ਜੇਐੱਨਐੱਨ, ਨਵੀਂ ਦਿੱਲੀ : ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਈ ਹੈ। ਬੈਡਮਿੰਟਨ ਜਗਤ 'ਚ ਭਾਰਤ ਦਾ ਨਾਂ ਰੋਸ਼ਨ ਕਰਨ ਵਾਲੀ ਸਾਇਨਾ ਨੇਹਵਾਲ ਹੁਣ ਆਪਣਾ ਸਿਆਸੀ ਕਰੀਅਰ ਸ਼ੁਰੂ ਕਰਨ ਜਾ ਰਹੀ ਹੈ ਹੈ। ਨੇਹਵਾਲ ਨੇ ਬੁੱਧਵਾਰ ਨੂੰ ਭਾਜਪਾ ਦਫ਼ਤਰ 'ਚ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਦੀ ਮੌਜੂਦਗੀ 'ਚ ਪਾਰਟੀ ਦੀ ਮੈਂਬਰਸ਼ਿਪ ਲਈ। ਉਨ੍ਹਾਂ ਦੀ ਭੈਣ ਚੰਦਰਾਂਸ਼ੂ ਵੀ ਭਾਜਪਾ 'ਚ ਸ਼ਾਮਲ ਹੋ ਗਈ ਹੈ। ਇਸ ਦੌਰਾਨ ਉਨ੍ਹਾਂ ਵੀ ਪਾਰਟੀ ਦੀ ਮੈਂਬਰਸ਼ਿਪ ਲਈ। ਦੱਸ ਦੇਈਏ ਕਿ 29 ਸਾਲ ਦੀ ਸਾਇਨਾ ਨੇਹਵਾਲ ਤੋਂ ਪਹਿਲਾਂ ਪਹਿਲਵਾਨ ਯੋਗਸ਼ਵਰ ਦੱਤ ਤੇ ਬਬੀਤਾ ਫੋਗਾਟ ਵੀ ਭਾਜਪਾ 'ਚ ਸ਼ਾਮਲ ਹੋਏ ਸਨ। ਉੱਥੇ ਹੀ ਭਾਰਤੀ ਕ੍ਰਿਕਟ ਖਿਡਾਰੀ ਗੌਤਮ ਗੰਭੀਰ ਵੀ ਭਾਜਪਾ 'ਚ ਸ਼ਾਮਲ ਹੋਏ ਸਨ, ਉਹ ਫ਼ਿਲਹਾਲ ਪੂਰਬੀ ਦਿੱਲੀ ਤੋਂ ਐੱਮਪੀ ਹਨ।

ਭਾਜਪਾ ਜੁਆਇਨ ਕਰਨ ਤੋਂ ਬਾਅਦ ਸਾਇਨਾ ਨੇਹਵਾਲ ਤੇ ਉਨ੍ਹਾਂ ਦੀ ਭੈਣ ਚੰਦਰਾਂਸ਼ੂ ਦੀ ਪਾਰਟੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ।

ਦੱਸ ਦੇਈਏ ਕਿ ਬੀਤੇ ਵਰ੍ਹੇ ਸਾਇਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਹਿਲਾ ਸ਼ਕਤੀਕਰਨ ਦੀ ਦਿਸ਼ਾ 'ਚ ਚਲਾਈ ਮੁਹਿੰਮ ਦੀ ਸ਼ਲਾਘਾ ਕੀਤਾ ਸੀ। ਦੀਵਾਲੀ ਮੌਕੇ 'ਭਾਰਤ ਕੀ ਲਕਸ਼ਮੀ' ਨਾਂ ਦੀ ਮੁਹਿੰਮ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸੀ ਜਿਸ ਦੀ ਨੇਹਵਾਲ ਨੇ ਸ਼ਲਾਘਾ ਕਰਦਿਆਂ ਕਿਹਾ ਸੀ, 'ਔਰਤਾਂ ਨੂੰ ਮਜ਼ਬੂਤ ਕਰਨ ਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਮੁਹਿੰਮ ਲਈ ਪੀਐੱਮ ਮੋਦੀ ਦਾ ਸ਼ੁਕਰੀਆ।'

ਸਾਇਨਾ ਨੇਹਵਾਲ ਦਾ ਜਨਮ ਹਰਿਾਣਾ ਦੇ ਹਿਸਾਰ 'ਚ 19 ਮਾਰਚ 1990 ਨੂੰ ਹੋਇਆ ਸੀ। ਨੇਹਵਾਲ 23 ਮਈ 2015 ਨੂੰ ਵਿਸ਼ਵ ਬੈਡਮਿੰਟਨ ਰੈਂਕਿੰਗ 'ਚ ਵਰਲਡ ਨੰਬਰ ਵਨ ਬਣੀ ਸੀ। ਇਸ ਮੁਕਾਮ 'ਤੇ ਪਹੁੰਚਣ ਵਾਲੀ ਨੇਹਵਾਲ ਪਹਿਲੀ ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਹੈ।

ਦਿੱਲੀ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਦਾਅ

ਦਿੱਲੀ ਵਿਧਾਨ ਸਭਾ ਚੋਣਾਂ 'ਚ ਕੁਝ ਦਿਨ ਬਾਕੀ ਰਹਿ ਗਏ ਹਨ। ਅਜਿਹੇ ਵਿਚ ਸਾਇਨਾ ਦੇ ਭਾਜਪਾ 'ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਯੁਵਾ ਵੋਟਰਾਂ ਨੂੰ ਆਕਰਸ਼ਿਤ ਹੋਣ ਦੀ ਉਮੀਦ ਹੈ। ਮੀਡੀਆ ਰਿਪੋਰਟਸ ਮੁਤਾਬਿਕ ਪਾਰਟੀ ਉਨ੍ਹਾਂ ਦਾ ਇਸਤੇਮਾਲ ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ 'ਚ ਵੀ ਕਰ ਸਕਦੀ ਹੈ। ਸੂਬੇ 'ਚ ਵੱਡੀ ਗਿਣਤੀ ਨੌਜਵਾਨ ਵੋਟਰ ਹਨ ਜਿਹੜੇ ਸਿਆਸੀ ਪਾਰਟੀਆਂ ਦੀ ਜਿੱਤ-ਹਾਰ ਤੈਅ ਕਰ ਸਕਦੇ ਹਨ।

Posted By: Seema Anand