ਸੋਮ ਪ੍ਰਕਾਸ਼,ਜਲਾਲਾਬਾਦ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜਲਾਲਾਬਾਦ ਹਲਕੇ ਦੇ ਦਰਜਨਾਂ ਪਿੰਡਾਂ ਵਿਚ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਵਲਾ ਦੇ ਹੱਕ ਵਿਚ ਪ੍ਰਚਾਰ ਕੀਤਾ। ਵੱਖ-ਵੱਖ ਪਿੰਡਾਂ 'ਚ ਚੋਣ ਪ੍ਰਚਾਰ ਕਰਦਿਆਂ ਧਰਮਸੋਤ ਨੇ ਕਿਹਾ ਕਿ ਜਲਾਲਾਬਾਦ ਦੇ ਲੋਕਾਂ ਨੂੰ ਗੁਮਰਾਹ ਕਰ ਕੇ ਦੋ ਵਾਰ ਸੁਖਬੀਰ ਬਾਦਲ ਇੱਥੋਂ ਵਿਧਾਇਕ ਬਣਿਆ ਹੈ ਪਰ ਵਿਧਾਇਕ ਬਣਨ ਤੋਂ ਬਾਅਦ ਲੋਕਾਂ ਦੀਆਂ ਸਮੱਸਿਆਵਾਂ ਤਾਂ ਕੀ ਸੁਣਨੀਆਂ ਸੀ ਸਗੋਂ ਹਲਕੇ ਵਿਚ ਵੜੇ ਤੱਕ ਨਹੀਂ, ਜਿਸ ਕਰਕੇ ਜਲਾਲਾਬਾਦ ਹਲਕਾ ਵਿਕਾਸ ਪੱਖੋਂ ਬੁਰੀ ਤਰ੍ਹਾਂ ਨਾਲ ਪਛੜ ਚੁੱਕਿਆ ਹੈ ਤੇ ਉਨ੍ਹਾਂ ਦੀ ਕੋਈ ਬਾਹ ਨਹੀਂ ਫੜ ਰਿਹਾ।

ਇਸ ਕਰਕੇ ਜਲਾਲਾਬਾਦ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਧਰਮਸੋਤ ਨੇ ਕਿਹਾ ਕਿ ਜਲਾਲਾਬਾਦ ਹਲਕੇ ਦੇ ਲੋਕਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ, ਕਾਂਗਰਸ ਪਾਰਟੀ ਵੱਲੋਂ ਹੁਣ ਬਹੁਤ ਹੀ ਇਮਾਨਦਾਰ ਤੇ ਸਾਊ ਉਮੀਦਵਾਰ ਆਵਲਾ ਹਲਕੇ ਦੇ ਲੋਕਾਂ ਨੂੰ ਦਿੱਤਾ ਹੈ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੋਣ ਕਰਕੇ ਆਵਲਾ ਹਲਕੇ ਦੀ ਨੁਹਾਰ ਬਦਲ ਦੇਵੇਗਾ ਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਏਗਾ।

ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਆਵਲਾ ਨੂੰ ਵੱਡੇ ਫ਼ਰਕ ਨਾਲ ਜਿਤਾ ਕੇ ਸੁਖਬੀਰ ਸਿੰਘ ਬਾਦਲ ਦਾ ਹੰਕਾਰ ਤੋੜ ਦੇਣਗੇ। ਇਸ ਮੌਕੇ ਭਾਈ ਰਾਹੁਲ ਸਿੰਘ, ਦੀਪਕ ਆਵਲਾ, ਅਜੈਪਾਲ, ਰਵਿੰਦਰ ਸਿੰਘ ਸਰਪੰਚ, ਗੁਰਮੀਤ ਸਿੰਘ, ਸੁਖਜੀਤ ਸੰਧੂ, ਡਾ.ਅਮਰਜੀਤ ਸਿੰਘ, ਬਲਵੀਰ ਰਾਮ, ਜਸਵਿੰਦਰ ਫ਼ੌਜੀ, ਆਸ਼ੂ ਆਲਿਆਨਾ, ਸ਼ਰਨਜੀਤ ਸਿੰਘ ਸਰਪੰਚ, ਕਰਨ ਗਿੱਲ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ।