ਗਾਜ਼ੀਆਬਾਦ : ਵੋਟਾਂ ਦੀ ਗਿਣਤੀ 'ਚ ਗੜਬੜੀ ਦੇ ਖਦਸ਼ੇ 'ਤੇ ਵੀਵੀਪੈਟ ਨੂੰ ਚੈਲੰਜ ਕੀਤਾ ਜਾ ਸਕਦਾ ਹੈ। ਇਸ ਦੇ ਲਈ ਵੋਟਰ ਨੂੰ ਸਿਰਫ਼ ਦੋ ਰੁਪਏ ਖ਼ਰਚ ਕਰਨੇ ਪੈਣਗੇ ਪਰ ਸ਼ਰਤ ਇਹ ਵੀ ਹੈ ਕਿ ਵੀਵੀਪੈਟ (Voter verified paper audit trail) ਨੂੰ ਗ਼ਲਤ ਚੈਲੰਜ ਕਰਨ 'ਤੇ ਸਬੰਧਤ ਖਿ਼ਲਾਫ਼ ਦੋਸ਼ ਲੱਗਣ ਤੋਂ ਬਾਅਦ ਚੋਣ ਕਮਿਸ਼ਨ (election commission) ਨੇ ਇਸ ਵਾਰੀ ਐਡਵਾਂਸ ਐੱਮ-3 ਵੀਵੀਪੈਟ ਮਸ਼ੀਨਾਂ ਵਿਚ ਇਹ ਨਵੀਂ ਵਿਵਸਥਾ ਕੀਤੀ ਹੈ।

ਵੋਟਾਂ ਦੀ ਗਿਣਤੀ ਦੌਰਾਨ ਜੇਕਰ ਕੋਈ ਵੋਟਰ ਮਸ਼ੀਨ ਵਿਚ ਗੜਬੜੀ ਦਾ ਦੋਸ਼ ਲਗਾਉਂਦਾ ਹੈ ਅਤੇ ਕਹਿੰਦਾ ਹੈ ਕਿ ਉਸ ਨੇ ਵੋਟ ਜਿਸ ਪਾਰਟੀ ਨੂੰ ਦਿੱਤੀ ਸੀ ਉਸ ਦੀ ਵੋਟ ਉਸ ਪਾਰਟੀ ਨੂੰ ਨਹੀਂ ਪਈ ਤਾਂ ਉਹ ਦੋ ਰੁਪਏ ਜਮ੍ਹਾਂ ਕਰਵਾ ਕੇ ਵੀਵੀਪੈਟ ਨੂੰ ਚੈਲੰਜ ਕਰ ਸਕਦਾ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉੱਥੇ ਮੌਜੂਦ ਏਜੰਟਾਂ ਸਾਹਮਣੇ ਸਬੰਧਤ ਬੂਥ ਦੀ ਵੀਵੀਪੈਟ ਦਾ ਟ੍ਰਾਇਲ ਕੀਤਾ ਜਾਵੇਗਾ ਅਤੇ ਉਸ ਦੀ ਸਚਾਈ ਸਾਹਮਣੇ ਲਿਆਂਦੀ ਜਾਵੇਗੀ। ਜੇਕਰ ਦੋਸ਼ ਗ਼ਲਤ ਸਾਬਿਤ ਹੁੰਦੇ ਹਨ ਤਾਂ ਸਬੰਧਤ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਐੱਫਆਈਆਰ ਦਰਜ ਕਰਵਾਈ ਜਾਵੇਗੀ।

