ਆਕਾਸ਼, ਗੁਰਦਾਸਪੁਰ : 'ਮੇਰੇ ਗੁਰਦਾਸਪੁਰ ਵਾਲਿਓ ਸਤਿ ਸ਼੍ਰੀ ਅਕਾਲ! ਠੀਕ ਹੋ ਤੁਸੀਂ ਸਾਰੇ। ਗਰਮੀ ਤੰਗ ਤਾਂ ਨਹੀਂ ਕਰਦੀ ਤੁਹਾਨੂੰ। ' ਭਾਜਪਾ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਸੰਨੀ ਦਿਓਲ ਨੇ ਪੰਜਾਬੀ ਲਹਿਜ਼ੇ 'ਚ ਕੁੱਝ ਇਸ ਅੰਦਾਜ਼ ਵਿਚ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਵੱਡੀ ਗਿਣਤੀ ਵਿੱਚ ਪਹੁੰਚੇ ਲੋਕ ਝੂਮ ਉੱਠੇ। ਅੱਤ ਦੀ ਗਰਮੀ ਵਿੱਚ ਬੈਠੇ ਲੋਕਾਂ 'ਚ ਭਾਰੀ ਜੋਸ਼ ਦੇਖਣ ਮਿਲਿਆ ਤੇ ਲੋਕ ਖੜ੍ਹੇ ਹੋ ਕੇ ਸੰਨੀ ਸੰਨੀ ਦੇ ਨਾਅਰੇ ਲਗਾਉਣ ਲੱਗ ਪਏ।

