ਗੁਰਤੇਜ ਸਿੰਘ ਸਿੱਧੂ, ਬਠਿੰਡਾ : ਪੰਜਾਬ ਦੇ 1370 ਸਰਕਾਰੀ ਮੁਲਾਜ਼ਮਾਂ ਨੇ ਲੋਕ ਸਭਾ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਰੱਦ ਕਰਦਿਆਂ 'ਨੋਟਾ' 'ਤੇ ਮੋਹਰ ਲਗਾਈ ਹੈ। ਇਹ ਉਹ ਮੁਲਾਜ਼ਮ ਹਨ, ਜਿਨ੍ਹਾਂ ਪੋਟਸਲ ਬੈਲੇਟ ਪੇਪਰ ਰਾਹੀਂ ਆਪਣੀ ਵੋਟ ਦਿੱਤੀ ਹੈ। ਫਹਤਿਗੜ੍ਹ ਸਾਹਿਬ ਦੇ ਸੰਸਦੀ ਇਲਾਕੇ ਵਿਚ 60 ਸਰਕਾਰੀ ਮੁਲਾਜ਼ਮਾਂ ਨੂੰ 20 'ਚੋਂ ਕੋਈ ਵੀ ਉਮੀਦਵਾਰ ਪਸੰਦ ਨਹੀਂ ਆਇਆ।

ਇੰਨਾ ਹੀ ਨਹੀਂ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਫਹਤਿਗੜ੍ਹ ਸਾਹਿਬ ਦੇ ਸੰਸਥੀ ਖੇਤਰ 'ਚ ਈਵੀਐੱਮ ਮਸ਼ੀਨ ਰਾਹੀਂ ਕਿਸੇ ਨੇ ਵੀ ਨੋਟਾ ਦਾ ਬਟਨ ਨਹੀਂ ਦੱਬਿਆ, ਜਦਕਿ ਪੂਰੇ ਪੰਜਾਬ ਵਿਚ 1,41,438 ਲੋਕਾਂ ਨੇ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਨੂੰ ਨਾਪਸੰਦ ਕਰਦਿਆਂ 'ਨੋਟਾ' ਨੂੰ ਚੁਣਿਆ ਹੈ, ਜੋ ਕੁਲ ਪੋਲ ਹੋਈ ਵੋਟ ਦਾ 1.10 ਫ਼ੀਸਦੀ ਬਣਦਾ ਹੈ। ਇਸ ਵਿੱਚੋਂ 1,40,068 ਵੋਟਰਾਂ ਨੇ ਈਵੀਐੱਮ ਰਾਹੀਂ, ਜਦਕਿ 1370 ਸਰਕਾਰੀ ਮੁਲਾਜ਼ਮਾਂ ਨੇ ਪੋਸਟਲ ਬੈਲੇਟ ਰਾਹੀ 'ਨੋਟਾ' 'ਤੇ ਮੋਹਰ ਲਗਾਈ।

ਫਿਰੋਜ਼ਪੁਰ ਵਿਚ ਪੋਸਟਲ ਬੈਲੇਟ ਰਾਹੀਂ ਸਭ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਨੇ 'ਨੋਟਾ' 'ਤੇ ਮੋਹਰ ਲਗਾਈ। ਮੁੱਖ ਮੰਤਰੀ ਦੇ ਹਲਕੇ ਪਟਿਆਲਾ ਵਿਚ ਸਰਕਾਰੀ ਮੁਲਾਜ਼ਮਾਂ ਨੇ ਸਭ ਤੋਂ ਘੱਟ 'ਨੋਟਾ' ਨੂੰ ਚੁਣਿਆ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੁੱਲ 2,07,81, 211 ਵੋਟਰ ਹਨ, ਜਿਨ੍ਹਾਂ 'ਚੋਂ 1,37,07,312 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਪੰਜਾਬ ਅੰਦਰ ਪੋਲ ਹੋਈਆਂ ਵੋਟਾਂ ਦੀ ਫ਼ੀਸਦ 65.96 ਬਣਦੀ ਹੈ।

ਫਰਦੀਕੋਟੀਆਂ ਨੇ ਸਭ ਤੋਂ ਵੱਧ ਪਸੰਦ ਕੀਤਾ 'ਨੋਟਾ'