ਈਵੀਐੱਮ 'ਤੇ ਲਗਾਤਾਰ ਉੱਠ ਰਹੇ ਸਵਾਲਾਂ 'ਤੇ ਬਣਾਈ ਗਈ ਵਿਵਸਥਾ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2017 ਵਿਚ ਈਵੀਐੱਮ 'ਤੇ ਸਿਆਸੀ ਪਾਰਟੀਆਂ ਨੇ ਗੜਬੜੀ ਦਾ ਦੋਸ਼ ਲਗਾਉਂਦੇ ਹੋਏ ਸਵਾਲ ਖੜ੍ਹੇ ਕੀਤੇ ਸਨ। ਬਾਅਦ ਵਿਚ ਵੀ ਈਵੀਐੱਮ 'ਤੇ ਲਗਾਤਾਰ ਦੋਸ਼ਾਂ ਦਾ ਸਿਲਸਲਾ ਜਾਰੀ ਰਿਹਾ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਐੱਮ-3 ਮਸ਼ੀਨ ਬਣਵਾਈ ਅਤੇ ਇਸ ਵਿਚ ਚੈਲੰਜ ਕਰਨ ਦੀ ਵਿਵਸਥਾ ਜਾਰੀ ਕੀਤੀ।

ਇਨ੍ਹਾਂ ਧਾਰਾਵਾਂ ਤਹਿਤ ਦਰਜ ਹੋਵੇਗੀ ਰਿਪੋਰਟ

ਵੀਵੀਪੈਟ ਨੂੰ ਗ਼ਲਤ ਚੈਲੰਜ ਕਰਨ 'ਤੇ ਕਮਿਸ਼ਨ ਵੱਲੋਂ ਦੇ ਐਕਟਾਂ ਦੀਆਂ ਧਾਰਾਵਾਂ ਤਹਿਤ ਰਿਪੋਰਟ ਦਰਜ ਕਰਨ ਦੀ ਵਿਵਸਥਾ ਰੱਖੀ ਗਈ ਹੈ। ਇਸ ਵਿਚ ਆਈਪੀਸੀ ਦੀ ਧਾਰਾ 177 ਤਹਿਤ ਰਿਪੋਰਟ ਦਰਜ ਕੀਤੀ ਜਾਵੇਗੀ। ਇਸ ਧਾਰਾ ਤਹਿਤ ਛੇ ਮਹੀਨੇ ਦੀ ਜੇਲ੍ਹ ਸਮੇਤ ਇਕ ਹਜ਼ਾਰ ਰੁਪਏ ਦਾ ਹਰਜਾਨਾ ਵੀ ਦੇਣਾ ਪਵੇਗਾ। ਇਸ ਦੇ ਨਾਲ ਹੀ ਲੋਕ ਨੁਮਾਇੰਦਗੀ ਐਕਟ 1951 ਦੀ ਧਾਰਾ 26 ਤਹਿਤ ਰਿਪੋਰਟ ਦਰਜ ਕਰਵਾਈ ਜਾਵੇਗੀ।

ਸੁਨੀਲ ਕੁਮਾਰ ਸਿੰਘ (ਏਡੀਐੱਮ ਵਿੱਤ ਅਤੇ ਮਾਲੀਆ ਤੇ ਡਿਪਟੀ ਜ਼ਿਲ੍ਹਾ ਚੋਣ ਅਧਿਕਾਰੀ) ਮੁਤਾਬਿਕ, ਲੋਕ ਸਭਾ ਚੋਣਾਂ ਵਿਚ ਚੋਣ ਕਮਿਸ਼ਨ ਵੱਲੋਂ ਪੂਰੀ ਤਰ੍ਹਾਂ ਨਾਲ ਵੀਵੀਪੈਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਗੜਬੜੀ ਦੇ ਖਦਸ਼ੇ 'ਤੇ ਵੀਵੀਪੈਟ ਨੂੰ ਚੈਲੰਜ ਕਰਨ ਦੀ ਵਿਵਸਥਾ ਬਣਾਈ ਗਈ ਹੈ। ਜੇਕਰ ਕਿਸੇ ਵੱਲੋਂ ਵੀਵੀਪੈਟ ਨੂੰ ਗ਼ਲਤ ਤਰੀਕੇ ਨਾਲ ਚੈਲੰਜ ਕੀਤਾ ਜਾਂਦਾ ਹੈ ਤਾਂ ਉਸ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਐੱਫਆਈਆਰ ਦਰਜ ਕਰਵਾਈ ਜਾਵੇਗੀ।