ਜੋਸ਼ੀਲੇ ਸਰੋਤਿਆਂ ਦੀ ਮੰਗ 'ਤੇ ਸੰਨੀ ਨੇ ਆਪਣਾ ਮਸ਼ਹੂਰ ਫਿਲਮੀ ਡਾਇਲਾਗ ਬੋਲਿਆ 'ਢਾਈ ਕਿੱਲੋ ਦਾ ਹੱਥ ਜਿਸ 'ਤੇ ਪੈਂਦਾ ਹੈ ਨਾ, ਉਹ ਉੱਠਦਾ ਨਹੀਂ ਉੱਠ ਜਾਂਦਾ ਹੈ।' ਇਹ ਸੁਣਦਿਆਂ ਹੀ ਜਿਵੇਂ ਗੁਰਦਾਸਪੁਰੀਆਂ ਦੇ ਮਨ ਮੁਰਾਦ ਪੂਰੀ ਹੋ ਗਈ ਹੋਵੇ। ਸੰਨੀ ਨੇ ਕਿਹਾ ਕਿ ਮੈਨੂੰ ਇਹ ਤਾਕਤ ਤੁਹਾਡੇ ਤੋਂ ਮਿਲੀ ਹੈ। ਸੰਨੀ ਦਿਓਲ ਨੇ ਕਿਹਾ ਕਿ ਮੈਂ ਇਸ ਲਈ ਆਇਆ ਹਾਂ ਕਿਉਂਕਿ ਤੁਸੀ ਮੈਨੂੰ ਪਿਆਰ ਕਰਦੇ ਹੋ। ਮੇਰੇ ਪਾਪਾ ਨੇ ਕਿਹਾ ਸੀ ਤੂੰ ਪੰਜਾਬੀਆਂ ਦੇ ਦਿਲਾਂ ਵਿਚ ਵੱਸਦਾ ਹੈਂ। ਮੈਨੂੰ ਰਾਜਨੀਤੀ ਦਾ ਕੋਈ ਪਤਾ ਨਹੀਂ ਪਰ ਮੈਂ ਇਕ ਦੇਸ਼ ਭਗਤ ਹਾਂ ਤੇ ਤੁਹਾਨੂੰ ਨਾਲ ਜੋੜਨ ਲਈ ਆਇਆ ਹਾਂ। ਮੇਰੇ ਨਾਲ ਸਾਰੇ ਜੁੜ ਜਾਓ, ਅਸੀਂ ਲੜਾਂਗੇ ਤੇ ਜਿੱਤ ਜਾਵਾਂਗੇ। ਡਰੋ ਨਹੀਂ, ਮੈਂ ਤੁਹਾਡੇ ਨਾਲ ਹਾਂ ਤੇ ਮੋਦੀ ਸਾਡੇ ਨਾਲ ਹੈ। ਮੇਰੀ ਜਿੱਤ ਮੋਦੀ ਦੀ ਜਿੱਤ ਹੈ। ਤੁਹਾਨੂੰ ਜੋ ਚਾਹੀਦਾ ਹੈ , ਮੈਂ ਸਭ ਕੁੱਝ ਤੁਹਾਨੂੰ ਦੇਵਾਂਗਾ, ਮੈਂ ਕਿਤੇ ਨਹੀਂ ਜਾਂਦਾ। ਭਾਸ਼ਣ ਦੇ ਆਖ਼ਰ 'ਚ ਸੰਨੀ ਦਿਓਲ ਨੇ ਫਿਰ ਤੋਂ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਜਿਵੇਂ ਹੀ ਸੰਨੀ ਨੇ ਆਪਣਾ ਭਾਸ਼ਣ ਖ਼ਤਮ ਕੀਤਾ ਤਾਂ ਲੋਕਾਂ ਨੇ ਇਕਸੁਰ ਹੋ ਕੇ ਹਿੰਦੋਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਇਆ ਤਾਂ ਸੰਨੀ ਨੇ ਇਕ ਵਾਰ ਫਿਰ ਤੋਂ ਮਾਈਕ ਆਪਣੇ ਹੱਥ 'ਚ ਲਿਆ ਤੇ 'ਗ਼ਦਰ' ਫ਼ਿਲਮ ਦਾ ਆਪਣਾ ਪ੍ਰਸਿੱਧ ਡਾਇਲਾਗ ' ਹਿੰਦੋਸਤਾਨ ਜ਼ਿੰਦਾਬਾਦ ਹੈ, ਜ਼ਿੰਦਾਬਾਦ ਸੀ ਤੇ ਜ਼ਿੰਦਾਬਾਦ ਰਹੇਗਾ' ਬੋਲਿਆ। ਇਸ ਡਾਇਲਾਗ ਨਾਲ ਸਰੋਤੇ ਗਦਗਦ ਹੋ ਗਏ। ਸੰਨੀ ਦਿਓਲ ਨੇ ਆਪਣਾ ਉਕਤ ਸਾਰਾ ਭਾਸ਼ਣ ਸਿਰਫ਼ 3 ਮਿੰਟਾਂ 'ਚ ਮੁਕਾ ਦਿੱਤਾ।

ਕਿਸੇ ਖ਼ਿਲਾਫ਼ ਨਹੀਂ ਕਿਹਾ ਇਕ ਵੀ ਸ਼ਬਦ : ਆਮ ਤੌਰ 'ਤੇ ਸਿਆਸੀ ਆਗੂਆਂ ਵੱਲੋਂ ਆਪਣੇ ਭਾਸ਼ਣਾਂ 'ਚ ਇਕ ਦੂਜੇ 'ਤੇ ਆਪਣੇ ਸ਼ਬਦਾਂ ਰਾਹੀਂ ਤਿੱਖੇ ਹਮਲੇ ਕੀਤੇ ਜਾਂਦੇ ਹਨ ਪਰ ਸੰਨੀ ਦਿਓਲ ਨੇ ਆਪਣੇ ਤਿੰਨ ਮਿੰਟ ਦੇ ਭਾਸ਼ਣ ਵਿਚ ਕਿਸੇ ਵੀ ਸਿਆਸੀ ਵਿਰੋਧੀ ਖ਼ਿਲਾਫ਼ ਇੱਥੋਂ ਤੱਕ ਕਿ ਉਨ੍ਹਾਂ ਖ਼ਿਲਾਫ਼ ਕਾਂਗਰਸ ਤੋਂ ਚੋਣ ਲੜ ਰਹੇ ਸੁਨੀਲ ਜਾਖੜ ਖ਼ਿਲਾਫ਼ ਵੀ ਇਕ ਸ਼ਬਦ ਤੱਕ ਨਹੀਂ ਬੋਲਿਆ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਨਾਲ ਜੁੜਨ ਤੇ ਨਰਿੰਦਰ ਮੋਦੀ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਬਣਾਉਣ ਦੀ ਅਪੀਲ ਕੀਤੀ।

