ਜੈ ਸਿੰਘ ਛਿੱਬਰ, ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਜੇ ਤਕ ਭਾਜਪਾ ਵੱਲੋਂ ਤਿੰਨ ਸੀਟਾਂ ਲਈ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ, ਜਦੋਂ ਕਿ ਅਕਾਲੀ ਦਲ ਵੱਲੋਂ 8, ਕਾਂਗਰਸ ਵੱਲੋਂ 11 ਅਤੇ ਆਮ ਆਦਮੀ ਪਾਰਟੀ ਵੱਲੋਂ 12 ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਗਿਆ ਹੈ। ਜੇਕਰ ਤਿੰਨੋਂ ਪਾਰਟੀਆਂ ਵੱਲੋਂ ਚੋਣ ਪਿੜ੍ਹ ਵਿਚ ਉਤਾਰੇ ਸਿਆਸੀ 'ਪਹਿਲਵਾਨਾਂ' 'ਤੇ ਨਜ਼ਰ ਮਾਰੀਏ ਤਾਂ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਪਾਰਟੀ ਦੇ ਸੀਨੀਅਰ ਅਤੇ ਜ਼ਿਆਦਾਤਰ ਸਾਬਕਾ ਮੰਤਰੀਆਂ, ਵਿਧਾਇਕਾਂ 'ਤੇ ਹੀ ਭਰੋਸਾ ਜਤਾਇਆ ਗਿਆ ਹੈ, ਜਦੋਂਕਿ ਆਮ ਆਦਮੀ ਪਾਰਟੀ ਨੇ ਦੋ ਸੰਸਦ ਮੈਂਬਰਾਂ ਅਤੇ ਇਕ ਵਿਧਾਇਕ ਨੂੰ ਛੱਡ ਕੇ ਬਾਕੀ ਸਾਰੇ ਨਵੇਂ ਚਿਹਰੇ ਚੋਣ ਮੈਦਾਨ 'ਚ ਉਤਾਰੇ ਹਨ।

ਲਗਾਤਾਰ ਦਸ ਸਾਲ ਸੱਤਾ 'ਤੇ ਕਾਬਜ਼ ਰਹਿਣ ਵਾਲਾ ਅਕਾਲੀ ਦਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਤੀਜੇ ਨੰਬਰ 'ਤੇ ਪੁੱਜ ਗਿਆ ਸੀ। ਪਹਿਲੀ ਵਾਰ ਹੋਇਆ ਕਿ ਅਕਾਲੀ ਦਲ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਦਰਜਾ ਵੀ ਨਹੀਂ ਮਿਲਿਆ। ਬੇਅਦਬੀ ਤੇ ਬਹਿਬਲ ਕਲਾਂ ਕਾਂਡ ਕਾਰਨ ਹਾਸ਼ੀਏ 'ਤੇ ਪੁੱਜੇ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਵਿਚ ਨਵੇਂ ਚਹਰਿਆਂ 'ਤੇ ਦਾਅ ਲਗਾਉਣ ਦੀ ਬਜਾਏ ਲਗਭਗ ਸਾਰੇ ਸੀਨੀਅਰ ਤੇ ਸਾਬਕਾ ਮੰਤਰੀਆਂ, ਵਿਧਾਇਕਾਂ 'ਤੇ ਹੀ ਭਰੋਸਾ ਪ੍ਰਗਟ ਕੀਤਾ ਹੈ। ਅਕਾਲੀ ਦਲ ਵਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਲੁਧਿਆਣਾ ਤੋਂ ਮਹੇਸ਼ ਇੰਦਰ ਸਿੰਘ ਗਰੇਵਾਲ, ਸ੍ਰੀ ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ, ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ, ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ, ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ, ਫਰੀਦਕੋਟ ਤੋਂ ਗੁਲਜਾਰ ਸਿੰਘ ਰਾਣੀਕੇ, ਸ੍ਰੀ ਫਤਹਿਗੜ੍ਹ ਸਾਹਿਬ ਤੋਂ ਦਰਬਾਰਾ ਸਿੰਘ ਗੁਰੂ ਨੂੰ ਚੋਣ ਪਿੜ੍ਹ ਵਿਚ ਉਤਾਰਿਆ ਗਿਆ ਹੈ। ਦਰਬਾਰਾ ਸਿੰਘ ਗੁਰੂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਪ੍ਰਮੁੱਖ ਸਕੱਤਰ ਰਹਿ ਚੁਕੇ ਹਨ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪਿਛੜ ਗਏ ਸਨ, ਜਦੋਂ ਕਿ ਬਾਕੀ ਸਾਰੇ ਉਮੀਦਵਾਰ ਸਾਬਕਾ ਮੰਤਰੀ ਹਨ।