ਵੀਵੀਪੈਟ ਵਿਚ ਦਿੱਤੀ ਗਈ ਹੈ ਸਕ੍ਰੀਨ 'ਤੇ ਉਮੀਦਵਾਰ ਦੇ ਨਾਂ ਦੀ ਵਿਵਸਥਾ

ਮਤਦਾਨ ਦੌਰਾਨ ਜਦੋਂ ਵੋਟਰ ਬੈਲੇਟ ਯੂਨਿਟ 'ਤੇ ਬਟਨ ਦਬਾਉਂਦਾ ਹੈ ਤਾਂ ਵੀਵੀਪੈਟ ਵਿਚ ਦਿੱਤੀ ਗਈ ਸਕ੍ਰੀਨ 'ਤੇ ਪਾਰਟੀ ਦਾ ਨਾਂ ਤੇ ਲੜੀ ਨੰਬਰ ਅੱਠ ਸਕਿੰਟ ਤਕ ਪ੍ਰਦਰਸ਼ਿਤ ਹੁੰਦਾ ਹੈ। ਇਸ ਨਾਲ ਵੋਟਰ ਦੀ ਪੁਸ਼ਟੀ ਹੁੰਦੀ ਹੈ ਕਿ ਉਸ ਨੇ ਜਿਸ ਪਾਰਟੀ ਤੇ ਉਮੀਦਵਾਰ ਨੂੰ ਵੋਟ ਦੇਣ ਲਈ ਬਟਨ ਦਬਾਇਆ ਹੈ, ਵੋਟ ਉਸੇ ਉਮੀਦਵਾਰ ਨੂੰ ਪਈ ਹੈ। ਇਸ ਦੇ ਨਾਲ ਸਬੰਧਤ ਪਾਰਟੀ ਤੇ ਉਮੀਦਵਾਰ ਦੀ ਇਕ ਪਰਚੀ ਪ੍ਰਿੰਟ ਹੋ ਕੇ ਮਸ਼ੀਨ ਵਿਚ ਡਿੱਗ ਜਾਂਦੀ ਹੈ।

ਵੋਟਰ ਵੈਰੀਫਾਏਬਲ ਪੇਪਰ ਆਡਿਟ ਟ੍ਰਾਇਲ ਯਾਨੀ ਵੀਵੀਪੈਟ ਇਕ ਤਰ੍ਹਾਂ ਨਾਲ ਮਸ਼ੀਨ ਹੁੰਦੀ ਹੈ ਜਿਸ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਨਾਲ ਜੋੜਿਆ ਜਾਂਦਾ ਹੈ। ਇਸ ਵਿਵਸਥਾ ਤਹਿਤ ਵੋਟਰ ਵੱਲੋਂ ਵੋਟ ਪਾਉਣ ਤੋਂ ਤੁਰੰਤ ਬਾਅਦ ਕਾਗਜ਼ ਦੀ ਪਰਚੀ ਬਣਦੀ ਹੈ। ਇਸ ਉੱਤੇ ਜਿਸ ਉਮੀਦਵਾਰ ਨੂੰ ਵੋਟ ਪਾਈ ਗਈ ਹੈ, ਉਸ ਦਾ ਨਾਂ ਅਤੇ ਚੋਣ ਚਿੰਨ੍ਹ ਛਪਿਆ ਹੁੰਦਾ ਹੈ। ਈਵੀਐੱਮ ਵਿਚ ਲੱਗੇ ਸ਼ੀਸ਼ੇ ਦੀ ਇਕ ਸਕ੍ਰੀਨ 'ਤੇ ਇਹ ਪਰਚੀ ਸੱਤ ਸਕਿੰਟਾਂ ਤਕ ਦਿਸਦੀ ਹੈ। ਇਹ ਵਿਵਸਥਾ ਇਸ ਲਈ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਵਿਵਾਦ ਹੋਣ 'ਤੇ ਈਵੀਐੱਮ ਵਿਚ ਪਈਆਂ ਵੋਟਾਂ ਨਾਲ ਪਰਚੀ ਦਾ ਮਿਲਾਨ ਕੀਤਾ ਜਾ ਸਕੇ।

