ਸਟੇਟ ਬਿਊਰੋ, ਨਵੀਂ ਦਿੱਲੀ : ਦਿੱਲੀ 'ਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਜਨਤਾ ਦੇ ਫ਼ੈਸਲੇ ਦੀ ਘੜੀ ਆ ਗਈ ਹੈ। ਅੱਠ ਫਰਵਰੀ ਨੂੰ ਹੋਈ ਵੋਟਿੰਗ ਦੇ ਨਤੀਜੇ ਮੰਗਲਵਾਰ ਨੂੰ ਆ ਜਾਣਗੇ। ਸਵੇਰੇ ਅੱਠ ਵਜੇ ਤੋਂ 21 ਗਿਣਤੀ ਕੇਂਦਰਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ।

ਦੁਪਹਿਰ ਤਕ ਸਾਰੀਆਂ 70 ਸੀਟਾਂ 'ਤੇ ਸਥਿਤੀ ਕਾਫ਼ੀ ਹੱਦ ਤਕ ਸਪੱਸ਼ਟ ਹੋ ਜਾਵੇਗੀ। ਹਾਲਾਂਕਿ, ਨਤੀਜੇ ਸ਼ਾਮ ਤਕ ਐਲਾਨੇ ਜਾਣ ਦੀ ਉਮੀਦ ਹੈ।

ਚੋਣ ਮੈਦਾਨ 'ਚ ਉਤਰੀਆਂ ਪ੍ਰਮੁੱਖ ਪਾਰਟੀਆਂ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਆਪਣੀ-ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ। ਹਾਲਾਂਕਿ ਸਿੱਧਾ ਮੁਕਾਬਲਾ ਆਪ ਤੇ ਭਾਜਪਾ ਵਿਚ ਮੰਨਿਆ ਜਾ ਰਿਹਾ ਹੈ। ਕੋਈ ਇਹ ਦੱਸਣ ਦੀ ਸਥਿਤੀ 'ਚ ਨਹੀਂ ਹੈ ਕਿ ਆਪ ਜਿੱਤ ਦੀ ਹੈਟ੍ਰਿਕ ਪੂਰਾ ਕਰੇਗੀ ਜਾਂ ਫਿਰ ਭਾਜਪਾ ਦਾ 22 ਸਾਲ ਦਾ ਬਨਵਾਸ ਖ਼ਤਮ ਹੋਵੇਗਾ।

ਖ਼ਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਦੀ ਸਿਆਸਤ ਵਿਚ ਕਦਮ ਰੱਖਣ ਦੇ ਬਾਅਦ ਦੋ ਵਿਧਾਨ ਸਭਾ ਚੋਣਾਂ 'ਚ ਭਾਰੀ ਮਤਦਾਨ ਹੋਇਆ ਸੀ। ਸਾਲ 2013 'ਚ ਵਿਧਾਨ ਸਭਾ ਚੋਣਾਂ 'ਚ 65.63 ਫ਼ੀਸਦੀ ਵੋਟਾਂ ਪਈਆਂ ਤਾਂ ਪਿਛਲੀਆਂ ਵਿਧਾਨ ਸਭਾ ਚੋਣਾਂ (ਸਾਲ 2015) 'ਚ 67.12 ਫ਼ੀਸਦੀ ਵੋਟਿੰਗ ਹੋਈ ਸੀ ਤੇ ਆਪ ਨੇ ਪ੍ਰਚੰਡ ਬਹੁਮਤ ਨਾਲ ਸਰਕਾਰ ਬਣਾਈ।

ਪਿਛਲੇ ਸਾਲ ਲੋਕ ਸਭਾ ਚੋਣਾਂ 'ਚ ਇਥੇ 60.5 ਫ਼ੀਸਦੀ ਵੋਟਾਂ ਪਈਆਂ ਜਿਸ ਵਿਚ ਆਪ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰੀ ਵਿਧਾਨ ਸਭਾ ਚੋਣਾਂ 'ਚ 62.59 ਫ਼ੀਸਦੀ ਵੋਟਿੰਗ ਹੋਈ ਹੈ ਜੋ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਘੱਟ ਹੈ। ਇਸ ਕਾਰਨ ਸਾਰੀਆਂ ਪਾਰਟੀਆਂ ਦੀਆਂ ਧੜਕਣਾਂ ਵਧੀਆਂ ਹੋਈਆਂ ਹਨ।


