ਆਕਾਸ਼, ਗੁਰਦਾਸਪੁਰ : ਪੰਜਾਬ ਦੀਆਂ 13 ਸੀਟਾਂ 'ਚ ਸ਼ਾਮਲ ਗੁਰਦਾਸਪੁਰ ਲੋਕ ਸਭਾ ਹਲਕਾ ਦੀ ਸੀਟ ਦੇਸ਼ ਦੀਆਂ ਉਨ੍ਹਾਂ 'ਹੋਟ' ਸੀਟਾਂ 'ਚ ਸ਼ਾਮਲ ਹੈ, ਜਿਨ੍ਹਾਂ 'ਤੇ ਨਾ ਸਿਰਫ਼ ਪੰਜਾਬ ਸਗੋਂ ਪੂਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਸੀਟ 'ਤੇ ਇਕ ਪਾਸੇ ਜਿਥੇ ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਅਤੇ ਮੌਜੂਦਾ ਸੰਸਦ ਮੈਂਬਰ ਸੁਨੀਲ ਜਾਖੜ ਦਾ ਵੱਕਾਰ ਦਾਅ 'ਤੇ ਲੱਗਾ ਹੋਇਆ ਹੈ, ਉਥੇ ਹੀ ਦੂਜੇ ਪਾਸੇ ਸੈਲੀਬਿ੍ਟੀ ਸੰਨੀ ਦਿਓਲ ਦਾ ਸਟਾਰਡਮ ਵੀ ਦਾਅ 'ਤੇ ਲੱਗਾ ਹੈ।

ਸੁਨੀਲ ਜਾਖੜ ਦੇ ਨਾਂ ਦਾ ਐਲਾਨ ਤਾਂ ਕਾਫੀ ਸਮਾਂ ਪਹਿਲਾਂ ਹੀ ਹੋ ਗਿਆ ਸੀ ਪਰ ਭਾਜਪਾ ਨੂੰ ਸੁਨੀਲ ਜਾਖੜ ਵਰਗੇ ਮਜ਼ਬੂਤ ਉਮੀਦਵਾਰ ਦਾ ਤੋੜ ਲੱਭਣ 'ਚ ਕਾਫ਼ੀ ਮੁਸ਼ੱਕਤ ਕਰਨੀ ਪਈ। ਸ਼ਾਇਦ ਭਾਜਪਾ ਦੀ ਉੱਚ ਲੀਡਰਸ਼ਿਪ ਨੂੰ ਇਹ ਅਹਿਸਾਸ ਪਹਿਲਾਂ ਹੀ ਹੋ ਗਿਆ ਸੀ ਕਿ ਸੁਨੀਲ ਜਾਖੜ ਨੂੰ ਟੱਕਰ ਦੇਣਾ ਕਿਸੇ ਸਥਾਨਕ ਆਗੂ ਦੇ ਵੱਸ ਦੀ ਗੱਲ ਨਹੀਂ। ਇਸ ਦਾ ਨਤੀਜਾ ਉਹ 2017 ਦੀਆਂ ਜ਼ਿਮਨੀ ਚੋਣਾਂ 'ਚ ਦੇਖ ਚੁੱਕੇ ਸਨ, ਜਦੋਂ ਵਿਨੋਦ ਖੰਨਾ ਦੇ ਦੇਹਾਂਤ ਮਗਰੋਂ ਖਾਲੀ ਹੋਈ ਸੀਟ ਤੇ ਸਥਾਨਕ ਆਗੂ ਸਵਰਨ ਸਲਾਰੀਆ ਨੂੰ ਭਾਜਪਾ ਨੇ ਚੋਣ ਮੈਦਾਨ 'ਚ ਉਤਾਰਿਆ ਸੀ।

