ਜੇਐੱਨਐੱਨ, ਨਵੀਂ ਦਿੱਲੀ : ਚਾਂਦਨੀ ਚੌਕ ਸੀਟ 'ਤੇ ਕਾਂਗਰਸੀ ਆਗੂ ਅਲਕਾ ਲਾਂਬਾ ਪਿੱਛੇ ਚੱਲ ਰਹੀ ਹੈ ਜਦਕਿ ਆਪ ਉਮੀਦਵਾਰ ਪ੍ਰਹਿਲਾਦ ਸਿੰਘ ਸਾਹਨੀ 18,633 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਭਾਜਪਾ ਤੋਂ ਸੁਮਨ ਕੁਮਾਰ ਗੁਪਤਾ, ਆਪ ਤੋਂ ਪ੍ਰਹਿਲਾਦ ਸਿੰਘ ਸਾਹਨੀ ਤੇ ਕਾਂਗਰਸ ਤੋਂ ਅਲਕਾ ਲਾਂਬਾ ਚੋਣ ਮੈਦਾਨ 'ਚ ਕਿਸਮਤ ਅਜ਼ਮਾ ਰਹੇ ਹਨ। ਦਿੱਲੀ ਦੀਆਂ ਪੂਰੀਆਂ 70 ਸੀਟਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਆਪ 55 ਤੋਂ ਜ਼ਿਆਦਾ ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਚੋਣ ਕਮਿਸ਼ਨ ਦੇ ਅੰਕੜਿਆਂ 'ਚ ਵੀ ਆਪ ਦਿੱਲੀ ਦੀਆਂ ਜ਼ਿਆਦਾਤਰ ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਆਪ ਨੂੰ 50 ਫ਼ੀਸਦੀ ਤੋਂ ਜ਼ਿਆਦਾ ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ ਜਦਕਿ ਭਾਜਪਾ 40 ਫ਼ੀਸਦੀ ਵੋਟਾਂ ਹਾਸਿਲ ਕਰ ਰਹੀ ਹੈ। ਚੋਣ ਕਮਿਸ਼ਨ ਦੇ ਅੰਕੜਿਆਂ 'ਚ ਵੀ ਆਪ ਨੂੰ ਸਪੱਸ਼ਟ ਬਹੁਮਤ ਮਿਲਦਾ ਦਿਸਿਆ ਹੈ ਪਰ ਭਾਜਪਾ ਦੀਆਂ ਸੀਟਾਂ ਵਧੀਆਂ ਹਨ।

ਦਿੱਲੀ ਦੇ ਸਭ ਤੋਂ ਪੁਰਾਣਾ ਇਲਾਕਾ ਚਾਂਦਨੀ ਚੌਕ ਦਿੱਲੀ ਦੀ ਰਾਜਨੀਤੀ ਦਾ ਪ੍ਰਮੁੱਖ ਕੇਂਦਰ ਮੰਨਿਆ ਜਾਂਦਾ ਹੈ। ਮੱਧ ਦਿੱਲੀ ਜ਼ਿਲ੍ਹੇ ਦਾ ਹਿੱਸਾ ਹੋਣ ਦੇ ਨਾਲ ਹੀ ਚਾਂਦਨੀ ਚੌਕ ਲੋਕ ਸਭਾ ਚੋਣ ਹਲਕਾ ਤੇ ਵਿਧਾਨ ਸਭਾ ਸੀਟ ਵੀ ਹੈ। 1951 'ਚ ਇਸ ਸੀਟ 'ਤੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਕਰਵਾਈਆਂ ਗਈਆਂ। ਇਨ੍ਹਾਂ ਚੋਣਾਂ 'ਚ ਇੱਥੋਂ ਕਾਂਗਰਸ ਦੇ ਯੁੱਧਵੀਰ ਸਿੰਘ ਨੇ ਜਿੱਤ ਹਾਸਿਲ ਕੀਤੀ। ਫਿਰ 1972 'ਚ ਕਾਂਗਰਸ ਦੇ ਰਮਾਸ਼ੰਕਰ, 1977 'ਚ ਜੇਐੱਨਪੀ ਦੇ ਰਾਜਕੁਮਾਰ ਜੈਨ, 1983 ਤੇ 1993 'ਚ ਭਾਜਪਾ ਆਗੂ ਵਾਸੂਦੇਵ ਕਪਤਾਨ ਨੇ ਜਿੱਤ ਹਾਸਿਲ ਕੀਤੀ। 1998, 2003, 2008 ਤੇ 2013 'ਚ ਲਗਾਤਾਰ ਚਾਰ ਵਾਰ ਕਾਂਗਰਸ ਦੇ ਪ੍ਰਹਿਲਾਦ ਸਿੰਘ ਸਾਹਨੀ ਵਿਧਾਇਕ ਚੁਣੇ ਗਏ।

ਇੱਥੋਂ 2015 ਦੀਆਂ ਚੋਣਾਂ ਜਿੱਤਣ ਵਾਲੀ ਅਲਕਾ ਲਾਂਬਾ ਵਿਧਾਇਕ ਹੈ। ਉਨ੍ਹਾਂ ਆਪ ਦੀ ਟਿਕਟ 'ਤੇ ਚੋਣ ਜਿੱਤੀ ਸੀ। ਅਲਕਾ ਨੇ 36,756 ਵੋਟਾਂ ਹਾਸਿਲ ਕੀਤੀਆਂ ਸਨ। ਉੱਥੇ ਹੀ ਭਾਜਪਾ ਆਗੂ ਸੁਮਨ ਕੁਮਾਰ ਗੁਪਤਾ ਨੇ 18,469 ਵੋਟਾਂ ਹਾਸਿਲ ਕੀਤੀਆਂ। ਸੁਮਨ ਕੁਮਾਰ ਗੁਪਤਾ ਨੂੰ 18,287 ਵੋਟਾਂ ਨਾਲ ਹਾਰ ਮਿਲੀ ਸੀ।

ਮੁਗ਼ਲ ਸ਼ਾਸਕ ਸ਼ਾਹਜਹਾਂ ਨੇ ਇਸ ਇਲਾਕੇ 'ਚ ਛੋਟੀ ਝੀਲ ਬਣਵਾਈ ਤੇ ਉਸ ਵਿਚ ਫੁਹਾਰੇ ਲਗਵਾਏ। ਚਾਨਣੀ ਰਾਤ 'ਚ ਫੁਹਾਰੇ ਖ਼ੂਬਸੂਰਤ ਨਜ਼ਾਰੇ 'ਚ ਬਦਲ ਜਾਂਦੇ ਹਨ। ਇਸ ਦੀ ਸ਼ਾਨਦਾਰ ਚਮਕ ਕਾਰਨ ਇਸ ਇਲਾਕੇ ਦਾ ਨਾਂ ਚਾਂਦਨੀ ਚੌਕ ਪੈ ਗਿਆ।

Posted By: Seema Anand