ਕੁਲਦੀਪ ਜਾਫਲਪੁਰ, ਕਾਹਨੂੰਵਾਨ : ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਲਈ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਉਨ੍ਹਾਂ ਨੇ ਹਲਕਾ ਕਾਦੀਆਂ 'ਚ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵੱਲੋਂ ਰੱਖਵਾਈਆਂ ਚਾਰ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ।

ਇਸ ਮੌਕੇ ਉਨ੍ਹਾਂ ਨੇ ਭੈਣੀ ਮੀਆਂ ਖਾਂ 'ਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾ ਸਮਝੀ ਕਾਰਨ ਦੇਸ਼ ਦੀ ਆਰਥਿਕਤਾ ਨੂੰ ਡੂੰਘੀ ਢਾਹ ਲੱਗੀ ਹੈ। ਦੇਸ਼ 'ਚ ਨੋਟਬੰਦੀ ਅਤੇ ਫਿਰਕਾਪ੍ਰਸਤੀ ਨੇ ਸਮਾਜਿਕ ਅਤੇ ਆਰਥਿਕ ਤੌਰ 'ਤੇ ਦੇਸ਼ ਨੂੰ ਡੋਬ ਦਿੱਤਾ ਹੈ। ਆਪਣੇ ਆਪ ਨੂੰ ਚੌਕੀਦਾਰ ਅਖਵਾਉਣ ਵਾਲੇ ਪ੍ਰਧਾਨ ਮੰਤਰੀ ਦੇ ਰਾਜ 'ਚ ਦੇਸ਼ ਦੇ ਵੱਡੇ ਸਰਮਾਏਦਾਰ ਅਰਬਾਂ ਰੁਪਏ ਲੈ ਕੇ ਇਸ ਮੁਲਕ 'ਚੋਂ ਫ਼ਰਾਰ ਹੋ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਅੱਜ ਕਿਸਾਨ ਤੇ ਨੌਜਵਾਨ ਬਰਬਾਦੀ ਤੇ ਬੇਰੁਜ਼ਗਾਰੀ ਦੀ ਕਗਾਰ 'ਤੇ ਖੜ੍ਹੇ ਹਨ। ਅਕਾਲੀ ਦਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਚਿੱਟੇ ਦੇ ਮਾਮਲੇ 'ਚ ਫਸਣ ਵਾਲਾ ਸੀ ਤਾਂ ਅਕਾਲੀਆਂ ਨੇ ਕੇਂਦਰ ਸਰਕਾਰ 'ਤੇ ਦਬਾਅ ਪਾ ਕੇ ਈਡੀ ਨਿਰੰਜਨ ਸਿੰਘ ਦੀ ਬਦਲੀ ਕਰਵਾ ਦਿੱਤੀ ਸੀ। ਹੁਣ ਜਦੋਂ ਅਕਾਲੀ ਬੇਅਦਬੀਆਂ ਦੇ ਮਾਮਲੇ 'ਚ ਫਸਣ ਵਾਲੇ ਸਨ ਤਾਂ ਉਨ੍ਹਾਂ ਸਿਆਸੀ ਖੇਡ ਖੇਡਦਿਆਂ ਇਮਾਨਦਾਰ ਪੁਲਿਸ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਕਰਵਾ ਦਿੱਤੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਫਤਹਿ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਪਿਛਲੀ ਵਾਰ ਹਲਕਾ ਕਾਦੀਆਂ 'ਚ ਜਾਖੜ ਨੂੰ 26 ਹਜ਼ਾਰ ਦੀ ਲੀਡ ਮਿਲੀ ਸੀ ਅਤੇ ਇਸ ਵਾਰ ਇਹ ਲੀਡ ਹੋਰ ਵੀ ਵੱਡੀ ਹੋਵੇਗੀ। ਮੀਟਿੰਗ ਨੂੰ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਮਹਿਲਾ ਵਿੰਗ ਅਮਨਦੀਪ ਕੌਰ ਰੰਧਾਵਾ, ਸੁਰਜੀਤ ਸਿੰਘ ਤੁਗਲਵਾਲ, ਮੋਹਨ ਸਿੰਘ ਧੰਦਲ, ਗੁਰਇਕਬਾਲ ਸਿੰਘ ਕਾਹਲੋਂ, ਠਾਕੁਰ ਬਲਰਾਜ ਸਿੰਘ, ਸੁਖਪ੍ਰੀਤ ਸਿੰਘ ਰਿਆੜ, ਰਾਹੁਲ ਰਾਹੁਲ ਸ਼ਰਮਾ ਆਦਿ ਨੇ ਵੀ ਸੰਬੋਧਨ ਕੀਤਾ।

Posted By: Jagjit Singh