ਐਗਜ਼ਿਟ ਪੋਲ 'ਚ ਆਪ ਨੂੰ ਇਕਪਾਸੜ ਜਿੱਤ

ਵੋਟਾਂ ਪੈਣ ਪਿੱਛੋਂ ਹੋਏ ਸਾਰੇ ਐਗਜ਼ਿਟ ਪੋਲ ਆਮ ਆਦਮੀ ਪਾਰਟੀ ਦੀ ਇਕਪਾਸੜ ਜਿੱਤ ਦੱਸ ਰਹੇ ਹਨ। ਉੱਥੇ, ਭਾਜਪਾ ਨੇ 48 ਸੀਟਾਂ 'ਤੇ ਜਿੱਤ ਦਾ ਦਾਅਵਾ ਕੀਤਾ ਹੈ ਜਦਕਿ ਕਾਂਗਰਸ ਵੀ ਸੱਤਾ 'ਚ ਵਾਪਸੀ ਦਾ ਭਰੋਸਾ ਪ੍ਰਗਟਾ ਰਹੀ ਹੈ।


ਕਾਂਗਰਸ ਦੇ ਪ੍ਰਦਰਸ਼ਨ ਦੇ ਫ਼ੈਸਲੇ ਦਾ ਹੋਵੇਗਾ ਅਸਰ

ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਕਾਂਗਰਸ ਦੇ ਪ੍ਰਦਰਸ਼ਨ 'ਤੇ ਚੋਣ ਦਾ ਨਤੀਜਾ ਬਹੁਤ ਹੱਦ ਤਕ ਨਿਰਭਰ ਕਰੇਗਾ। ਜੇਕਰ ਲੋਕ ਸਭਾ ਚੋਣਾਂ ਵਾਂਗ ਕਾਂਗਰਸ ਨੇ ਆਪਣਾ ਬਿਹਤਰ ਕੀਤਾ ਤਾਂ ਇਸ ਦਾ ਫ਼ਾਇਦਾ ਭਾਜਪਾ ਨੂੰ ਮਿਲ ਸਕਦਾ ਹੈ। ਜੇਕਰ ਕਾਂਗਰਸ ਕਮਜ਼ੋਰ ਰਹੀ ਤਾਂ ਆਪ ਨੂੰ ਫ਼ਾਇਦਾ ਮਿਲਣਾ ਤੈਅ ਹੈ।


ਚਰਚਾਵਾਂ ਦਾ ਬਾਜ਼ਾਰ ਗਰਮ

ਵੋਟਾਂ ਦੀ ਗਿਣਤੀ ਦਾ ਸਮਾਂ ਜਿਵੇਂ-ਜਿਵੇਂ ਨਜ਼ਦੀਕ ਆ ਰਿਹਾ ਹੈ ਚਰਚਾਵਾਂ ਦਾ ਬਾਜ਼ਾਰ ਗਰਮ ਹੁੰਦਾ ਜਾ ਰਿਹਾ ਹੈ। ਭਾਜਪਾ ਨੂੰ ਅਨੁਮਾਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਵੱਲੋਂ ਲਏ ਗਏ ਕਈ ਅਹਿਮ ਫ਼ੈਸਲੇ, ਦਿੱਲੀ ਦੀਆਂ ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਚੁੱਕੇ ਗਏ ਕਦਮ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜ਼ੋਰਦਾਰ ਚੋਣ ਪ੍ਰਚਾਰ ਦੇ ਦਮ 'ਤੇ ਉਹ ਸੱਤਾ ਵਿਚ ਆ ਸਕਦੀ ਹੈ। ਉੱਥੇ ਆਪ ਪਿਛਲੀ ਵਾਰੀ ਵਾਂਗ ਹੀ ਇਤਿਹਾਸਕ ਜਿੱਤ ਦਾ ਦਾਅਵਾ ਕਰ ਰਹੀ ਹੈ।

Posted By: Jagjit Singh