ਜੇਐੱਨਐੱਨ, ਵਾਰਾਨਸੀ : 17ਵੀਂ ਲੋਕ ਸਭਾ ਚੋਣ 'ਚ ਸਭ ਤੋਂ ਰੋਚਕ ਲੜਾਈ ਵਾਰਾਨਸੀ ਸੰਸਦੀ ਸੀਟ 'ਤੇ ਹੋ ਰਹੀ ਹੈ। ਪੀਐੱਮ ਨਰਿੰਦਰ ਮੋਦੀ ਦੀ ਉਮੀਦਵਾਰੀ ਵਾਲੀ ਇਹ ਸੀਟ ਪਹਿਲਾਂ ਹੀ ਹਾਈ ਪ੍ਰੋਫਾਈਲ ਸੀ, ਪਰ ਇੱਥੋਂ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਮੈਦਾਨ 'ਚ ਉਤਰੀ ਤਾਂ ਮੁਕਾਬਲਾ ਦਿਲਚਸਪ ਹੋ ਜਾਵੇਗਾ। ਪ੍ਰਿਅੰਕਾ ਨੂੰ ਉਮੀਦਵਾਰ ਬਣਾਏ ਜਾਣ ਲਈ ਕਾਂਗਰਸ ਦੀ ਰਿਸਰਚ ਟੀਮ ਵਾਰਾਨਸੀ 'ਚ ਡੇਰਾ ਲਾ ਚੁੱਕੀ ਹੈ ਤੇ ਜਾਤੀ ਸਮੀਕਰਨ ਸਾਧਿਆ ਜਾ ਰਿਹਾ ਹੈ। ਉੱਥੇ ਦੂਜੇ ਪਾਸੇ ਪੂਰਵਾਂਚਲ ਦੀਆਂ ਚਾਰ ਸੰਸਦੀ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਾਂਗਰਸ ਨੇ ਸ਼ਨਿਚਰਵਾਰ ਨੂੰ ਕਰ ਦਿੱਤਾ, ਪਰ ਵਾਰਾਨਸੀ ਸੀਟ 'ਤੇ ਹਾਲੇ ਵੀ ਰਹੱਸ ਬਣਿਆ ਹੋਇਆ ਹੈ।

ਅਸਲ 'ਚ ਪ੍ਰਿਅੰਕਾ ਦੇ ਚੋਣ ਲੜਨ ਦੇ ਕਿਆਸ ਇੰਜ ਹੀ ਨਹੀਂ ਲਗਾਏ ਜਾ ਰਹੇ ਹਨ। ਉਸ ਪਿੱਛੇ ਪ੍ਰਮੁੱਖ ਵਜ੍ਹਾ ਉਹ ਖ਼ੁਦ ਹਨ। ਉਹ ਜਦੋਂ ਤੋਂ ਪੂਰਵਾਂਚਲ ਦੀ ਇੰਚਾਰਜ ਬਣਾਈ ਗਈ ਹੈ ਉਦੋਂ ਤੋਂ ਵਾਰਾਨਸੀ ਤੋਂ ਚੋਣ ਲੜਨ ਦੀ ਚਰਚਾ ਜ਼ੋਰ ਫੜਨ ਲੱਗੀ ਹੈ। ਬਤੌਰ ਪੂਰਵਾਂਚਲ ਇੰਚਾਰਜ ਜਦੋਂ ਉਹ ਪਹਿਲੀ ਵਾਰ ਵਾਰਾਨਸੀ ਆਈ ਤਾਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਕੁਰੇਦਿਆ ਵੀ ਸੀ। ਪਰ ਉਨ੍ਹਾਂ ਕਿਹਾ ਸੀ ਕਿ ਪਾਰਟੀ ਚਾਹੇਗੀ ਤਾਂ ਉਹ ਚੋਣ ਜ਼ਰੂਰ ਲੜੇਗੀ। ਚੋਣ ਹਵਾ ਜਿਵੇਂ ਜਿਵੇਂ ਤੇਜ਼ ਹੋ ਰਹੀ ਹੈ ਪ੍ਰਿਅੰਕਾ ਦੇ ਲੜਨ ਦੀ ਸੰਭਾਵਨਾ ਵੀ ਜ਼ੋਰ ਫੜ ਰਹੀ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੀ ਰਿਸਰਚ ਟੀਮ ਕਾਫ਼ੀ ਦਿਨਾਂ ਤੋਂ ਵਾਰਾਨਸੀ 'ਚ ਡੇਰਾ ਲਾਈ ਬੈਠੀ ਹੈ। ਰਿਸਰਚ ਟੀਮ ਜਾਤੀ ਅੰਕੜਿਆਂ 'ਤੇ ਸਮੀਕਰਨ ਸਾਧ ਰਹੀ ਹੈ। ਖ਼ਾਸਕਰ ਬ੍ਰਾਹਮਣ, ਮੁਸਲਿਮ ਨੂੰ ਤਾਂ ਸ਼ੁਰੂ ਤੋਂ ਪਾਰਟੀ ਆਪਣਾ ਮੰਨ ਰਹੀ ਹੈ। ਹੁਣ ਨਿਸ਼ਾਦ ਬਰਾਦਰੀ ਨੂੰ ਹੋਰ ਜੋੜਿਆ ਗਿਆ ਹੈ। ਨਿਸ਼ਾਦ ਬਰਾਦਰੀ ਜੋੜਨ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਦੀ ਗੰਗਾ ਯਾਤਰਾ ਦੌਰਾਨ ਇਸ ਬਰਾਦਰੀ ਨੂੰ ਕਾਫ਼ੀ ਲਾਭ ਹੋਇਆ ਸੀ। ਪ੍ਰਿਅੰਕਾ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਵੀ ਵਾਅਦਾ ਕੀਤਾ ਸੀ। ਹੁਣ ਰਿਸਰਚ ਟੀਮ ਜਿਵੇਂ ਹੀ ਜਾਤੀ ਅੰਕੜੇ ਪਾਰਟੀ ਹਵਾਲੇ ਕਰੇਗੀ, ਉਸ ਦੇ ਨਤੀਜੇ ਦੇ ਆਧਾਰ 'ਤੇ ਪਾਰਟੀ ਫ਼ੈਸਲਾ ਕਰੇਗੀ।

Posted By: Susheel Khanna