ਜੇਐੱਨਐੱਨ, ਜਲੰਧਰ : ਪੰਜਾਬ ਵਿਧਾਨ ਸਭਾ ਵਲੋਂ ਚਾਰ ਸੀਟਾਂ 'ਤੇ ਹੋ ਰਹੀ ਜ਼ਿਮਨੀ ਚੋਣ ਲਈ ਭਾਜਪਾ ਨੇ ਆਪਣੇ ਹਿੱਸੇ ਦੀਆਂ ਦੋ ਸੀਟਾਂ 'ਤੇ ਉਮੀਦਵਾਰ ਐਲਾਨ ਦਿੱਤੇ ਹਨ। ਫਗਵਾੜਾ ਤੋਂ ਰਾਜੇਸ਼ ਬਾਘਾ ਤੇ ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ ਪਾਰਟੀ ਉਮੀਦਵਾਰ ਹੋਣਗੇ। ਦੋਵਾਂ ਸੀਟਾਂ 'ਤੇ ਪਾਰਟੀ ਨੇ ਕਾਂਗਰਸ ਦੀ ਹੀ ਤਰਜ਼ 'ਤੇ ਨਵੇਂ ਚਿਹਰਿਆਂ ਨੂੰ ਤਰਜੀਹ ਦਿੱਤੀ ਹੈ।

ਕਾਬਿਲੇਗ਼ੌਰ ਹੈ ਕਿ ਕਾਂਗਰਸ ਨੇ ਫਗਵਾੜਾ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਹੁਣ ਉਸੇ ਦੀ ਤਰਜ਼ 'ਤੇ ਭਾਜਪਾ ਨੇ ਵੀ ਸਾਂਪਲਾ ਤੇ ਸੋਮ ਪ੍ਰਕਾਸ਼ ਦੀ ਧੜੇਬੰਦੀ ਨੂੰ ਦੇਖਦੇ ਹੋਏ ਫਗਵਾੜਾ ਦੀ ਜ਼ਿਮਨੀ ਚੋਣ ਲਈ ਨਵੇਂ ਚਿਹਰੇ ਰਾਜੇਸ਼ ਬਾਘਾ ਨੂੰ ਦੰਗਲ 'ਚ ਉਤਾਰਿਆ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ, ਆਪ, ਬਸਪਾ ਤੇ ਲੋਕ ਇਨਸਾਫ਼ ਪਾਰਟੀ ਪਹਿਲਾਂ ਹੀ ਉਮੀਦਵਾਰ ਐਲਾਨ ਚੁੱਕੀਆਂ ਹਨ। ਉਮੀਦਵਾਰ ਐਲਾਨਣ ਕਾਰਨ ਭਾਜਪਾ ਪ੍ਰਚਾਰ 'ਚ ਪੱਛੜ ਗਈ ਸੀ ਪਰ ਹੁਣ ਉਮੀਦਵਾਰ ਦਾ ਐਲਾਨ ਹੋਣ ਦੇ ਨਾਲ ਹੀ ਸਿਆਸੀ ਮਾਹੌਲ ਹੋਰ ਭਖ ਗਿਆ ਹੈ। ਫਗਵਾੜਾ 'ਚ ਭਾਜਪਾ ਤੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਦੇ ਪੁੱਤਰ ਐਡਵੋਕੇਟ ਸਾਹਿਲ ਸਾਂਪਲਾ ਤੇ ਐੱਸਐੱਸ ਐੱਸਟੀ ਕਮੀਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਟਿਕਟ ਦੀ ਦੌੜ 'ਚ ਸਨ। ਇਨ੍ਹਾਂ ਵਿਚੋਂ ਬਾਘਾ ਨੇ ਸਫ਼ਲਤਾ ਹਾਸਿਲ ਕਰ ਲਈ ਹੈ।

Posted By: Seema Anand