ਕੋਲਕਾਤਾ : ਪੱਛਮੀ ਬੰਗਾਲ 'ਚ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਲੰਬੇ ਸਮੇਂ ਤਕ ਕਈ ਮਾਅਨਿਆਂ ਵਿਚ ਯਾਦ ਰੱਖਿਆ ਜਾਵੇਗਾ। ਇਨ੍ਹਾਂ ਵਿਚੋਂ ਇਕ ਹਨ ਮਹਾਨ ਦਾਰਸ਼ਨਿਕ, ਸਮਾਜ ਸੁਧਾਰਕ ਅਤੇ ਲੇਖਕ ਈਸ਼ਵਰਚੰਦਰ ਵਿਦਿਆਸਾਗਰ ਦਾ ਚੋਣ ਮੁੱਦਾ ਬਣਨਾ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦੀ ਮੂਰਤੀ ਤੋੜ ਦਿੱਤੀ। ਇਸ ਤੋਂ ਬਾਅਦ ਤੋਂ ਭਾਜਪਾ ਤੇ ਤਿ੍ਣਮੂਲ ਕਾਂਗਰਸ ਦੋਵਾਂ ਲਈ ਵਿਦਿਆਸਾਗਰ ਚੋਣ ਮੁੱਦਾ ਬਣ ਗਏ ਹਨ। ਇਹ ਬੰਗਾਲ ਦੇ ਚੋਣ ਇਤਿਹਾਸ ਵਿਚ ਪਹਿਲਾ ਮੌਕਾ ਹੈ, ਜਦੋਂ ਕਿਸੇ ਵਿਦਵਾਨ ਦੀ ਮੂਰਤੀ ਟੁੱਟਣਾ ਮੁੱਦਾ ਬਣਿਆ ਹੈ। ਅਜਿਹਾ ਨਹੀਂ ਹੈ ਕਿ ਵਿਦਿਆਸਾਗਰ ਦੀ ਮੂਰਤੀ ਬੰਗਾਲ ਵਿਚ ਪਹਿਲੀ ਵਾਰ ਤੋੜੀ ਗਈ ਹੈ। 50 ਸਾਲ ਪਹਿਲਾਂ ਨਕਸਲ ਅੰਦੋਲਨ ਵਿਚ ਸ਼ਾਮਲ ਨੌਜਵਾਨਾਂ ਨੇ ਇਸੇ ਵਿਦਿਆਸਾਗਰ ਕਾਲਜ ਦੇ ਨੇੜੇ ਸਥਿਤ ਈਸ਼ਵਰ ਚੰਦਰ ਵਿਦਿਆਸਾਗਰ, ਰਾਜਾ ਰਾਮਮੋਹਨ ਰਾਏ, ਪ੍ਰਫੁੱਲ ਰਾਏ ਅਤੇ ਆਸ਼ੂਤੋਸ਼ ਮੁਖਰਜੀ ਦੀਆਂ ਮੂਰਤੀਆਂ ਨੂੰ ਤਹਿਸ-ਨਹਿਸ ਕਰ ਦਿੱਤਾ ਸੀ।

50 ਸਾਲ ਪਹਿਲਾਂ ਦੀ ਘਟਨਾ ਅੱਜ ਵੀ ਕਈ ਲੋਕਾਂ ਨੂੰ ਯਾਦ ਹੈ ਅਤੇ ਉਨ੍ਹਾਂ ਨੂੰ ਉਸ ਅੰਦੋਲਨ ਦਾ ਹਿੱਸਾ ਬਣਨ ਦਾ ਅਫ਼ਸੋਸ ਵੀ ਹੈ ਪਰ ਬੀਤੇ ਮੰਗਲਵਾਰ ਨੂੰ ਗੁੰਡਾਗਰਦੀ ਦੀ ਉਹ 50 ਸਾਲ ਪਹਿਲਾਂ ਹੋਏ ਉਸ ਹਮਲੇ ਨਾਲ ਤੁਲਨਾ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਇਸ ਨੂੰ ਤਿ੍ਪੁਰਾ ਵਿਚ ਲੈਨਿਨ ਦੀ ਮੂਰਤੀ ਤੋੜਨ ਦੀ ਘਟਨਾ ਦੇ ਬਰਾਬਰ ਦੱਸਿਆ, ਜਿੱਥੇ ਭਾਜਪਾ ਦੀ ਜਿੱਤ ਤੋਂ ਬਾਅਦ ਕੁਝ ਲੋਕਾਂ ਨੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਉਂਦੇ ਹੋਏ ਬੁਲਡੋਜ਼ਰ ਨਾਲ ਲੈਨਿਨ ਦੀ ਮੂਰਤੀ ਤੋੜ ਦਿੱਤੀ ਸੀ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਿਰਫ਼ ਭਾਜਪਾ ਵੱਲੋਂ ਤਾਕਤ ਦਿਖਾਉਣ ਦੀ ਕੋਸ਼ਿਸ਼ ਭਰ ਸੀ।

ਸਮਾਜ ਸੇਵੀ ਕ੍ਰਿਸ਼ਨਾ ਬੰਦੋਪਾਧਿਆਏ ਨੇ ਕਿਹਾ, 'ਰਾਜਨੀਤਕ ਅਤੇ ਸਮਾਜਿਕ ਹਾਲਾਤ ਪੂਰੀ ਤਰ੍ਹਾਂ ਇਕ-ਦੂਜੇ ਤੋਂ ਅਲੱਗ ਹੁੰਦੇ ਹਨ। ਅਸੀਂ ਨਵੀਆਂ ਚੀਜ਼ਾਂ ਦੀ ਸ਼ੁਰੂਆਤ ਲਈ ਅਜਿਹਾ ਕੀਤਾ ਸੀ। (ਉਸ ਵੇਲੇ ਮਾਓਵਾਦੀਆਂ ਨੇ ਨਾ ਭਾਂਗਲੇ ਗੋਰਾ ਜਾਏ ਨਾ ਦਾ ਪ੍ਰਚਾਰ ਕੀਤਾ ਸੀ)। ਉਸ ਅੰਦੋਲਨ ਨੇ ਵਿਦਿਆਸਾਗਰ ਅਤੇ ਰਾਜਾ ਰਾਮਮੋਹਨ ਰਾਏ 'ਤੇ ਧਿਆਨ ਕੇਂਦਰਤ ਕਰਨ ਦੇ ਨਾਲ ਬੰਗਾਲ ਵਿਚ ਪੁਨਰਜਾਗਰਣ ਦੇ ਮੁੜ ਮੁਲਾਂਕਣ ਦਾ ਰਾਹ ਪੱਧਰਾ ਕੀਤਾ ਸੀ, ਜਦਕਿ ਬੀਤੇ ਮੰਗਲਵਾਰ ਦੀ ਘਟਨਾ ਨੂੰ ਸਿਰਫ਼ ਤਾਕਤ ਦਿਖਾਉਣ ਲਈ ਅੰਜਾਮ ਦਿੱਤਾ ਗਿਆ।' ਉਨ੍ਹਾਂ ਅੱਗੇ ਕਿਹਾ, 'ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਵਿਦਿਆਸਾਗਰ ਦੀ ਮੂਰਤੀ ਨੂੰ ਤੋੜਨ ਤੋਂ ਬਚਿਆ ਜਾ ਸਕਦਾ ਸੀ। ਕਦੇ ਨਕਸਲੀਆਂ ਦੀ ਮੁਹਿੰਮ ਦੀ ਫਾਇਰ ਬ੍ਰਾਂਡ ਸ਼ਖ਼ਸੀਅਤ ਰਹਿ ਚੁੱਕੇ ਸੰਤੋਸ਼ ਰਾਣਾ ਮਹਿਸੂਸ ਕਰਦੇ ਹਨ ਕਿ ਪਾਰਟੀ ਦੀ ਅਗਵਾਈ ਦਾ ਇਕ ਪੱਖ ਸਿਪਾਹੀ ਕ੍ਰਾਂਤੀ ਦੌਰਾਨ ਸੰਸਕ੍ਰਿਤ ਕਾਲਜ ਵਿਚ ਬਿ੍ਟਿਸ਼ ਫ਼ੌਜੀ ਮੁਲਾਜ਼ਮਾਂ ਨੂੰ ਪਨਾਹ ਦੇਣ ਦੇ ਈਸ਼ਵਰਚੰਦਰ ਵਿਦਿਆਸਾਗਰ ਦੇ ਫ਼ੈਸਲੇ ਨੂੰ ਬਿ੍ਟਿਸ਼ ਸਮਰਥਕ ਕਾਰਵਾਈ ਮੰਨਦਾ ਸੀ।

ਅਜਿਹੇ ਸਨ ਈਸ਼ਵਰਚੰਦਰ ਵਿਦਿਆਸਾਗਰ

ਵਿਦਿਆਸਾਗਰ ਦਾ ਜਨਮ 26 ਸਤੰਬਰ, 1820 ਨੂੰ ਮੇਦਿਨੀਪੁਰ ਵਿਚ ਹੋਇਆ ਸੀ। ਉਹ ਆਜ਼ਾਦੀ ਘੁਲਾਟੀਏ ਵੀ ਸਨ। ਈਸ਼ਵਰਚੰਦਰ ਨੂੰ ਗ਼ਰੀਬਾਂ ਅਤੇ ਦਲਿਤਾਂ ਦਾ ਰੱਖਿਅਕ ਮੰਨਿਆ ਜਾਂਦਾ ਸੀ। ਉਨ੍ਹਾਂ ਨਾਰੀ ਸਿੱਖਿਆ ਅਤੇ ਵਿਧਵਾ ਵਿਆਹ ਕਾਨੂੰਨ ਲਈ ਆਵਾਜ਼ ਉਠਾਈ ਅਤੇ ਆਪਣੇ ਕੰਮਾਂ ਲਈ ਸਮਾਜ ਸੁਧਾਰਕ ਦੇ ਤੌਰ 'ਤੇ ਉਨ੍ਹਾਂ ਦੀ ਪਛਾਣ ਹੋਈ, ਪਰ ਉਨ੍ਹਾਂ ਦਾ ਕੱਦ ਇਸ ਤੋਂ ਕਈ ਗੁਣਾ ਵੱਡਾ ਸੀ। ਉਨ੍ਹਾਂ ਨੂੰ ਬੰਗਾਲ ਵਿਚ ਪੁਨਰਜਾਗਰਣ ਦੇ ਮੋਢੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਬਚਪਨ ਦਾ ਨਾਂ ਈਸ਼ਵਰ ਚੰਦਰ ਬੰਦੋਪਾਧਿਆਏ ਸੀ। ਸੰਸਕ੍ਰਿਤ ਭਾਸ਼ਾ ਅਤੇ ਦਰਸ਼ਨ ਵਿਚ ਜ਼ਿਆਦਾ ਗਿਆਨ ਹੋਣ ਕਾਰਨ ਵਿਦਿਆਰਥੀ ਜੀਵਨ ਵਿਚ ਹੀ ਸੰਸਕ੍ਰਿਤ ਕਾਲਜ ਨੇ ਉਨ੍ਹਾਂ ਨੂੰ 'ਵਿਦਿਆਸਾਗਰ' ਦੀ ਉਪਾਧੀ ਪ੍ਰਦਾਨ ਕੀਤੀ ਸੀ। ਇਸ ਤੋਂ ਬਾਅਦ ਤੋਂ ਉਨ੍ਹਾਂ ਦਾ ਨਾਂ ਈਸ਼ਵਰ ਚੰਦਰ ਵਿਦਿਆਸਾਗਰ ਹੋ ਗਿਆ ਸੀ।