਇੰਦੂ ਬਾਲਾ, ਅਕਾਲੀ-ਭਾਜਪਾ ਗਠਜੋੜ ਵੱਲੋਂ ਜੰਗੀ ਲਾਲ ਮਹਾਜਨ, ਆਮ ਆਦਮੀ ਪਾਰਟੀ ਵੱਲੋਂ ਪ੍ਰਰੋ. ਗੁਰਧਿਆਨ ਸਿੰਘ ਮੁਲਤਾਨੀ, ਸ਼੍ਰੋਮਣੀ ਅਕਾਲੀ ਦਲ (ਅ) ਜਥੇਦਾਰ ਗੁਰਵਤਨ ਸਿੰਘ, ਹਿੰਦੋਸਤਾਨ ਸ਼ਕਤੀ ਸੈਨਾ ਵੱਲੋਂ ਅਰਜੁਨ ਅਤੇ ਆਜ਼ਾਦ ਉਮੀਦਵਾਰ ਵੱਜੋਂ ਅਮਨਦੀਪ ਸਿੰਘ ਘੋਤਰਾ ਚੋਣ ਮੈਦਾਨ 'ਚ ਹਨ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਪੈਣਗੀਆਂ ਤੇ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਐੱਸਪੀਐੱਨ ਕਾਲਜ ਮੁਕੇਰੀਆਂ ਵਿਖੇ ਹੋਵੇਗੀ। ਇਹ ਵੀ ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ 2017 ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਰਜਨੀਸ਼ ਕੁਮਾਰ ਬੱਬੀ (ਸਵ.) ਗਠਜੋੜ ਦੇ ਉਮੀਦਵਾਰ ਅਰੁਣੇਸ਼ ਸ਼ਾਕਰ ਤੋਂ 23,126 ਵੋਟਾਂ ਨਾਲ ਜੇਤੂ ਰਹੇ ਸਨ ਤੇ ਉਦੋਂ 70 ਫ਼ੀਸਦੀ ਵੋਟਾਂ ਪੋਲ ਹੋਈਆਂ ਸਨ ।