ਰੁਕ- ਰੁਕ ਕੇ ਦਿੱਤਾ ਭਾਸ਼ਣ : ਫਿਲਮੀ ਦੁਨੀਆ 'ਚ ਸੱਭ ਕੁੱਝ ਸਕ੍ਰਿਪਟ ਅਨੁਸਾਰ ਬੋਲਣ ਵਾਲੇ ਸਟਾਰ ਨੇ ਸੋਮਵਾਰ ਨੂੰ ਗੁਰਦਾਸਪੁਰ 'ਚ ਆਪਣਾ ਪਹਿਲਾ ਸਿਆਸੀ ਭਾਸ਼ਣ ਦਿੱਤਾ ਤਾਂ ਉਹ ਭਾਸ਼ਣ ਦੌਰਾਨ ਕਈ ਵਾਰ ਰੁਕ-ਰੁਕ ਕੇ ਬੋਲੇ, ਜੋ ਸਾਫ਼ ਜ਼ਾਹਿਰ ਕਰ ਰਿਹਾ ਸੀ ਕਿ ਹਾਲੇ ਤੱਕ ਸੰਨੀ 'ਤੇ ਸਿਆਸੀ ਰੰਗ ਨਹੀਂ ਚੜ੍ਹਿਆ।

ਸੰਨੀ 87 ਕਰੋੜ ਦੀ ਜਾਇਦਾਦ ਦੇ ਮਾਲਕ

ਸਟਾਫ ਰਿਪੋਰਟਰ, ਗੁਰਦਾਸਪੁਰ : ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਫ਼ਿਲਮ ਸਟਾਰ ਸੰਨੀ ਦਿਓਲ ਕਰੋੜਾਂ ਰੁਪਏ ਦੀ ਜਾਇਦਾਦ ਦੇ ਮਾਲਿਕ ਹਨ। ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਦਾਖ਼ਲ ਕੀਤੇ ਹਲਫ਼ੀਆ ਬਿਆਨ ਵਿਚ ਸਾਹਮਣੇ ਆਇਆ ਕਿ ਉਨ੍ਹਾਂ ਦਾ ਅਸਲੀ ਨਾਂ ਅਜੈ ਸਿੰਘ ਦਿਓਲ ਧਰਮਿੰਦਰ ਹੈ। ਜਾਇਦਾਦ ਸਬੰਧੀ ਦਿੱਤੇ ਵੇਰਵੇ ਅਨੁਸਾਰ ਸੰਨੀ ਦਿਓਲ 87 ਕਰੋੜ 2 ਲੱਖ 15 ਹਜ਼ਾਰ 679 ਰੁਪਏ ਦੇ ਮਾਲਕ ਹਨ। ਸੰਨੀ ਦਿਓਲ ਵੱਲੋਂ ਸਾਲ 2017-18 ਵਿਚ ਇਨਕਮ ਟੈਕਸ ਰਿਟਰਨ ਵਿਚ ਸਲਾਨਾ ਆਮਦਨ 63 ਲੱਖ 82 ਹਜ਼ਾਰ 180 ਰੁਪਏ ਦਰਸਾਈ ਗਈ।

