ਨਵਦੀਪ ਢੀਂਗਰਾ, ਪਟਿਆਲਾ : ਲੋਕ ਸਭਾ ਚੋਣਾਂ 'ਚ ਆਪਣੇ ਐੱਮਪੀ ਬਣਾਉਣ ਲਈ ਵਿਧਾਇਕਾਂ ਦੀ ਵੀ ਲੰਮੀ ਦੌੜ ਲੱਗੀ ਹੋਈ ਹੈ। ਆਪੋ-ਆਪਣੇ ਹਲਕੇ 'ਚ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਵਾਉਣ ਲਈ ਜਿੱਥੇ ਵਿਧਾਇਕਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ, ਉੱਥੇ ਹੀ ਇਨ੍ਹਾਂ ਚੋਣਾਂ 'ਚ ਚੰਗਾ ਪ੍ਰਦਰਸ਼ਨ ਨਾ ਹੋਣ 'ਤੇ ਹਾਈਕਮਾਂਡ ਦੀ ਲਟਕ ਰਹੀ ਤਲਵਾਰ ਦਾ ਵੀ ਡਰ ਸਤਾਉਣ ਲੱਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਲੋਕ ਸਭਾ ਚੋਣਾਂ 'ਚ ਕਾਂਗਰਸੀ ਉਮੀਦਵਾਰ ਦੀ ਹਾਰ ਹੋਣ 'ਤੇ ਸਬੰਧਤ ਹਲਕੇ ਦੇ ਕੈਬਨਿਟ ਮੰਤਰੀ ਦੀ ਵਜ਼ਾਰਤ 'ਚੋਂ ਛੁੱਟੀ ਕਰ ਦਿੱਤੀ ਜਾਵੇਗੀ ਤੇ ਸਬੰਧਤ ਵਿਧਾਇਕ ਨੂੰ ਵੀ ਅਗਲੀ ਵਾਰ ਟਿਕਟ ਨਹੀਂ ਦਿੱਤੀ ਜਾਵੇਗੀ।

ਲੋਕ ਸਭਾ ਹਲਕਾ ਪਟਿਆਲਾ 'ਚ ਸੱਤ ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ 'ਚੋਂ 6 'ਤੇ ਕਾਂਗਰਸ ਤੇ ਸਿਰਫ ਇਕ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈ। ਕਾਂਗਰਸ ਦੇ 6 ਤੇ ਅਕਾਲੀ ਦਲ ਦੇ ਇਕਲੌਤੇ ਵਿਧਾਇਕ ਵੱਲੋਂ ਆਪੋ-ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਜ਼ੋਰ ਲਾਇਆ ਜਾ ਰਿਹਾ ਹੈ।

ਦੋਹਾਂ ਧਿਰਾਂ ਵਲੋਂ ਚੋਣ ਮੀਟਿੰਗਾਂ ਕਰਨ ਦੇ ਨਾਲ-ਨਾਲ ਇਕ ਦੂਸਰੇ ਦੀਆਂ ਕਮਜ਼ੋਰ ਕੜੀਆਂ ਤੋੜਨ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਜਾਰੀ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਜਿਤਾਉਣ ਲਈ ਚਾਰ ਵਿਧਾਇਕਾਂ ਨੇ ਚੋਣ ਮੈਦਾਨ ਪੂਰੀ ਤਰ੍ਹਾਂ ਭਖਾਇਆ ਹੋਇਆ ਹੈ। ਹਲਕਾ ਸ਼ੁਤਰਾਣਾ ਤੋਂ ਨਿਰਮਲ ਸਿੰਘ, ਸਮਾਣਾ ਤੋਂ ਕਾਕਾ ਰਜਿੰਦਰ ਸਿੰਘ, ਰਾਜਪੁਰਾ ਤੋਂ ਹਰਦਿਆਲ ਸਿੰਘ ਕੰਬੋਜ, ਘਨੌਰ ਤੋਂ ਮਦਨ ਲਾਲ ਜਲਾਲਪੁਰ ਵੱਲੋਂ ਲਗਾਤਾਰ ਚੋਣ ਮੀਟਿੰਗਾਂ ਕਰ ਕੇ ਪ੍ਰਨੀਤ ਕੌਰ ਦੇ ਹੱਕ ਵਿਚ ਵੋਟ ਭੁਗਤਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਵੀ ਚੋਣ ਮੁਹਿੰਮ ਵਿੱਢੀ ਜਾ ਚੁੱਕੀ ਹੈ।

ਕੈਬਨਿਟ ਮੰਤਰੀ ਵੀ ਹੋਏ ਸਰਗਰਮ

ਵਿਧਾਇਕਾਂ ਦੇ ਨਾਲ-ਨਾਲ ਲੋਕ ਸਭਾ ਹਲਕਾ ਪਟਿਆਲਾ ਵਿਚਲੇ ਦੋ ਕੈਬਨਿਟ ਮੰਤਰੀ ਵੀ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ। ਹਲਕਾ ਨਾਭਾ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਨਾਭਾ ਹਲਕੇ ਵਿਚ ਦੌਰਾ ਕਰਨ ਦੇ ਨਾਲ-ਨਾਲ ਪ੍ਰਨੀਤ ਕੌਰ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪਟਿਆਲਾ ਦਿਹਾਤੀ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਚੋਣ ਮੈਦਾਨ ਵਿਚ ਆਪਣਾ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ।

Posted By: Susheel Khanna