ਸਭ ਤੋਂ ਪਹਿਲਾਂ ਇਸਤੇਮਾਲ

ਸਭ ਤੋਂ ਪਹਿਲਾਂ ਇਸ ਦਾ ਇਸਤੇਮਾਲ ਨਾਗਾਲੈਂਡ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 2013 'ਚ ਹੋਇਆ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀਵੀਪੈਟ ਮਸ਼ੀਨ ਬਣਾਉਣ ਅਤੇ ਇਸ ਦੇ ਲਈ ਪੈਸੇ ਮੁਹੱਈਆ ਕਰਵਾਉਣ ਦੇ ਹੁਕਮ ਕੇਂਦਰ ਸਰਕਾਰ ਨੂੰ ਦਿੱਤੇ। ਚੋਣ ਕਮਿਸ਼ਨ ਨੇ ਜੂਨ 2014 ਵਿਚ ਤੈਅ ਕੀਤਾ ਗਿਆ ਕਿ ਅਗਲੀਆਂ ਆਮ ਚੋਣਾਂ 2019 ਦੌਰਾਨ ਸਾਰੇ ਮਤਦਾਨ ਕੇਂਦਰਾਂ 'ਤੇ ਵੀਵੀਪੈਟ ਦਾ ਇਸਤੇਮਾਲ ਕੀਤਾ ਜਾਵੇਗਾ।

ਕੀ ਹੁੰਦੀ ਹੈ ਵੀਵੀਪੈਟ ਮਸ਼ੀਨ

ਵੀਵੀਪੈਟ (VVPAT) ਯਾਨੀ ਵੋਟਰ ਵੇਰੀਫਿਏਬਲ ਪੇਪਰ ਆਡਿਟ ਟ੍ਰਾਇਲ ਇਸ ਗੱਲ ਦੀ ਤਸਦੀਕ ਕਰੇਗਾ ਕਿ ਵੋਟਰ ਨੇ ਜਿਸ ਉਮੀਦਵਾਰ ਵੋਟ ਪਾਈ ਹੈ ਵੋਟ ਉਸੇ ਦੇ ਖਾਤੇ ਵਿਚ ਜਾਵੇ। ਹਾਲਾਂਕਿ, EVM ਚੋਣਾਂ ਕਰਵਾਉਣ ਦਾ ਇਕ ਸੁਰੱਖਿਅਤ ਮਾਧਿਅਮ ਹੈ ਤੇ ਇਸ ਵਿਚ ਵੀ ਵੋਟ ਤੁਹਾਡੇ ਪਸੰਦੀਦਾ ਉਮੀਦਵਾਰ ਨੂੰ ਹੀ ਜਾਂਦੀ ਹੈ। ਵੀਵੀਪੈਟ ਇਕ ਹੋਰ ਜ਼ਰੀਆ ਹੈ ਜਿਸ ਰਾਹੀਂ ਤੁਸੀਂ ਯਕੀਨੀ ਬਣਾ ਸਕਦੇ ਹੋ ਕਿ ਤੁਹਾਡੀ ਵੋਟ ਸਹੀ ਜਗ੍ਹਾ ਗਈ ਹੈ।

ਕਿਵੇਂ ਕੰਮ ਕਰਦੀ ਹੈ VVPAT?