ਸੰਨੀ ਦਿਓਲ ਕੋਲ ਨਕਦ ਜਮ੍ਹਾ ਪੂੰਜੀ 26 ਲੱਖ ਹੈ ਜਦੋਂ ਕਿ ਉਨ੍ਹਾਂ ਦੀ ਪਤਨੀ ਲਿੰਡਾ ਦਿਓਲ ਕੋਲ 16 ਲੱਖ ਹੈ। ਇਸ ਤੋਂ ਇਲਾਵਾ ਬੈਂਕਾਂ ਵਿਚ ਜਮ੍ਹਾ ਪੂੰਜੀ 9 ਲੱਖ 36 ਹਜ਼ਾਰ ਅਤੇ ਪਤਨੀ ਦੀ 18 ਲੱਖ 94 ਹਜ਼ਾਰ 323 ਰੁਪਏ ਹੈ। ਬਾਂਡ, ਡਿਬੈਂਚਰ ਆਦਿ ਵਿਚ ਸੰਨੀ ਦਿਓਲ ਦਾ ਨਿਵੇਸ਼ 1 ਕਰੋੜ 43 ਲੱਖ 89 ਲੱਖ 92 ਰੁਪਏ ਹੈ। ਸੰਨੀ ਦਿਓਲ ਵੱਲੋਂ ਵੱਖ-ਵੱਖ ਫਰਮਾਂ, ਕੰਪਨੀਆਂ ਨੂੰ 56 ਕਰੋੜ 7 ਲੱਖ 87 ਹਜ਼ਾਰ 550 ਰੁਪਏ ਦਾ ਕਰਜ਼ਾ ਦਿੱਤਾ ਗਿਆ ਹੈ। ਪਤਨੀ ਵੱਲੋਂ 3 ਕਰੋੜ 81 ਲੱਖ 23 ਹਜ਼ਾਰ ਕਰਜ਼ਾ ਦਿੱਤਾ

ਗਿਆ ਹੈ। ਸੰਨੀ ਦਿਓਲ ਕੋਲ 1 ਕਰੋੜ 69 ਲੱਖ 1 ਹਜ਼ਾਰ 94 ਰੁਪਏ ਦੀਆਂ ਗੱਡੀਆਂ ਹਨ।

ਸੰਨੀ ਕੋਲ ਕੋਈ ਸੋਨੇ ਦਾ ਗਹਿਣਾ ਨਹੀਂ ਪਰ ਉਨ੍ਹਾਂ ਦੀ ਪਤਨੀ ਕੋਲ 1 ਕਰੋੜ 56 ਲੱਖ 6 ਹਜ਼ਾਰ 594 ਰੁਪਏ ਦੇ ਗਹਿਣੇ ਹਨ। ਹੋਰ ਚੱਲ ਸੰਪਤੀ 26 ਲੱਖ 69 ਹਜ਼ਾਰ 353 ਰੁਪਏ ਬਣਦੀ ਹੈ। ਇਸ ਤਰ੍ਹਾਂ ਸੰਨੀ ਦਿਓਲ ਕੋਲ ਕੁੱਲ 60 ਕਰੋੜ 46 ਲੱਖ 83 ਹਜ਼ਾਰ 862 ਰੁਪਏ ਅਤੇ ਪਤਨੀ ਕੋਲ 5 ਕਰੋੜ 72 ਲੱਖ 23 ਹਜ਼ਾਰ 917 ਰੁਪਏ ਦੀ ਚੱਲ ਸੰਪਤੀ ਹੈ। ਦੋਹਾਂ ਦਾ ਕੁੱਲ ਜੋੜ 66 ਕਰੋੜ 19 ਲੱਖ 7 ਹਜ਼ਾਰ 779 ਰੁਪਏ ਬਣਦਾ ਹੈ।

