ਜੇਐੱਨਐੱਨ, ਨਵੀਂ ਦਿੱਲੀ : ਵਿਸ਼ਵ ਪ੍ਰਸਿੱਧ ਚਾਂਦਨੀ ਚੌਕ ਦੇ ਮੈਦਾਨ 'ਤੇ ਪੂਰੇ ਦੇਸ਼ ਦੀ ਨਜ਼ਰ ਰਹਿੰਦੀ ਹੈ ਕਿਉਂਕਿ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੀ ਬੇਟੀ ਜਹਾਂਆਰਾ ਦੀ ਵਸਾਈ ਇਸ ਨਗਰੀ ਦਾ ਹਰ ਰੰਗ ਨਿਰਾਲਾ ਹੈ। ਦੇਸ਼ ਦਾ ਪ੍ਰਮੁੱਖ ਕਾਰੋਬਾਰੀ ਹੱਬ ਹੋਣ ਦੇ ਨਾਲ ਹੀ ਹਵੇਲੀ, ਮੰਦਰ, ਮਸਜਿਦ, ਗੁਰਦੁਆਰਿਆਂ ਤੇ ਚਰਚੀ ਦੀ ਮੌਜੂਦਗੀ ਕਾਰਨ ਇਹ ਫ਼ਿਰਕੂ ਸਦਭਾਵ ਦੀ ਮਿਸਾਲ ਹੈ। 2015 ਦੀਆਂ ਵਿਧਾਨ ਸਭਾ ਚੋਣਾਂ 'ਚ ਅਲਕਾ ਲਾਂਬਾ ਨੇ ਇਸ ਸੀਟ 'ਤੇ ਜਿੱਤ ਦਰਜ ਕਰ ਕੇ ਪਹਿਲੀ ਮਹਿਲਾ ਵਿਧਾਇਕ ਹੋਣ ਦਾ ਮਾਣ ਹਾਸਿਲ ਕੀਤਾ।

ਪ੍ਰਹਿਲਾਦ ਸਿੰਘ ਸਾਹਨੀ ਦੇ ਰੂਪ 'ਚ ਕਾਂਗਰਸ ਦਾ 17 ਸਾਲਾਂ ਦਾ ਮਜ਼ਬੂਤ ਕਿਲ੍ਹਾ ਢਹਿ-ਢੇਰੀ ਕਰਨ ਵਾਲੀ ਅਲਕਾ ਲਾਂਬਾ ਆਪਣੇ ਦਬੰਗ ਅੰਦਾਜ਼ ਤੇ ਕੰਮਕਾਜ 'ਚ ਸਰਗਰਮੀ ਨੂੰ ਲੈ ਕੇ ਪੂਰੇ ਕਾਰਜਕਾਲ ਚਰਚਾ 'ਚ ਰਹੀ। ਹਾਲਾਂਕਿ ਆਪਣੇ ਕਾਰਜਕਾਲ ਦੇ ਆਖਰੀ ਸਮੇਂ ਉਨ੍ਹਾਂ ਦੀ ਆਪਣੀ ਹੀ ਪਾਰਟੀ ਨਾਲ ਖਿੱਚੋਤਾਣ ਇੰਨੀ ਵਧ ਗਈ ਕਿ ਉਹ ਕਾਂਗਰਸ 'ਚ ਵਾਪਸ ਚਲੀ ਗਈ। ਉੱਥੇ ਹੀ ਉਨ੍ਹਾਂ ਦੇ ਮੁਕਾਬਲੇਬਾਜ਼ ਪ੍ਰਹਿਲਾਦ ਸਿੰਘ ਸਾਹਨੀ ਨੇ ਮੌਕਾ ਦੇਖ ਕੇ ਕਾਂਗਰਸ ਦਾ ਹੱਥ ਛੱਡ ਕੇ 'ਆਪ' ਦਾ ਪੱਲਾ ਫੜ ਲਿਆ। ਚਰਚਾ ਹੈ ਕਿ ਸਾਹਨੀ ਖ਼ੁਦ ਦੀ ਜਗ੍ਹਾ ਆਪਣੇ ਬੇਟੇ ਪੂਰਨਦੀਪ ਸਿੰਘ ਸਾਹਨੀ ਨੂੰ ਇਸ ਵਾਰ ਚਾਂਦਨੀ ਚੌਕ ਦੇ ਦੰਗਲ 'ਚ ਉਤਾਰ ਸਕਦੇ ਹਨ।

