ਕੈਲਾਸ਼ ਨਾਥ, ਚੰਡੀਗੜ੍ਹ : ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਆਊਟ ਹੋਏ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ ਬਣੀ ਸਟਾਰ ਕੰਪੇਨਰ ਦੀ ਸੂਚੀ 'ਚ ਥਾਂ ਮਿਲ ਗਈ ਹੈ। ਪਰ ਸਿੱਧੂ ਇਸ ਸੂਚੀ 'ਚ 29ਵੇਂ ਸਥਾਨ 'ਤੇ ਹਨ। ਭਾਜਪਾ ਨੇ ਰਾਸ਼ਟਰੀ ਪੱਧਰ ਦੇ ਨੇਤਾਵਾਂ 'ਤੇ ਵੀ ਭਰੋਸਾ ਪ੍ਰਗਟਾਇਆ ਹੈ ਤਾਂ ਕਾਂਗਰਸ ਨੇ ਸਥਾਨਕ ਨੇਤਾਵਾਂ ਦੇ ਭਰੋਸੇ ਹੀ ਪ੍ਰਚਾਰ ਦੀ ਕਮਾਨ ਸੰਭਾਲਣ ਦੀ ਜ਼ਿੰਮੇਵਾਰੀ ਉਠਾਈ ਹੈ। ਜਦਕਿ ਅਕਾਲੀ ਦਲ ਦੀ ਸੂਚੀ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਾਲੇ ਵੀ ਪਹਿਲੇ ਸਥਾਨ 'ਤੇ ਹੀ ਹਨ।

ਕਾਂਗਰਸ ਵੱਲੋਂ ਚੋਣ ਕਮਿਸ਼ਨ ਨੂੰ ਸੌਂਪੀ ਗਈ ਸੂਚੀ ਤੋਂ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਗਾਇਬ ਹੋ ਗਏ ਹਨ। ਅਹਿਮ ਗੱਲ ਇਹ ਹੈ ਕਿ ਆਸ਼ੂ ਦਾਖਾ 'ਚ ਕੈਪਟਨ ਸੰਦੀਪ ਸੰਧੂ ਦੀ ਕੰਪੇਨ ਦੀ ਵਾਗਡੋਰ ਸੰਭਾਲ ਰਹੇ ਹਨ। ਕਿਉਂਕਿ ਆਸ਼ੂ ਲੁਧਿਆਣਾ ਤੋਂ ਹਨ ਤੇ ਦਾਖਾ ਲੁਧਿਆਣਾ ਜ਼ਿਲ੍ਹੇ 'ਚ ਹੀ ਆਉਂਦਾ ਹੈ। ਕਾਂਗਰਸ ਨੇ 14 ਮੰਤਰੀਆਂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਸ਼ਾਮਲ ਕੀਤਾ ਹੈ। ਦਿਲ ਦਾ ਆਪ੍ਰੇਸ਼ਨ ਕਰਾਉਣ ਕਾਰਨ ਬ੍ਰਹਮ ਮੋਹਿੰਦਰਾ ਚੋਣ ਪ੍ਰਚਾਰ 'ਚ ਹਿੱਸਾ ਨਹੀਂ ਲੈਣਗੇ। ਕਾਂਗਰਸ ਨੇ ਅੱਠਾਂ ਸੰਸਦ ਮੈਂਬਰਾਂ ਨੂੰ ਸੂਚੀ 'ਚ ਸਥਾਨ ਦਿੱਤਾ ਹੈ। ਉੱਥੇ, ਇਸ ਸੂਚੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੱਟੜ ਵਿਰੋਧੀ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵੀ ਸ਼ਾਮਲ ਹਨ। ਦੂਲੋ ਦਾ ਬੇਟਾ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜਿਆ ਸੀ। ਮੁੱਖ ਮੰਤਰੀ ਦੇ ਛੇ ਸਿਆਸੀ ਸਲਾਹਕਾਰ ਵੀ ਇਸ ਸੂਚੀ 'ਚ ਸ਼ਾਮਲ ਹਨ ਜਦਕਿ ਪਹਿਲੇ ਸਥਾਨ 'ਤੇ ਪ੍ਰਦੇਸ਼ ਇੰਚਾਰਜ ਆਸ਼ਾ ਕੁਮਾਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਥਾਂ ਦਿੱਤੀ ਗਈ ਹੈ। ਉਸ ਤੋਂ ਬਾਅਦ ਅੰਬਿਕਾ ਸੋਨੀ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਸਟਾਰ ਕੰਪੇਨਰ ਬਣਾਇਆ ਗਿਆ ਹੈ।

ਅਹਿਮ ਗੱਲ ਇਹ ਹੈ ਕਿ ਕਾਂਗਰਸ ਦੀ ਸੂਚੀ 'ਚ ਜਿੱਥੇ ਸੂਬੇ ਤੋਂ ਬਾਹਰ ਦਾ ਕੋਈ ਵੀ ਨੇਤਾ ਸ਼ਾਮਲ ਨਹੀਂ ਹੈ। ਉੱਥੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਭਾਜਪਾ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਹਨ। ਭਾਜਪਾ ਦੀ ਸੂਚੀ 'ਚ ਕੇਂਦਰੀ ਮੰਤਰੀ ਸਮਿ੍ਤੀ ਈਰਾਨੀ, ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਸ਼ਾਮਲ ਹਨ। ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਤੋਂ ਇਲਾਵਾ ਭਾਜਪਾ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਨੂੰ ਵੀ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ। ਉੱਥੇ, ਅਕਾਲੀ ਦਲ ਦੀ ਕਮਾਨ ਇਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਥ 'ਚ ਹੋਵੇਗੀ। ਜਦਕਿ ਉਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਮਾਨ ਸੰਭਾਲਣਗੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਜਥੇਦਾਰ ਤੋਤਾ ਸਿੰਘ ਤੇ ਬਲਵਿੰਦਰ ਸਿੰਘ ਭੂੰਦੜ ਦੇ ਬਾਅਦ ਥਾਂ ਦਿੱਤੀ ਗਈ ਹੈ।