ਅਚੱਲ ਸੰਪਤੀ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਕੋਲ ਕਰੀਬ 50 ਏਕੜ ਵਾਹੀਯੋਗ ਜ਼ਮੀਨ ਹੈ ਜਿਸਦੀ ਮੌਜੂਦਾ ਕੀਮਤ 10 ਕਰੋੜ 42 ਲੱਖ 3 ਹਜ਼ਾਰ 582 ਰੁਪਏ ਹੈ। ਗ਼ੈਰ-ਵਾਹੀਯੋਗ ਜ਼ਮੀਨ 4 ਲੱਖ 77 ਹਜ਼ਾਰ 378 ਵਰਗ ਫੁੱਟ ਹੈ ਜਿਸਦੀ ਮੌਜੂਦਾ ਬਾਜ਼ਾਰੀ ਕੀਮਤ 8 ਕਰੋੜ 55 ਲੱਖ 94 ਹਜ਼ਾਰ 48 ਰੁਪਏ ਹੈ। ਸੰਨੀ ਦਿਓਲ ਕੋਲ ਮੁੰਬਈ ਦੇ ਅੰਧੇਰੀ ਵੈਸਟ ਦੇ ਮੂਵੀ ਟਾਵਰ ਵਿਚ ਰਿਹਾਇਸ਼ੀ ਫਲੈਟ ਨੰਬਰ-13 ਹੈ ਜਿਸਦੀ ਕੀਮਤ 2 ਕਰੋੜ 40 ਲੱਖ ਰੁਪਏ ਹੈ। ਇਸ ਤਰ੍ਹਾਂ ਕੁੱਲ 21 ਕਰੋੜ 17 ਹਜ਼ਾਰ 900 ਰੁਪਏ ਦੀ ਅਚੱਲ ਜਾਇਦਾਦ ਹੈ। ਚੱਲ-ਅਚੱਲ ਜਾਇਦਾਦ ਦਾ ਕੁੱਲ ਜੋੜ 87 ਕਰੋੜ ਤੋਂ ਵੱਧ ਬਣਦਾ ਹੈ।

ਸੰਨੀ ਦਿਓਲ ਜਿੱਥੇ ਕਰੋੜਾਂ ਰੁਪਏ ਦੇ ਮਾਲਕ ਹਨ ਉੱਥੇ ਉਨ੍ਹਾਂ ਦੇ ਸਿਰ 'ਤੇ ਕਰੋੜਾਂ ਰੁਪਏ ਦਾ ਕਰਜ਼ਾ ਵੀ ਖੜ੍ਹਾ ਹੈ। ਉਨ੍ਹਾਂ ਵੱਲ ਵੱਖ-ਵੱਖ ਬੈਂਕਾਂ ਅਤੇ ਸੰਸਥਾਵਾਂ ਤੋਂ ਲਿਆ 49 ਕਰੋੜ 30 ਲੱਖ 51 ਹਜ਼ਾਰ ਦਾ ਕਰਜ਼ ਹੈ ਜਦੋਂ ਕਿ ਉਨ੍ਹਾਂ ਪਤਨੀ ਵੱਲ 1 ਕਰੋੜ 66 ਲੱਖ 39 ਹਜ਼ਾਰ 550 ਰੁਪਏ ਦਾ ਕਰਜ਼ ਹੈ। ਇਸ ਤੋਂ ਇਲਾਵਾ ਸਰਕਾਰ ਦੇ ਪ੍ਰਤੀ ਜੀਐੱਸਟੀ ਦੇ ਰੁਪ ਵਿੱਚ 1 ਕਰੋੜ 7 ਲੱਖ 35 ਹਜ਼ਾਰ 580 ਰੁਪਏ ਦੀ ਦੇਣਦਾਰੀ ਹੈ। ਹੋਰਨਾਂ ਦੇਣਦਾਰੀਆਂ ਦੇ ਕਾਲਮ ਵਿਚ 1 ਕਰੋੜ 42 ਲੱਖ 18 ਹਜ਼ਾਰ 250 ਰੁਪਏ ਹਨ। ਇਸ ਤਰ੍ਹਾਂ ਕੁੱਲ ਦੇਣਦਾਰੀਆਂ 2 ਕਰੋੜ 49 ਲੱਖ ਰੁਪਏ ਦੀਆਂ ਬਣਦੀਆਂ ਹਨ।