ਇਸ ਦਾ ਹਸ਼ਰ ਇਹ ਹੋਇਆ ਹੈ ਕਿ ਸੁਨੀਲ ਜਾਖੜ ਨੇ ਨਾ ਸਿਰਫ਼ ਸਲਾਰੀਆ ਨੂੰ ਮਾਤ ਦਿੱਤੀ, ਸਗੋਂ 1 ਲੱਖ 93 ਹਜ਼ਾਰ ਵੋਟਾਂ ਦੇ ਵੱਡੇ ਨਾਲ ਹਰਾ ਕੇ ਗੁਰਦਾਸਪੁਰ ਦੇ ਚੋਣ ਇਤਿਹਾਸ 'ਚ ਹੁਣ ਤਕ ਦੀ ਸੱਭ ਤੋਂ ਵੱਡੀ ਜਿੱਤ ਹਾਸਲ ਕੀਤੀ। ਇਹ ਵੀ ਜੱਗ-ਜ਼ਾਹਿਰ ਹੈ ਕਿ ਭਾਜਪਾ ਲਈ ਇਸ ਵਾਰ ਮੁੜ ਕੇਂਦਰ 'ਚ ਮੋਦੀ ਸਰਕਾਰ ਦੀ ਸਥਾਪਨਾ ਸਭ ਤੋਂ ਵੱਡੀ ਚੁਣੌਤੀ ਹੈ। ਇਸ ਲਈ ਭਾਜਪਾ ਕਿਸੇ ਵੀ ਸੀਟ 'ਤੇ ਸਮਝੌਤਾ ਕਰਨ ਦੇ ਮੂਡ 'ਚ ਨਹੀਂ ਹੈ। ਸ਼ਾਇਦ ਇਹੋ ਕਾਰਨ ਹੈ ਕਿ ਗੁਰਦਾਸਪੁਰ 'ਚ ਉਨ੍ਹਾਂ ਨੇ ਸਥਾਨਕ ਆਗੂ ਸਵਰਨ ਸਲਾਰੀਆ, ਮਾਸਟਰ ਮੋਹਨ ਲਾਲ ਅਤੇ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੀ ਦਾਅਦੇਵਾਰੀ ਨੂੰ ਨੱਕਾਰ ਦਿੱਤਾ ਤੇ ਭਾਜਪਾ ਨੇ 4 ਘੰਟੇ ਪਹਿਲਾਂ ਪਾਰਟੀ 'ਚ ਸ਼ਾਮਲ ਹੋਏ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਆਪਣੇ ਉਮੀਦਵਾਰ ਐਲਾਨ ਦਿੱਤਾ। ਬੇਸ਼ੱਕ ਇਹ ਫੈਸਲਾ ਬਹੁਤ ਦੇਰੀ ਨਾਲ ਕੀਤਾ ਗਿਆ ਪਰ ਸੈਲੀਬਿ੍ਟੀ ਦੇ ਨਾਂ ਨਾਲ ਗੁਰਦਾਸਪੁਰ ਸੀਟ ਹੋਟ ਸੀਟਾਂ 'ਚ ਸ਼ਾਮਲ ਹੋ ਗਈ। ਦੂਜੇ ਪਾਸੇ ਸੰਨੀ ਦਿਓਲ ਦੇ ਆਉਂਦਿਆਂ ਹੀ ਕਾਂਗਰਸ ਉਮੀਦਵਾਰ ਜਾਖੜ ਨੇ ਆਪਣੀ ਚੋਣ ਪ੍ਰਚਾਰ ਦੀ ਰਣਨੀਤੀ ਨੂੁੰ ਨਵੇਂ ਸਿਰਿਓਂ ਘੜ੍ਹਿਆ ਅਤੇ ਪ੍ਰਚਾਰ 'ਚ ਪੂਰੀ ਤਾਕਤ ਲਗਾ ਦਿੱਤੀ।

