ਚੰਡੀਗੜ੍ਹ: ਪੰਜਾਬ ਰਾਜ ਦੇ 4 ਵਿਧਾਨ ਸਭਾ ਹਲਕਿਆਂ ਲਈ ਸੋਮਵਾਰ ਨੂੰ ਵੋਟਾਂ ਪੈਣ ਦਾ ਕੰਮ ਅਮਨ-ਆਮਾਨ ਨਾਲ ਨੇਪਰੇ ਚੜ੍ਹਿਆ। ਸਿਰਫ ਇਕ ਘਟਨਾ ਨੂੰ ਛੱਡ ਕੇ ਵੋਟਾਂ ਪੈਣ ਦਾ ਅਮਲ ਸ਼ਾਂਤੀਪੂਰਵਕ ਰਿਹਾ ਅਤੇ ਲੋਕਾਂ ਨੇ ਬਿਨਾਂ ਕਿਸੇ ਡਰ-ਭੈਅ ਤੋਂ ਹੁੰਮਾ ਹੁਮਾ ਕੇ ਆਪਣੇ ਜ਼ਮੂਹਰੀ ਹੱਕ ਦਾ ਇਸੇਤਮਾਲ ਕੀਤਾ।

ਇਹ ਜਾਣਕਾਰੀ ਮੁੱਖ ਚੋਣ ਅਫਸਰ ਡਾ. ਐੱਸ ਕਰੁਣਾ ਰਾਜੂ ਨੇ ਦਿੱਤੀ। ਖ਼ਬਰ ਲਿਖੇ ਜਾਣ ਤਕ ਚਾਰ ਵਿਧਾਨ ਹਲਕਿਆਂ ਵਿੱਚ 65.57% ਫੀਸਦੀ ਵੋਟਿੰਗ ਦਰਜ ਕੀਤੀ ਗਈ। ਵਿਧਾਨ ਸਭਾ ਹਲਕਾ ਨੰਬਰ 29 ਫਗਵਾੜਾ ਵਿੱਚ 55.97 ਫੀਸਦੀ, ਵਿਧਾਨ ਸਭਾ ਹਲਕਾ ਨੰਬਰ 39 ਮੁਕੇਰੀਆਂ ਵਿੱਚ 58.62%, ਵਿਧਾਨ ਸਭਾ ਹਲਕਾ ਨੰਬਰ 68 ਦਾਖਾ ਵਿੱਚ 71.64 ਅਤੇ ਵਿਧਾਨ ਸਭਾ ਹਲਕਾ ਨੰਬਰ 79 ਜਲਾਲਾਬਾਦ ਵਿੱਚ 75.46% ਵੋਟਿੰਗ ਹੋਈ।

ਮੁੱਖ ਚੋਣ ਅਫਸਰ ਨੇ ਸੂਬੇ ਦੇ ਲੋਕਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾਈਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੋਟਰਾਂ ਨੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾ ਕੇ ਇਕ ਮਿਸਾਲ ਕਾਇਮ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਸਵੇਰੇ ਵੋਟਾਂ ਪਾਉਣ ਤੋਂ ਪਹਿਲਾਂ ਕਰਵਾਈ ਮੌਕ ਪੋਲ ਦੌਰਾਨ 11 ਬੈਲਟ ਯੂਨੀਟ, 11 ਕੰਟਰੋਲ ਯੂਨਿਟ ਅਤੇ 41 ਵੀਵੀਪੀਏਟੀ ਮਸ਼ੀਨਾਂ ਬਦਲੀਆਂ ਗਈਆਂ ਜਦੋਂ ਕਿ ਵੋਟਾਂ ਪੈਣ ਦੀ ਪ੍ਰਕਿਰਿਆ ਦੌਰਾਨ 1 ਕੰਟਰੋਲ ਯੂਨਿਟ, 2 ਬੈਲਟ ਯੂਨਿਟ ਅਤੇ 34 ਵੀਵੀਪੀਏਟੀ ਮਸ਼ੀਨਾਂ ਨੂੰ ਬਦਲਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਪੂਰਾ ਦਿਨ ਕਮਿਸ਼ਨ ਦੇ ਧਿਆਨ ਵਿੱਚ ਇਕ ਵੀ ਅਜਿਹੀ ਘਟਨਾ ਜਾਂ ਸ਼ਿਕਾਇਤ ਸਾਹਮਣੇ ਨਹੀਂ ਆਈ ਕਿ ਵੋਟਾਂ ਪੈਣ ਦੇ ਕੰਮ ਵਿੱਚ ਵਿਘਨ ਪਿਆ ਹੋਵੇ ਜਾਂ ਫੇਰ ਵੋਟਰਾਂ ਨੂੰ ਵੋਟ ਪਾਉਣ ਲਈ ਕਿਸੇ ਨੇ ਧੱਕੇਸ਼ਾਹੀ ਕੀਤੀ ਹੋਵੇ ਜਿਹੜੀ ਕਿ ਪੰਜਾਬ ਦੇ ਲੋਕਾਂ ਲਈ ਤਸੱਲੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਦਾਖਾ ਵਿਧਾਨ ਸਭਾ ਦੇ ਜਾਂਗਪੁਰ ਪਿੰਡ ਵਿੱਚ ਪੋਲਿੰਗ ਪਾਰਟੀ ਦੇ ਜਾਣ ਤੋਂ ਬਾਅਦ ਗੋਲੀ ਚੱਲਣ ਦੀ ਸੂਚਨਾ ਪ੍ਰਾਪਤ ਹੋਈ ਹੈ।

Posted By: Jagjit Singh