ਸਟੇਟ ਬਿਊਰੋ, ਸ੍ਰੀਨਗਰ : ਸ੍ਰੀਨਗਰ-ਬਡਗਾਮ ਸੰਸਦੀ ਖੇਤਰ 'ਤੇ ਕਦੀ ਨੈਸ਼ਨਲ ਕਾਨਫਰੰਸ ਦਾ ਇਕ ਛਤਰ ਰਾਜ ਸੀ। ਇਸ ਸੀਟ 'ਤੇ ਹੋਈਆਂ ਹੁਣ ਤਕ ਦੀਆਂ ਸੰਸਦੀ ਚੋਣਾਂ 'ਚ ਨੈਸ਼ਨਲ ਕਾਨਫਰੰਸ (ਨੈਕਾ) ਨੌਂ ਵਾਰ ਜਿੱਤੀ ਹੈ। ਇਸ ਵਾਰ ਨੈਕਾ ਨੇ ਆਪਣੇ ਬਜ਼ੁਰਗ ਨੇਤਾ ਡਾ. ਫਾਰੂਕ ਅਬਦੁੱਲਾ ਨੂੰ ਇਸ ਸੀਟ ਤੋਂ ਉਤਾਰਿਆ ਹੈ। ਉਹ ਇਸ ਸੀਟ ਤੋਂ ਚੌਥੀ ਵਾਰ ਸੰਸਦੀ ਚੋਣ ਲੜਨਗੇ। ਇਹ ਮੰਨਿਆ ਜਾ ਰਿਹਾ ਹੈ ਕਿ 82 ਸਾਲ ਦੇ ਇਸ ਦਿੱਗਜ ਨੇਤਾ ਦੀ ਇਹ ਆਖ਼ਰੀ ਚੋਣ ਹੋਵੇਗੀ।

2014 ਦੀਆਂ ਸੰਸਦੀ ਚੋਣਾਂ 'ਚ ਪੀਪੁਲਸ ਡੈਮੋਕ੍ਰੇਟਿਕ ਪਾਰਟੀ ਦੇ ਤਾਰਿਕ ਹਮੀਦ ਕਰਾ ਨੇ ਇਸੇ ਸੀਟ 'ਤੇ ਉਨ੍ਹਾਂ ਨੂੰ ਹਰਾ ਕੇ ਨੈਕਾ ਦੀਆਂ ਸਿਆਸੀ ਚੂਲਾਂ ਹਿਲਾ ਦਿੱਤੀਆਂ ਸਨ। ਸੈਂਟਰਲ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ ਸ੍ਰੀਨਗਰ, ਬਡਗਾਮ ਤੇ ਗਾਂਦਰਬਲ ਦੇ 15 ਵਿਧਾਨ ਸਭਾ ਖੇਤਰਾਂ 'ਤੇ ਅਧਾਰਤ ਇਸ ਲੋਕ ਸਭਾ ਖੇਤਰ 'ਚ 12,94,560 ਵੋਟਰ 12 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 18 ਅਪ੍ਰੈਲ ਨੂੰ ਦੂਜੇ ਪੜਾਅ 'ਚ ਕਰਨਗੇ। ਭਾਜਪਾ ਨੇ ਇੱਥੋਂ ਯੁਵਾ ਆਗੂ ਖਾਲਿਦ ਜਹਾਂਗੀਰ ਨੂੰ ਮੈਦਾਨ 'ਚ ਉਤਾਰਿਆ ਹੈ। ਕਾਂਗਰਸ ਇਸ ਲੜਾਈ 'ਚੋਂ ਬਾਹਰ ਹੈ ਤੇ ਉਹ ਨੈਸ਼ਨਲ ਕਾਨਫਰੰਸ ਦੀ ਹਮਾਇਤ 'ਚ ਲੱਗੀ ਹੈ। ਪੀਡੀਪੀ ਲਈ ਇਹ ਚੋਣ ਹੋਂਦ ਦੀ ਲੜਾਈ ਹੈ।