ਸਾਹਨੀ ਕਾਂਗਰਸ ਦੀ ਟਿਕਟ 'ਤੇ ਚਾਂਦਨੀ ਚੌਕ ਤੋਂ ਲਗਾਤਾਰ ਚਾਰ ਵਾਰ ਵਿਧਾਇਕ ਰਹੇ। ਉਨ੍ਹਾਂ ਦੀ ਵਿਧਾਇਕੀ ਦਾ ਸਫ਼ਰ 1988 ਤੋਂ ਸ਼ੁਰੂ ਹੋਇਆ ਸੀ। ਉਸ ਵੇਲੇ 47.90 ਫ਼ੀਸਦੀ ਨਾਲ 24,348 ਵੋਟਾਂ ਹਾਸਿਲ ਕਰ ਕੇ ਉਹ ਵਿਧਾਇਕ ਬਣੇ ਸਨ। ਇਸ ਤੋਂ ਬਾਅਦ 2003 'ਚ 59.91 ਫ਼ੀਸਦੀ 26744 ਜਦਕਿ, 2008 'ਚ 45.61 ਫ਼ੀਸਦੀ 28,207 ਵੋਟਾਂ ਲੈ ਕੇ ਜਿੱਤ ਹਾਸਿਲ ਕੀਤੀ ਸੀ। ਇਹ ਸਫ਼ਰ 2013 'ਚ 37.77 ਫ਼ੀਸਦੀ ਵੋਟਾਂ ਨਾਲ 26,335 ਵੋਟਾਂ ਲੈ ਕੇ ਉਨ੍ਹਾਂ ਬਣਾਈ ਰੱਖਿਆ ਸੀ। ਉਹ ਉਦੋਂ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਕਰੀਬੀ ਮੰਨੇ ਜਾਂਦੇ ਸਨ। ਇਸ ਲਈ ਸਾਲ 2015 'ਚ ਵੀ ਕਾਂਗਰਸ ਨੇ ਉਨ੍ਹਾਂ 'ਤੇ ਭਰੋਸਾ ਦਿਖਾਇਆ, ਪਰ ਅਰਵਿੰਦ ਕੇਜਰੀਵਾਲ ਦੀ ਲਹਿਰ 'ਚ ਕਾਂਗਰਸ ਤੋਂ ਹੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਈ ਅਲਕਾ ਲਾਂਬਾ ਦੇ ਹੱਥੋਂ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਅਲਕਾ ਲਾਂਬਾ ਦੇ ਮੁਕਾਬਲੇ ਉਨ੍ਹਾਂ ਨੂੰ ਅੱਧੀਆਂ ਵੋਟਾਂ ਮਿਲੀਆਂ। ਅਲਕਾ ਨੂੰ ਜਿੱਥੇ 36,756 ਵੋਟਾਂ ਮਿਲੀਆਂ ਸਨ, ਉੱਥੇ ਹੀ ਸਾਹਨੀ ਨੂੰ 18,469 ਵੋਟਾਂ ਹਾਸਿਲ ਹੋਈਆਂ। ਇਸ ਜਿੱਤ ਦੇ ਨਾਲ ਹੀ ਅਲਕਾ ਨੇ ਚਾਂਦਨੀ ਚੌਕ ਦੀ ਪਹਿਲੀ ਮਹਿਲਾ ਵਿਧਾਇਕ ਹੋਣ ਦਾ ਵੀ ਰਿਕਾਰਡ ਬਣਾ ਦਿੱਤਾ ਸੀ।

ਇੱਥੇ ਸਭ ਤੋਂ ਘੱਟ ਵੋਟਰ

ਚਾਂਦਨੀ ਚੌਕ ਖੇਤਰ ਆਜ਼ਾਦੀ ਤੋਂ ਪਹਿਲਾਂ ਹੀ ਸਿਆਸਤ ਦਾ ਧੁਰਾ ਰਿਹਾ ਹੈ। ਰਾਜਧਾਨੀ ਦਾ ਇਰ ਵਿਧਾਨ ਸਭਾ ਖੇਤਰ ਸਭ ਤੋਂ ਛੋਟਾ ਹੈ। ਇਸ ਵਿਚ ਦਰਿਆਗੰਜ, ਖਾਰੀ ਬਾਵਲੀ ਆਦਿ ਖੇਤਰ ਆਉਂਦੇ ਹਨ। ਇੱਥੇ ਦਿੱਲੇ ਦੇ ਵੱਡੇ ਬਾਜ਼ਾਰ ਹੋਣ ਕਾਰਨ ਦੇਸ਼ ਭਰ ਦੇ ਲੋਕਾਂ ਦੀ ਨਜ਼ਰ ਇਸ ਸੀਟ 'ਤੇ ਰਹਿੰਦੀ ਹੈ।

Posted By: Seema Anand