ਚੰਡੀਗੜ੍ਹ, ਜੇਐੱਨਐੱਨ। ਹਰਿਆਣਾ ਵਿਧਾਨ ਸਭਾ 'ਚ ਹੁਣ ਤਕ ਮਿਲ ਰਹੇ ਰੁਝਾਨਾਂ ਤੋਂ ਦਿੱਗਜਾਂ ਦੇ ਸਿਆਸੀ ਗਣਿਤ ਵਿਗੜਦੇ ਦਿਖਾਈ ਦੇ ਰਹੇ ਹਨ। ਮੰਨਿਆ ਜਾ ਰਿਹਾ ਸੀ ਕਿ ਭਾਜਪਾ ਇਕ ਵਾਰ ਇੱਥੇ ਸਪੱਸ਼ਟ ਬਹੁਮਤ ਹਾਸਿਲ ਕਰੇਗੀ ਪਰ ਸ਼ੁਰੂਆਤੀ ਮਤਗਣਨਾ ਤੋਂ ਬਾਅਦ ਹੁਣ ਹਰਿਆਣਾ 'ਚ ਲਟਕਵੀਂ ਸਰਕਾਰ ਬਣਨ ਦੇ ਆਸਾਰ ਦਿਖਾਈ ਦੇ ਰਹੇ ਹਨ। ਭਾਜਪਾ ਤੇ ਕਾਂਗਰਸ ਦੋਵੇਂ ਹੀ ਮੁੱਖ ਪਾਰਟੀਆਂ ਨੂੰ ਬਹੁਮਤ ਮਿਲਦਾ ਦਿਖਾਈ ਨਹੀਂ ਦੇ ਰਿਹਾ। ਅਜਿਹੇ 'ਚ ਖੇਤਰੀ ਪਾਰਟੀਆਂ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੀਆਂ ਹਨ। ਜਨਨਾਇਕ ਜਨਤਾਪਾਰਟੀ (ਜੇਜੇਪੀ) ਨੂੰ 10 ਸੀਟਾਂ ਮਿਲਣ ਦੇ ਰੁਝਾਨ ਸਾਹਮਣੇ ਆ ਰਹੇ ਹਨ। ਅਜਿਹੇ 'ਚ ਜੇਜੇਪੀ ਦੀ ਅਗਵਾਈ ਕਰਨ ਵਾਲੇ ਦੁਸ਼ਯੰਤ ਚੌਟਾਲਾ ਸੂਬੇ 'ਚ ਕਿੰਗਮੇਕਰ ਬਣ ਸਕਦੇ ਹਨ। ਮੀਡੀਆ ਰਿਪੋਰਟ ਅਨੁਸਾਰ ਭਾਜਪਾ ਤੇ ਕਾਂਗਰਸ ਦੋਵੇਂ ਹੀ ਪਾਰਟੀਆਂ ਨੇ ਦੁਸ਼ਿਯੰਤ ਚੌਟਾਲਾ ਦੇ ਨਤੀਜੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਸੰਪਰਕ ਕਰ ਲਿਆ ਸੀ।

ਓਪੀ ਚੌਟਾਲਾ ਦੇ ਪੋਤੇ ਹਨ ਦੁਸ਼ਿਯੰਤ ਚੌਟਾਲਾ

ਦੁਸ਼ਯੰਤ ਦੌਟਾਲਾ ਹਰਿਆਣਾ ਦੇ ਵੱਡੇ ਸਿਆਸੀ ਘਰਾਣੇ ਨਾਲ ਤਾਅਲੁਕ ਰੱਖਦੇ ਹਨ। ਦੁਸ਼ਯੰਤ ਚੌਟਾਲਾ ਓਮ ਪ੍ਰਕਾਸ਼ ਚੌਟਾਲਾ ਦੇ ਪੋਤੇ ਹਨ। ਉਨ੍ਹਾਂ ਜਨਨਾਇਕ ਜਨਤਾ ਪਾਰਟੀ ਨੂੰ ਬਣਾਇਆ ਹੈ। ਇਸ ਪਾਰਟੀ ਦਾ ਗਠਨ ਨੈਸ਼ਨਲ ਲੋਕ ਦਲ 'ਚ ਖਿੱਚੋਂਤਾਣ ਮਗਰੋਂ ਦੁਫਾੜ ਹੋਣ ਦੇ ਸਿੱਟੇ ਵਜੋਂ ਹੋਇਆ। ਜੇਜੇਪੀ ਨੇ ਇਸ ਵਾਰ ਸਾਬਕਾ ਮੰਤਰੀ, ਸਾਬਕਾ ਸੰਸਦ ਮੈਂਬਰ ਦੇ ਨਾਲ ਹੀ ਸਾਬਕਾ ਵਿਧਾਇਕ ਨੂੰ ਵੀ ਮੈਦਾਨ 'ਚ ਉਤਾਰਿਆ ਸੀ।

ਸ਼ੁਰੂਆਤ 'ਚ ਮੰਨਿਆ ਜਾ ਰਿਹਾ ਸੀ ਕਿ ਦੁਸ਼ਯੰਤ ਚੌਟਾਲਾ ਦੀ ਪਾਰਟੀ ਜੇਜੇਪੀ ਹਰਿਆਣਾ 'ਚ ਭਾਜਪਾ ਤੇ ਕਾਂਗਰਸ ਦੋਵਾਂ ਮੁੱਖ ਪਾਰਟੀਆਂ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ। ਅਜਿਹਾ ਹੁਣ ਰੁਝਾਨਾਂ 'ਚ ਦਿਖਾਈ ਦੇ ਰਿਹਾ ਹੈ।

Posted By: Akash Deep