ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਕਰੁਣਾ ਰਾਜੂ ਨੇ 19 ਮਈ ਨੂੰ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ, ਸਹੂਲਤਾਂ ਬਾਰੇ ਚੋਣ ਕਮਿਸ਼ਨਾਂ ਦੀਆਂ ਹਦਾਇਤਾਂ ਦੀ ਹੂਬਹੂ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।

ਡਾ. ਰਾਜੂ ਅਨੁਸਾਰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਰਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਬੈਠਣ ਲਈ ਕੁਰਸੀਆਂ, ਟੈਂਟ ਦਾ ਪ੍ਰਬੰਧ, ਮੈਡੀਕਲ ਕਿੱਟ, ਪੱਖੇ ਲਗਾਉਣ ਲਈ ਬਿਜਲੀ ਦਾ ਪ੍ਰਬੰਧ, ਹੈਲਪ ਡੈਸਕ, ਸੰਕੇਤਕ ਚਿੰਨ੍ਹ, ਪਖਾਨੇ, ਵਲੰਟੀਅਰ, ਵੋਟਰਾਂ ਨਾਲ ਆਉਣ ਵਾਲੇ ਛੋਟੇ ਬੱਚਿਆਂ ਲਈ ਕ੍ਰੈਚ ਅਤੇ ਅਟੈਂਡੈਂਟ, ਵੋਟਰ ਲਾਈਨ ਦਾ ਪ੍ਰਬੰਧ ਅਤੇ ਵੋਟਰਾਂ ਦੀ ਸਹੂਲਤ ਲਈ ਪੋਸਟਰ ਲੋੜ ਅਨੁਸਾਰ ਲਗਵਾਉਣ ਦੀਆਂ ਹਦਾਇਤਾਂ ਹਨ।

ਇਸ ਤੋਂ ਇਲਾਵਾ ਪੀਡਬਲਿਊਡੀ (ਪਿਊਪਲ ਵਿਦ ਡਿਸਏਬਲਟੀ) ਵੋਟਰਾਂ ਲਈ ਵਿਸ਼ੇਸ਼ ਪ੍ਰਬੰਧ ਕਰਨ ਲਈ ਹਦਾਇਤ ਕੀਤੀ ਗਈ ਹੈ ਜਿਸ ਤਹਿਤ ਉਨ੍ਹਾਂ ਨੂੰ ਵੋਟਰ ਹੈਲਪਲਾਈਨ ਨੰਬਰ 1950 ਦੀ ਸਹੂਲਤ, ਵੋਟ ਪਾਉਣ ਲਈ ਜਾਣ ਅਤੇ ਵਾਪਸ ਘਰ ਆਉਣ ਵਾਸਤੇ ਗੱਡੀ ਦੀ ਸਹੂਲਤ, ਵੀਲ੍ਹ ਚੇਅਰ, ਪੋਲਿੰਗ ਬੂਥ ਜਿਸ ਇਮਾਰਤ ਵਿਚ ਸਥਾਪਤ ਹੈ, ਉਸ ਵਿਚ ਜਾਣ ਲਈ ਰੈਂਪ ਦੀ ਸਹੂਲਤ, ਵੋਟ ਬੂਥ ਤੱਕ ਜਾਣ ਲਈ ਸਹਾਇਕ ਵਜੋਂ ਵਲੰਟੀਅਰ, ਬਿਨਾਂ ਲਾਈਨ ਵਿਚ ਲੱਗੇ ਵੋਟ ਪਾਉਣ ਦੀ ਸਹੂਲਤ, ਬ੍ਰੇਲ ਭਾਸ਼ਾ ਵਿਚ ਈਵੀਐੱਮ ਅਤੇ ਸੰਕੇਤਕ ਭਾਸ਼ਾ ਪੋਸਟਰ ਦੀ ਸਹੂਲਤ ਦਿੱਤੀ ਗਈ ਹੈ।