35 ਸਾਲ ਦੇ ਤਜਰਬੇ ਅਤੇ ਨਵੇਂ ਖਿਡਾਰੀ ਦੀ ਟੱਕਰ

ਸੁਨੀਲ ਜਾਖੜ ਕੌਲ 35 ਸਾਲ ਦਾ ਸਿਆਸੀ ਤਜਰਬਾ ਹੈ ਅਤੇ ਸਥਾਨਕ ਮੁੱਦਿਆਂ ਤੋਂ ਇਲਾਵਾ ਰਾਸ਼ਟਰੀ ਮੁੱਦਿਆਂ ਦੀ ਠੋਸ ਜਾਣਕਾਰੀ ਹੋਣ ਕਾਰਨ ਉਹ ਆਪਣੀ ਭਾਸ਼ਣ ਕਲਾ ਰਾਹੀਂ ਆਪਣੇ ਪ੍ਰਚਾਰ 'ਚ ਇਸ ਤਜ਼ਰਬੇ ਨੂੰ ਅਜਮਾਉਣ 'ਚ ਪੂਰੀ ਤਰ੍ਹਾਂ ਸਫਲ ਰਹੇ। ਇਸ ਤੋਂ ਇਲਾਵਾ ਉਨ੍ਹਾਂ ਦੇ 7 ਕਾਂਗਰਸੀ ਵਿਧਾਇਕਾਂ ਵੱਲੋਂ ਵੀ ਇਕ-ਇਕ ਵੋਟਰ ਤਕ ਪਹੁੰਚ ਕਰਨ ਲਈ ਮੀਟਿੰਗਾਂ ਤੇ ਰੈਲੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਗਿਆ।

ਸੰਨੀ ਦਿਓਲ ਦੇ ਹੱਕ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਪਠਾਨਕੋਟ 'ਚ ਆਏ, ਇਸ ਦੇ ਜਵਾਬ 'ਚ ਕਾਂਗਰਸ ਦੀ ਸਟਾਰ ਪ੍ਰਚਾਰ ਪਿ੍ਰਅੰਕਾ ਗਾਂਧੀ ਨੇ ਵੀ ਪਠਾਨਕੋਟ 'ਚ ਆਪਣੀ ਹਾਜ਼ਰੀ ਭਰ ਪ੍ਰਭਾਵ ਛੱਡਿਆ। ਦੂਜੇ ਪਾਸੇ ਸੰਨੀ ਦਿਓਲ ਨੇ ਘੱਟ ਸਮੇਂ ਦੇ ਬਾਵਜੂਦ ਰੋਡ ਸ਼ੋਅ ਰਾਹੀਂ ਆਪਣੇ ਸਟਾਰ ਚਿਹਰੇ ਦੀ ਚਕਾਚੌਂਧ ਨਾਲ ਵੱਧ ਤੋਂ ਵੱਧ ਲੋਕਾਂ ਨੁੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਸੰਨੀ ਦਿਓਲ ਨੇ ਆਉਂਦਿਆਂ ਹੀ ਕਹਿ ਦਿੱਤਾ ਕਿ ਉਨ੍ਹਾਂ ਨੂੰ ਸਿਆਸਤ ਦੀ ਜ਼ਿਆਦਾ ਸਮਝ ਨਹੀਂ ਹੈ ਪਰ ਉਹ ਲੋਕਾਂ ਨਾਲ ਜੁੜ ਕੇ ਸਾਰੇ ਕੰਮ ਕਰਨਗੇ। ਸਥਾਨਕ ਮੁੱਦਿਆਂ ਦੀ ਘੱਟ ਜਾਣਕਾਰੀ ਦੇ ਬਾਵਜੂਦ ਉਹ ਆਪਣੇ ਰੋਡ ਸ਼ੋਅ 'ਚ ਭੀੜ ਇਕੱਠੀ ਕਰਨ 'ਚ ਸਫ਼ਲ ਰਹੇ। ਉਨ੍ਹਾਂ ਨੇ ਮੁੱਦਿਆਂ ਦੀ ਬਜਾਏ ਡਾਇਲਾਗ ਦਾ ਸਹਾਰਾ ਲਿਆ, ਜਿਸ ਨਾਲ ਨੌਜਵਾਨ ਵਰਗ ਕਾਫ਼ੀ ਨਿਹਾਲ ਹੋਇਆ।