ਇਕ ਝਲਕ ਨੂੰ ਤਰਸੇ ਅੰਬਰਸਰੀਏ

ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸੰਨੀ ਦਿਓਲ ਸੋਮਵਾਰ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਮਿੱਥੇ ਸਮੇਂ ਤੋਂ 12 ਘੰਟੇ ਦੀ ਦੇਰੀ ਨਾਲ ਪੁੱਜੇ ਸੰਨੀ ਦਿਓਲ ਦੀ ਇਕ ਝਲਕ ਪਾਉਣ ਲਈ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ। ਸੰਨੀ ਦਿਓਲ ਨੂੰ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਐਲਾਨਿਆ ਹੈ। ਸੰਨੀ 28 ਅਪ੍ਰੈਲ ਦੁਪਹਿਰ ਨੂੰ ਹੀ ਗੁਰੂ ਨਗਰੀ ਦੇ ਹੋਟਲ ਤਾਜ ਵਿਖੇ ਪਹੁੰਚ ਗਏ ਸਨ। ਉਨ੍ਹਾਂ ਨੇ ਕਰੀਬੀ ਲੋਕਾਂ ਨੇ ਮੀਡੀਆ ਨੂੰ ਉਨ੍ਹਾਂ ਦੇ ਸ਼ਾਮ ਪੰਜ ਵਜੇ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ਦੀ ਖਬਰ ਦਿੱਤੀ ਸੀ। ਲੋਕਾਂ ਨੂੰ ਇਸ ਗੱਲ ਦੀ ਭਿਣਕ ਲੱਗਣ 'ਤੇ ਸੰਨੀ ਦੇ ਦਰਬਾਰ ਸਾਹਿਬ ਵਿਖੇ ਜਾਣ ਦੇ ਪ੍ਰੋਗਰਾਮ ਨੂੰ ਅੱਗੇ ਵਧਾ ਦਿੱਤਾ ਗਿਆ ਤੇ ਉਹ ਸੋਮਵਾਰ ਸਵੇਰੇ 5 ਵਜੇ ਸ੍ਰੀ ਦਰਬਾਰ ਸਾਹਿਬ ਪਹੁੰਚੇ। ਉਡੀਕ 'ਚ ਬੈਠੇ ਫੋਟੋਗ੍ਰਾਫਰ ਅਤੇ ਲੋਕਾਂ ਨੇ ਸੰਨੀ ਦੇ ਸੁਰੱਖਿਆ ਘੇਰੇ ਵਿਚ ਪੂਰੀ ਦਖਲਅੰਦਾਜ਼ੀ ਕੀਤੀ। ਸੰਨੀ ਦਿਓਲ ਗੁਰਦਾਸਪੁਰ ਲੋਕ ਸਭਾ ਲਈ ਕਾਗਜ਼ ਦਾਖਲ ਕਰਵਾਉਣ ਤੋਂ ਪਹਿਲਾਂ ਗੁਰੂ ਘਰ ਵਿਖੇ ਨਤਮਸਤਕ ਹੋਏ। ਗੁਰੂ ਘਰ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਦਿੱਤੀ ਗਈ। ਇਸ ਉਪਰੰਤ ਉਹ ਸ਼੍ਰੀ ਦੁਰਗਿਆਣਾ ਮੰਦਰ ਵੀ ਗਏ। ਉਨ੍ਹਾਂ ਦੇ ਨਾਲ ਫਿਲਮ ਇੰਡਸਟਰੀ ਨਾਲ ਜੁੜੇ ਕਲਾਕਾਰ ਦੀਪ ਸਿੱਧੂ ਵੀ ਮੌਜੂਦ ਸਨ।