13 ਲੋਕ ਸਭਾ ਹਲਕਿਆਂ 'ਚੋਂ ਫ਼ਰੀਦਕੋਟ ਹਲਕੇ 'ਚ ਵੋਟਰਾਂ ਨੇ ਸਭ ਤੋਂ ਵੱਧ 'ਨੋਟਾ' ਨੂੰ ਪਸੰਦ ਕੀਤਾ। ਇਸ ਹਲਕੇ ਵਿਚ 19246 ਵੋਟਰਾਂ ਨੇ 'ਨੋਟਾ' ਤੇ ਮੋਹਰ ਲਗਾਈ, ਜਦੋਂ ਕਿ ਦੂਜੇ ਨੰਬਰ 'ਤੇ ਅਨੰਦਪੁਰ ਸਾਹਿਬ ਹਲਕੇ ਦੇ 17,135 ਲੋਕਾਂ ਨੇ 'ਨੋਟਾ' ਨੂੰ ਤਰਜੀਹ ਦਿੱਤੀ। ਇਨ੍ਹਾਂ ਦੋਵਾਂ ਹਲਕਿਆਂ 'ਚੋਂ ਕਾਂਗਰਸੀ ਉਮੀਦਵਾਰ ਜੇਤੂ ਰਹੇ ਹਨ। 'ਨੋਟਾ' ਦਬਾਉਣ ਵਾਲਿਆਂ ਵਿਚ ਤੀਜਾ ਨੰਬਰ ਹਲਕਾ ਫਿਰੋਜ਼ਪੁਰ ਦੇ ਲੋਕਾਂ ਦਾ ਹੈ, ਇਥੇ 14,891 ਵੋਟਰਾਂ ਨੇ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਾ ਕਰਦਿਆਂ 'ਨੋਟਾ' ਨੂੰ ਦਬਾਇਆ। ਇਸ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਜੇਤੂ ਰਹੇ ਹਨ। ਇਸ ਤਰ੍ਹਾਂ ਚੌਥੇ ਨੰਬਰ 'ਤੇ ਬਠਿੰਡਾ ਵਿਚ 13,323, ਪੰਜਵੇਂ ਨੰਬਰ 'ਤੇ ਹੁਸ਼ਿਆਰਪੁਰ ਵਿਚ 12,868, ਛੇਵੇਂ ਨੰਬਰ 'ਤੇ ਜਲੰਧਰ ਵਿਚ 12,324, ਸਤਵੇਂ ਨੰਬਰ 'ਤੇ ਪਟਿਆਲਾ ਵਿਚ 11,110, ਅੱਠਵੇਂ ਨੰਬਰ 'ਤੇ ਲੁਧਿਆਣਾ ਵਿਚ 10,538, ਨੌਵੇਂ ਸਥਾਨ 'ਤੇ ਗੁਰਦਾਸਪੁਰ ਵਿਚ 9560, ਦਸਵੇਂ ਨੰਬਰ 'ਤੇ ਸ੍ਰੀ ਅੰਮਿ੍ਤਸਰ ਵਿਚ 8763, 11ਵੇਂ ਨੰਬਰ 'ਤੇ ਸੰਗਰੂਰ ਵਿਚ 6490 ਅਤੇ 12ਵੇਂ ਨੰਬਰ 'ਤੇ ਖਡੂਰ ਸਾਹਿਬ ਵਿਚ 5130 ਲੋਕਾਂ ਅਤੇ 13ਵੇਂ ਨੰਬਰ 'ਤੇ ਸ੍ਰੀ ਫਤਹਿਗੜ੍ਹ ਸਾਹਿਬ ਵਿਚ 60 ਵੋਟਰਾਂ ਨੇ 'ਨੋਟਾ' ਦਾ ਬਟਨ ਦਬਾਇਆ।

ਫਿਰੋਜ਼ਪੁਰ ਵਿਚ ਪੋਸਟਲ ਬੈਲੇਟ ਰਾਹੀਂ 'ਨੋਟਾ' 'ਤੇ ਲੱਗੀ ਸਭ ਤੋਂ ਜ਼ਿਆਦਾ ਮੋਹਰ

ਸਰਕਾਰੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਪੋਸਟਲ ਬੈਲੇਟ ਰਾਹੀਂ ਫਿਰੋਜ਼ਪੁਰ ਵਿਚ ਸਭ ਤੋਂ ਜ਼ਿਆਦਾ 455 ਮੁਲਾਜ਼ਮ ਵੋਟਰਾਂ ਨੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਰੱਦ ਕਰਦਿਆਂ 'ਨੋਟਾ' 'ਤੇ ਮੋਹਰ ਲਗਾਈ ਹੈ। ਫਰੀਦੋਕਟ ਵਿਚ 193, ਹੁਸ਼ਿਆਰਪੁਰ ਵਿਚ 113, ਬਠਿੰਡਾ ਵਿਚ 103, ਗੁਰਦਾਸਪੁਰ ਵਿਚ 86, ਲੁਧਿਆਣਾ ਵਿਚ 80, ਅਨੰਦਪੁਰ ਸਾਹਿਬ ਵਿਚ 66, ਸੰਗਰੂਰ ਵਿਚ 64, ਫਤਹਿਗੜ੍ਹ ਸਾਹਿਬ ਵਿਚ 60, ਅੰਮਿ੍ਤਸਰ ਵਿਚ 50, ਖਡੂਰ ਸਾਹਿਬ ਵਿਚ 48, ਪਟਿਆਲਾ ਵਿਚ 29 ਅਤੇ ਜਲੰਧਰ ਵਿਚ 23 ਮੁਲਾਜ਼ਮਾਂ ਨੇ ਪੋਸਟਲ ਬੈਲੇਟ ਰਾਹੀਂ 'ਨੋਟਾ' 'ਤੇ ਮੋਹਰ ਲਗਾਈ।