ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਕਰਨ ਅਤੇ ਪਾਰਟੀ ਦੇ 8 ਉਮੀਦਵਾਰਾਂ ਦੀ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੇ ਹਫ਼ਤੇ ਮੀਟਿੰਗ ਸੱਦੀ ਹੈ।

ਭਰੋਸੇਯੋਗ ਅਕਾਲੀ ਹਲਕਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਪ੍ਰਧਾਨ ਨੇ ਹਾਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਸੁਨੇਹਾ ਭੇਜਿਆ ਹੈ ਕਿ ਉਹ ਆਪੋ-ਆਪਣੇ ਹਲਕਿਆਂ 'ਚ ਪੈਂਦੇ ਵਿਧਾਨ ਸਭਾ ਹਲਕਿਆਂ ਦੀਆਂ ਰਿਪੋਰਟਾਂ, ਹਾਰ ਦੇ ਕੀ-ਕੀ ਕਾਰਨ ਰਹੇ ਅਤੇ ਵਿਰੋਧੀਆਂ ਦੀ ਤਾਕਤ ਅਤੇ ਕਮਜ਼ੋਰੀਆਂ ਬਾਰੇ ਵੀ ਤੱਥਾਂ ਸਮੇਤ ਪੂਰੀ ਜਾਣਕਾਰੀ ਲੈ ਕੇ ਮੀਟਿੰਗ 'ਚ ਆਉਣ।

ਜਾਣਕਾਰੀ ਮੁਤਾਬਕ ਚੋਣ ਨਤੀਜੇ ਆਉਣ ਪਿੱਛੋਂ ਦੇਰ ਰਾਤ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਇਕੱਲੇ-ਇਕੱਲੇ ਉਮੀਦਵਾਰ ਨਾਲ ਫੋਨ 'ਤੇ ਵਿਸਥਾਰ 'ਚ ਚਰਚਾ ਕੀਤੀ। ਇਸ ਪਿੱਛੋਂ ਉਨ੍ਹਾਂ ਨੇ ਹਾਰ ਦੇ ਕਾਰਨਾਂ 'ਤੇ ਆਤਮ ਚਿੰਤਨ ਕਰਨ ਲਈ ਮੀਟਿੰਗ ਬੁਲਾਉਣ ਦਾ ਫ਼ੈਸਲਾ ਲਿਆ। ਸੂਤਰਾਂ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਪਾਰਟੀ ਦੇ 8 ਉਮੀਦਵਾਰਾਂ ਦੀ ਮੀਟਿੰਗ ਪਿੰਡ ਬਾਦਲ 'ਚ ਹੋਵੇਗੀ। ਹਾਰਨ ਵਾਲੇ ਉਮੀਦਵਾਰਾਂ ਨਾਲ ਮੀਟਿੰਗ ਤੋਂ ਬਾਅਦ ਅਗਲੇ ਦਿਨ ਸੁਖਬੀਰ ਹਰ ਇਕ ਲੋਕ ਸਭਾ ਸੀਟ 'ਚ ਪੈਂਦੇ ਹਲਕਿਆਂ ਦੇ ਇੰਚਾਰਜਾਂ ਅਤੇ ਵਿਧਾਇਕਾਂ ਨਾਲ ਵੀ ਵੱਖਰੀਆਂ ਮੀਟਿੰਗਾਂ ਕਰਕੇ ਹਾਰ ਦੇ ਕਾਰਨਾਂ ਦੀ ਨਬਜ਼ ਫੜਨਗੇ।

ਦੱਸਣਯੋਗ ਹੈ ਕਿ ਅਕਾਲੀ ਦਲ ਨੂੰ 10 ਵਿਚੋਂ 8 ਲੋਕ ਸਭਾ ਹਲਕਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਪਿੱਛੋਂ ਅਕਾਲੀ ਦਲ ਲੋਕ ਸਭਾ ਚੋਣਾਂ 'ਚ ਹੋਈ ਹਾਰ ਨੂੰ ਚੁਣੌਤੀ ਮੰਨ ਕੇ ਚੱਲ ਰਿਹਾ ਹੈ। ਅਕਾਲੀ ਦਲ ਨੂੰ ਫਤਿਹਗੜ੍ਹ ਸਾਹਿਬ, ਲੁਧਿਆਣਾ, ਸ੍ਰੀ ਅਨੰਦਪੁਰ ਸਾਹਿਬ, ਫਰੀਦਕੋਟ, ਜਲੰਧਰ, ਖਡੂਰ ਸਾਹਿਬ, ਪਟਿਆਲਾ ਅਤੇ ਸੰਗਰੂਰ ਹਲਕਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਸਬੰਧੀ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਆਉਣ ਵਾਲੇ ਦਿਨਾਂ 'ਚ ਜਾਂ ਅਗਲੇ ਹਫ਼ਤੇ ਪਾਰਟੀ ਦੇ ਸਾਰੇ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਅਹਿਮ ਮੀਟਿੰਗ ਬੁਲਾ ਕੇ ਹਾਰ ਦੇ ਕਾਰਨਾਂ ਦਾ ਪਤਾ ਲਗਾ ਕੇ ਨਵੀਂ ਰਣਨੀਤੀ ਤੈਅ ਕੀਤੀ ਜਾਵੇਗੀ।