ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਦੇ ਰੁਝਾਨ ਲਗਾਤਾਰ ਬਦਲ ਰਹੇ ਹਨ। ਹਾਲਾਂਕਿ, ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਪਰ ਹੁਣ ਤਕ ਸਾਹਮਣੇ ਆਏ ਰੁਝਾਨਾਂ 'ਤੇ ਗ਼ੌਰ ਕਰੀਏ ਤਾਂ 10 ਸੀਟਾਂ ਅਜਿਹੀਆਂ ਹਨ ਜਿਨ੍ਹਾਂ 'ਤੇ ਭਾਜਪਾ ਤੇ ਆਪ ਵਿਚਕਾਰ ਕਾਂਟੇ ਦਾ ਮੁਕਾਬਲਾ ਹੈ। ਇਨ੍ਹਾਂ ਵਿਚੋਂ ਚਾਰ ਸੀਟਾਂ 'ਤੇ ਜਿੱਥੇ ਭਾਜਪਾ ਨੇ ਬੜ੍ਹਤ ਬਣਾਈ ਹੈ ਤਾਂ ਛੇ ਸੀਟਾਂ 'ਤੇ ਆਪ ਉਮੀਦਵਾਰ ਅੱਗੇ ਚੱਲ ਰਹੇ ਹਨ।

ਯਕੀਨੀ ਤੌਰ 'ਤੇ ਇਹ 10 ਸੀਟਾਂ ਦੋਵਾਂ ਪਾਰਟੀਆਂ ਦੀ ਜਿੱਤ-ਹਾਰ ਦਾ ਅੰਤਰ ਘੱਟ-ਜ਼ਿਆਦਾ ਕਰਨਗੀਆਂ। ਦਿੱਲੀ ਵਿਧਾਨ ਸਭਾ ਦੀਆਂ 10 ਸੀਟਾਂ ਲਗਾਤਾਰ ਚਰਚਾ 'ਚ ਹਨ। ਵਿਸ਼ਵਾਸ ਨਗਰ, ਸੀਲਮਪੁਰ, ਸ਼ਕੂਰਬਸਤੀ, ਹਰਿਨਗਰ, ਤੁਗ਼ਲਕਾਬਾਦ, ਲਕਸ਼ਮੀਨਗਰ, ਨਜਫਗੜ੍ਹ, ਮਾਡਲ ਟਾਊਨ, ਛਤਰਪੁਰ ਤੇ ਪਟਪੜਗੰਜ ਵਿਧਾਨ ਸਭਾ ਹਲਕੇ 'ਚ ਚੋਣ ਨਤੀਜੇ ਦੇ ਰੁਝਾਨ ਲਗਾਤਾਰ ਬਦਲ ਰਹੇ ਹਨ। ਹਾਲਾਂਕਿ, ਇਨ੍ਹਾਂ ਵਿਧਾਨ ਸਭਾ ਹਲਕਿਆਂ 'ਚ ਉਮੀਦਵਾਰਾਂ ਵਿਚਕਾਰ ਜਿੱਤ-ਹਾਰ ਦਾ ਅੰਤਰ ਲਗਾਤਾਰ ਬਦਲ ਰਿਹਾ ਹੈ ਤੇ ਨਜ਼ਦੀਕੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।

ਪਟਪੜਗੰਜ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਲੈ ਕੇ ਮਾਡਲ ਟਾਊਨ ਦੇ ਉਮੀਦਵਾਰ ਕਪਿਲ ਮਿਸ਼ਰਾ ਦੀ ਸੀਟ 'ਤੇ ਨੇੜਲਾ ਮੁਕਾਬਲਾ ਚੱਲ ਰਿਹਾ ਹੈ। ਪਟਪੜਗੰਜ 'ਤੇ ਜਿੱਥੇ ਸਿਸੋਦੀਆ 100 ਤੋਂ ਜ਼ਿਆਦਾ ਵੋਟਾਂ ਨਾਲ ਅੱਗੇ ਚੱਲ ਰਹੇ ਹਨ ਉੱਥੇ ਹੀ ਮਾਡਲ ਟਾਊਨ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਆਪ ਉਮੀਦਵਾਰ ਅਖਿਲੇਸ਼ ਤ੍ਰਿਪਾਠੀ ਤੋਂ ਅੱਗੇ ਚੱਲ ਰਹੇ ਹਨ। ਵਿਸ਼ਵਾਸਨਗਰ ਵਿਧਾਨ ਸਭਾ ਹਲਕੇ 'ਚ ਭਾਜਪਾ 35, ਤੁਗ਼ਲਕਾਬਾਦ 'ਚ 76 ਵੋਟਾਂ ਨਾਲ, ਲਕਸ਼ਮੀਨਗਰ ਤੋਂ 78 ਵੋਟਾਂ ਨਾਲ ਭਾਜਪਾ ਅੱਗੇ ਚੱਲ ਰਹੇ ਹਨ। ਹਾਲਾਂਕਿ ਵੋਟਾਂ ਦਾ ਅੰਤਰ ਲਗਾਤਾਰ ਬਦਲ ਰਿਹਾ ਹੈ।

ਦਿੱਲੀ ਚੋਣਾਂ ਦੇ ਨਤੀਜਿਆਂ 'ਤੇ ਦੇਸ਼ ਭਰ ਦੀਆਂ ਨਜ਼ਰਾਂ ਟਿਕੀਆਂ ਹਨ। ਆਪ ਤੇ ਭਾਜਪਾ ਆਪੋ-ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ। ਹਾਲਾਂਕਿ, ਐਗਜ਼ਿਟ ਪੋਲ ਮੁਤਾਬਿਕ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਦਿਸ ਰਹੀ ਹੈ। ਰੁਝਾਨਾਂ 'ਚ ਆਪ ਬਹੁਮਤ ਦੇ ਅੰਕੜਿਆਂ ਤੋਂ ਕਿਤੇ ਅੱਗੇ ਨਕਲ ਗਈ ਹੈ। ਆਮ ਆਦਮੀ ਪਾਰਟੀ ਦੇ ਸੌਰਭ ਭਾਰਦਵਾਜ ਦਾ ਕਹਿਣਾ ਹੈ ਕਿ ਦਿੱਲੀ ਦੇ ਲੋਕਾਂ ਨੇ ਸਾਡੇ ਮਾਡਲ ਨੂੰ ਸਵੀਕਾਰ ਕੀਤਾ ਹੈ। ਭਾਜਪਾ ਉਮੀਦਵਾਰ ਦੇ ਮੁਕਾਬਲੇ ਮੈਨੂੰ ਦੁੱਗਣੀਆਂ ਵੋਟਾਂ ਮਿਲ ਰਹੀਆਂ ਹਨ। ਸਾਲ 2015 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ 70 'ਚੋਂ 67 ਸੀਟਾਂ ਜਿੱਤੀਆਂ ਸਨ। ਉੱਥੇ ਹੀ ਭਾਜਪਾ ਨੂੰ ਮਹਿਜ਼ ਤਿੰਨ ਸੀਟਾਂ ਨਾਲ ਸੰਤੋਖ ਕਰਨਾ ਪਿਆ ਸੀ। ਓਧਰ, ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਸੀ।

Posted By: Seema Anand