ਇਸੇ ਤਰ੍ਹਾਂ ਕਾਂਗਰਸ ਨੇ ਮੁਨੀਸ਼ ਤਿਵਾੜੀ, ਰਵਨੀਤ ਸਿੰਘ ਬਿੱਟੂ, ਜਸਬੀਰ ਸਿੰਘ ਡਿੰਪਾ, ਕੇਵਲ ਸਿੰਘ ਢਿਲੋਂ, ਪ੍ਰਨੀਤ ਕੌਰ, ਚੌਧਰੀ ਸੰਤੋਖ ਸਿੰਘ, ਮਹੁੰਮਦ ਸਦੀਕ, ਡਾ. ਅਮਰ ਸਿੰਘ, ਡਾ. ਰਾਜ ਕੁਮਾਰ ਚੱਬੇਵਾਲ, ਸੁਨੀਲ ਜਾਖੜ ਤੇ ਗੁਰਜੀਤ ਸਿੰਘ ਔਜਲਾ 'ਤੇ ਮੁੜ ਭਰੋਸਾ ਕੀਤਾ ਹੈ। ਇਨ੍ਹਾਂ ਵਿਚ ਡਾ. ਅਮਰ ਸਿੰਘ ਸਾਬਕਾ ਪ੍ਰਸ਼ਾਸਨਕ ਅਧਿਕਾਰੀ ਹਨ, ਜੋ 2017 ਦੀਆਂ ਚੋਣਾਂ ਵਿਚ ਹਾਰ ਗਏ ਸਨ, ਜਦੋਂਕਿ ਬਾਕੀ ਸਾਰੇ ਉਮੀਦਵਾਰ ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਹਨ।

ਆਪ ਵੱਲੋਂ ਸੰਗਰੂਰ ਤੋਂ ਭਗਵੰਤ ਮਾਨ, ਫਰੀਦਕੋਟ ਤੋਂ ਪ੍ਰੋ. ਸਾਧੂ ਸਿੰਘ (ਦੋਵੇਂ ਸੰਸਦ ਮੈਂਬਰ) ਅਤੇ ਬਠਿੰਡਾ ਤੋਂ ਪ੍ਰੋ ਬਲਜਿੰਦਰ ਕੌਰ (ਵਿਧਾਇਕ) 'ਤੇ ਦਾਅ ਖੇਡਿਆ ਹੈ। ਜਦਕਿ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਸ੍ਰੀ ਅਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿਲ, ਬਠਿੰਡਾ ਤੋਂ ਪ੍ਰੋ ਬਲਜਿੰਦਰ ਕੌਰ, ਜਲੰਧਰ ਤੋਂ ਜਸਟਿਸ ਜੋਰਾ ਸਿੰਘ, ਹੁਸ਼ਿਆਰਪੁਰ ਤੋਂ ਡਾ. ਰਵਜੋਤ ਸਿੰਘ, ਪਟਿਆਲਾ ਤੋਂ ਨੀਨਾ ਮਿੱਤਲ, ਫਿਰੋਜ਼ਪੁਰ ਤੋਂ ਹਰਜਿੰਦਰ ਸਿੰਘ ਕਾਕਾ, ਗੁਰਦਾਸਪੁਰ ਤੋਂ ਪੀਟਰ ਇਸਾ ਮਸੀਹ ਚੀਦਾ, ਸ੍ਰੀ ਫਤਹਿਗ਼ੜ੍ਹ ਸਾਹਿਬ ਤੋਂ ਬਲਜਿੰਦਰ ਸਿੰਘ ਚੌਂਦਾ, ਖਡੂਰ ਸਾਹਿਬ ਮਨਜਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜੋ ਕਿ ਸਿਆਸਤ 'ਚ ਨਵੇਂ ਚਿਹਰੇ ਹਨ।

Posted By: Susheel Khanna