ਧਰਮਿੰਦਰ ਨੇ ਮੰਗੇ ਵੋਟ, ਜਾਖੜ ਵੱਲੋਂ ਚੁਣੌਤੀ

ਸਟਾਫ ਰਿਪੋਰਟਰ, ਗੁਰਦਾਸਪੁਰ : ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅਮਲ ਖ਼ਤਮ ਹੋਣ ਪਿੱਛੋਂ ਦੋਵਾਂ ਪ੍ਰਮੁੱਖ ਪਾਰਟੀਆਂ ਅਕਾਲੀ -ਭਾਜਪਾ ਗਠਜੋੜ ਤੇ ਕਾਂਗਰਸ ਵਿਚਾਲੇ ਚੋਣ ਦੰਗਲ ਵੀ ਭਖ਼ਦਾ ਨਜ਼ਰ ਆਇਆ। ਸੰਨੀ ਦਿਓਲ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪਿੱਛੋਂ ਪਹਿਲੀ ਚੋਣ ਰੈਲੀ ਕਰ ਕੇ ਪਹਿਲੀ ਵਾਰ ਗੁਰਦਾਸਪੁਰ ਦੀ ਧਰਤੀ 'ਤੇ ਆਪਣਾ ਪ੍ਰਚਾਰ ਆਰੰਭ ਕੀਤਾ ਗਿਆ।

ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਦਾ ਵੀ ਖੁੱਲ੍ਹ ਕੇ ਇਸਤੇਮਾਲ ਸ਼ੁਰੂ ਕਰ ਦਿੱਤਾ ਗਿਆ ਹੈ। ਸੰਨੀ ਦਿਓਲ ਦੇ ਪਿਤਾ ਫਿਲਮ ਸਟਾਰ ਧਰਮਿੰਦਰ ਨੇ ਸੰਨੀ ਦਿਓਲ ਦੇ ਨਾਮਜ਼ਦਗੀ ਪੱਤਰ ਭਰਨ ਪਿੱਛੋਂ ਗੁਰਦਾਸਪੁਰ ਦੀ ਜਨਤਾ ਵਾਸਤੇ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਉਨ੍ਹਾਂ ਨੇ ਵੀ ਅੱਜ ਗੁਰਦਾਸਪੁਰ ਆਉਣਾ ਸੀ ਪਰ ਕਿਸੇ ਕਾਰਨ ਨਹੀਂ ਆ ਸਕੇ। ਉਨ੍ਹਾਂ ਗੁਰਦਾਸਪੁਰ ਦੇ ਲੋਕਾਂ ਨੂੰ ਸੰਨੀ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਸਾਡਾ ਸਹਿਯੋਗ ਦਿਓ, ਜਿੱਤ ਤੁਹਾਡੀ ਹੋਵੇਗੀ। ਸਭ ਭੈਣ-ਭਰਾਵਾਂ ਦੀ ਹੋਵੇਗੀ ਅਤੇ ਭਾਰਤ ਮਾਂ ਦੇ ਇਕ ਖੂਬਸੂਰਤ ਅੰਗ ਗੁਰਦਾਸਪੁਰ ਦੀ ਹੋਵੇਗੀ।

ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਕਾਂਗਰਸ ਉਮੀਦਵਾਰ ਸੁਨੀਲ ਜਾਖ਼ੜ ਨੇ ਸੰਨੀ ਦਿਓਲ ਨੂੰ ਟਵਿਟਰ 'ਤੇ ਚੁਣੌਤੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਗੁਰਦਾਸਪੁਰ ਆਉਣ 'ਤੇ ਸਵਾਗਤ ਹੈ ਪਰ ਉਹ ਚਾਹੁੰਦੇ ਸੀ ਕਿ ਬੈਠ ਕੇ ਚਾਹ ਪੀ ਕੇ ਚਰਚਾ ਕਰਦੇ ਤੇ ਪੰਜਾਬ ਤੇ ਗੁਰਦਾਸਪੁਰ ਦੇ ਮਸਲਿਆਂ ਬਾਰੇ ਚਰਚਾ ਹੁੰਦੀ। ਅਫ਼ਸੋਸ ਕਿ ਸੰਨੀ ਦਿਓਲ ਮੁੰਬਈ ਵਾਪਸ ਚਲੇ ਗਏ।

Posted By: Jagjit Singh