ਜਦੋਂ ਤੁਸੀਂ EVM ਵਿਚ ਕਿਸੇ ਉਮੀਦਵਾਰ ਸਾਹਮਣੇ ਬਟਨ ਦਬਾ ਕੇ ਉਸ ਨੂੰ ਵੋਟ ਪਾਉਂਦੇ ਹੋ ਤਾਂ VVPAT ਤੋਂ ਇਕ ਪਰਚੀ ਨਿਕਲ ਆਉਂਦੀ ਹੈ ਜੋ ਦੱਸਦੀ ਹੈ ਕਿ ਤੁਹਾਡੀ ਵੋਟ ਕਿਸ ਉਮੀਦਵਾਰ ਦੇ ਹਿੱਸੇ ਗਈ ਹੈ। ਇਸ ਪਰਚੀ 'ਤੇ ਉਮੀਦਵਾਰ ਦਾ ਨਾਂ ਅਤੇ ਉਸ ਦਾ ਚੋਣ ਚਿੰਨ੍ਹ ਛਪਿਆ ਹੁੰਦਾ ਹੈ। ਤੁਹਾਡੇ ਅਤੇ VVPAT ਤੋਂ ਨਿਕਲੀ ਪਰਚੀ ਵਿਚਕਾਰ ਕੱਚ ਦਾ ਬਾਰਡਰ ਬਣਿਆ ਹੋਵੇਗਾ, ਮਤਦਾਰਾ ਦੇ ਰੂਪ 'ਚ ਤੁਸੀਂ 7 ਸਕਿੰਟ ਤਕ ਪਰਚੀ ਨੂੰ ਦੇਖ ਸਕੋਗੇ ਅਤੇ ਫਿਰ ਇਹ ਸੀਲਬੰਦ ਬਕਸੇ ਵਿਚ ਡਿੱਗ ਜਾਵੇਗੀ, ਇਹ ਤੁਹਾਨੂੰ ਨਹੀਂ ਮਿਲੇਗੀ। ਸਿਰਫ਼ ਪੋਲਿੰਗ ਅਧਿਕਾਰੀ ਹੀ ਇਸ VVPAT ਤਕ ਪਹੁੰਚ ਸਕਦੇ ਹਨ। ਵੋਟਾਂ ਦੀ ਗਿਣਤੀ ਵੇਲੇ ਕਿਸੇ ਵੀ ਤਰ੍ਹਾਂ ਦੀ ਦੁੱਚਿਤੀ ਜਾਂ ਵਿਵਾਦ ਦੀ ਸਥਿਤੀ ਵਿਚ ਇਨ੍ਹਾਂ ਪਰਚੀਆਂ ਦੀ ਗਿਣਤੀ ਵੀ ਹੋ ਸਕਦੀ ਹੈ।

EVM ਹੈ ਭਰੋਸੇਮੰਦ, ਫਿਰ VVPAT ਕਿਉਂ?

ਚੋਣ ਕਮਿਸ਼ਨ ਅਨੁਸਾਰ EVM ਯਾਨੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਅਤੇ ਭਰੋਸੇਮੰਦ ਹੈ। ਇਸ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਕਰ ਕੇ ਰਿਜ਼ਲਟ ਨਹੀਂ ਬਦਲਿਆ ਜਾ ਸਕਦਾ। ਇਸ ਦੇ ਬਾਵਜੂਦ ਤਮਾਮ ਵਿਰੋਧੀ ਪਾਰਟੀਆਂ ਵਰ੍ਹਿਆਂ ਤੋਂ ਹਾਰ ਦਾ ਠੀਕਰਾ EVM 'ਤੇ ਹੀ ਭੰਨਦੀਆਂ ਹਨ। ਹਾਲਾਂਕਿ, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਤੋਂ ਹੈਕਾਥੌਨ ਵਿਚ ਆਪਣੇ ਦੋਸ਼ ਸਾਬਿਤ ਕਰਨ ਲਈ ਕਿਹਾ ਤਾਂ ਕਿਸੇ ਵੀ ਪਾਰਟੀ ਨੇ ਇਸ ਵਿਚ ਦਲਚਸਪੀ ਨਹੀਂ ਦਿਖਾਈ। ਸ਼ਾਇਦ ਕਿਤੇ-ਨਾ-ਕਿਤੇ EVM 'ਤੇ ਸਵਾਲ ਉਠਾਉਣ ਵਾਲੀ ਰਾਜਨੀਤਕ ਪਾਰਟੀਆਂ ਵੀ ਜਾਣਦੀਆਂ ਹਨ ਕਿ ਗੜਬੜੀ EVM ਵਿਚ ਨਹੀਂ ਬਲਕਿ ਉਨ੍ਹਾਂ ਦੀ ਪਾਰਟੀ ਹੀ ਕਿਤੇ ਭੁੱਲ ਕਰ ਰਹੀ ਹੈ।

Posted By: Seema Anand