ਬਾਕੀ ਉਮੀਦਵਾਰਾਂ ਦੀ ਵੀ ਅਹਿਮ ਭੂਮਿਕਾ

ਉਂਝ ਤਾਂ 15 ਉਮੀਦਵਾਰ ਚੋਣ ਮੈਦਾਨ 'ਚ ਹਨ ਅਤੇ ਹਰ ਉਮੀਦਵਾਰ ਨੇ ਆਪਣੀ ਸਮਰੱਥਾ ਮੁਤਾਬਕ ਜਿੱਤ ਦੀ ਆਸ ਲੈ ਕੇ ਚੋਣ ਮੈਦਾਨ 'ਚ ਉਤਰੇ ਹਨ। ਬੇਸ਼ੱਕ ਕਾਂਗਰਸ ਅਤੇ ਭਾਜਪਾ ਦੇ ਮੁਕਾਬਲੇ ਬਾਕੀ ਉਮੀਦਵਾਰ ਚੋਣ ਪ੍ਰਚਾਰ 'ਚ ਕਾਫ਼ੀ ਪਿੱਛੇ ਰਹੇ ਪਰ ਇਨ੍ਹਾਂ ਨੂੰ ਮਿਲਣ ਵਾਲੀਆਂ ਵੋਟਾਂ ਪ੍ਰਮੁੱਖ ਉਮੀਦਵਾਰਾਂ ਦੀ ਜਿੱਤ ਜਾਂ ਹਾਰ 'ਤੇ ਅਸਰ ਜ਼ਰੂਰ ਪਾਉਣਗੀਆਂ। ਆਮ ਆਦਮੀ ਪਾਰਟੀ ਦੀ ਭੂਮਿਕਾ ਵੀ ਕਾਫ਼ੀ ਅਹਿਮ ਰਹੇਗੀ।

2014 'ਚ ਆਮ ਆਦਮੀ ਪਾਰਟੀ ਦੀ ਪੂਰੀ ਚੜ੍ਹਾਈ ਸੀ ਅਤੇ ਉਦੋਂ ਇਸ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ 1 ਲੱਖ 71 ਹਜ਼ਾਰ ਵੋਟਾਂ ਲੈਣ 'ਚ ਸਫ਼ਲ ਰਹੇ ਸਨ। ਇਸ ਦਾ ਸਿੱਧਾ ਨੁਕਸਾਨ ਕਾਂਗਰਸ ਨੁੂੰ ਹੋਇਆ ਸੀ, ਜਿਸ ਕਾਰਨ ਭਾਜਪਾ ਦੇ ਵਿਨੋਦ ਖੰਨਾ ਜਿੱਤ ਗਏ। 2017 ਦੀ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਸਿਰਫ਼ 23 ਹਜ਼ਾਰ ਵੋਟਾਂ ਤਕ ਸਿਮਟ ਗਏ। ਆਪ ਨੂੰ ਪਈਆਂ ਘੱਟ ਵੋਟਾਂ ਕਾਂਗਰਸ ਦੀ ਝੋਲੀ ਗਈਆਂ, ਜਿਸ ਕਾਰਨ ਸੁਨੀਲ ਜਾਖੜ ਪੌਣੇ ਦੋ ਲੱਖ ਵੋਟਾਂ ਨਾਲ ਜਿੱਤ ਗਏ। ਹੁਣ ਇਸ ਵਾਰ ਆਮ ਆਦਮੀ ਪਾਰਟੀ ਨੇ ਪੀਟਰ ਚੀਦਾ ਨੂੰ ਮੁਕਾਬਲੇ 'ਚ ਉਤਾਰਿਆ ਹੈ। ਪੀਟਰ ਚੀਦਾ ਇਸਾਈ ਭਾਈਚਾਰੇ ਨਾਲ ਸਬੰਧਤ ਹਨ।

ਪੀਟਰ ਚੀਦਾ ਦਾ ਪ੍ਰਚਾਰ ਕਾਂਗਰਸ-ਭਾਜਪਾ ਦੇ ਮੁਕਾਬਲੇ ਕਾਫ਼ੀ ਪਿੱਛੇ ਰਿਹਾ ਹੈ। ਆਪ ਤੋਂ ਇਕ ਵੀ ਸਟਾਰ ਪ੍ਰਚਾਰਕ ਉਨ੍ਹਾਂ ਲਈ ਹਲਕੇ 'ਚ ਚੋਣ ਪ੍ਰਚਾਰ ਕਰਨ ਨਹੀਂ ਆਇਆ। ਇਸੇ ਤਰ੍ਹਾਂ ਪੀਡੀਏ ਵੱਲੋਂ ਲਾਲ ਚੰਦ ਕਟਾਰੂਚੱਕ ਅਤੇ ਜਨਰਲ ਸਮਾਜ ਦੇ ਪ੍ਰਰੀਤਮ ਸਿੰਘ ਭੱਟੀ ਵੀ ਨਤੀਜੇ ਨੂੰ ਪ੍ਰਭਾਵਿਤ ਕਰ ਸਕਦੇ ਹਨ।