ਸ੍ਰੀਨਗਰ ਸੀਟ ਦਾ ਚੋਣ ਇਤਿਹਾਸ : ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤਕ ਰਾਸ਼ਟਰੀ ਸਿਆਸਤ ਨੂੰ ਪ੍ਰਭਾਵਤ ਕਰਨ ਵਾਲੀ ਕਸ਼ਮੀਰ ਦੀ ਸਿਆਸਤ ਦਾ ਕੇਂਦਰ ਇਹ ਸੀਟ ਹੈ। ਇਸ ਸੰਸਦੀ ਖੇਤਰ ਨੂੰ ਅਬਦੁੱਲਾ ਪਰਿਵਾਰ ਦੀ ਸੀਟ ਕਿਹਾ ਜਾਂਦਾ ਰਿਹਾ ਹੈ। ਇਸ ਦੀ ਪੁਸ਼ਟੀ 1967 ਤੋਂ ਲੈ ਕੇ 2014 ਤਕ ਹੋਈ ਸੰਸਦੀ ਚੋਣਾਂ ਕਰਦੀਆਂ ਰਹੀਆਂ ਹਨ। 1971, 1996 ਤੇ 2014 'ਚ ਹੀ ਇੱਥੋਂ ਗ਼ੈਰ ਨੈਸ਼ਨਲ ਕਾਨਫਰੰਸ ਦਾ ਉਮੀਦਵਾਰ ਸੰਸਦ ਮੈਂਬਰ ਬਣਿਆ ਹੈ। 1996 'ਚ ਨੈਕਾ ਨੇ ਸੰਸਦੀ ਚੋਣਾਂ ਦਾ ਬਾਈਕਾਟ ਕੀਤਾ ਸੀ। ਉਸ ਸਮੇਂ ਕਾਂਗਰਸ ਦੇ ਗ਼ੁਲਾਮ ਮੁਹੰਮਦ ਮੀਰ ਚੋਣ

ਜਿੱਤੇ ਸਨ। ਅਬਦੁੱਲਾ ਪਰਿਵਾਰ ਦੇ ਕਿਸੇ ਮੈਂਬਰ ਨੇ 1977 'ਚ ਪਹਿਲੀ ਵਾਰ ਇਹ ਸੀਟ ਜਿੱਤੀ ਸੀ।

ਉਸ ਸਮੇਂ ਡਾ. ਫਾਰੂਕ ਅਬਦੁੱਲਾ ਦੀ ਮਾਂ ਬੇਗ਼ਮ ਅਕਬਰ ਜਹਾਂ ਨੇ ਚੋਣ ਲੜੀ ਸੀ। 1980 'ਚ ਫਾਰੂਕ ਇੱਥੋਂ ਸੰਸਦ ਮੈਂਬਰ ਬਣੇ। ਉਨ੍ਹਾਂ ਦੇ ਬੇਟੇ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਲਗਪਗ ਤਿੰਨ ਵਾਰ (1998, 1999, 2004) ਇਸ ਸੀਟ ਤੋਂ ਚੋਣ ਜਿੱਤੀ। 2009 'ਚ ਡਾ. ਫਾਰੂਕ ਅਬਦੁੱਲਾ ਨੇ ਇਹ ਸੀਟ ਜਿੱਤੀ ਸੀ।

ਬਦਲਦੇ ਹਾਲਾਤ : ਬੀਤੇ 70 ਸਾਲਾਂ ਦੌਰਾਨ ਕਸ਼ਮੀਰ ਦੀ ਸਿਆਸਤ 'ਚ ਆਏ ਬਦਲਾਅ ਵਿਚਕਾਰ ਅਬਦੁੱਲਾ ਪਰਿਵਾਰ ਲਈ ਇਹ ਕਿਲ੍ਹਾ ਹੁਣ ਪਹਿਲਾਂ ਵਾਂਗ ਮਜ਼ਬੂਤ ਨਹੀਂ ਰਿਹਾ ਹੈ। 2014 'ਚ ਪੀਡੀਪੀ ਉਮੀਦਵਾਰ ਤਾਰਿਕ ਹਮੀਦ ਕਰਾ ਨੇ ਫਾਰੂਕ ਅਬਦੁੱਲਾ ਨੂੰ ਹਰਾ ਕੇ ਇਸ ਸੀਟ 'ਤੇ ਨੈਕਾ ਨੂੰ ਝਟਕਾ ਦੇ ਦਿੱਤਾ ਸੀ। 2014 ਦੀਆਂ ਸੰਸਦੀ ਚੋਣਾਂ 'ਚ ਵੱਖਵਾਦੀਆਂ ਤੇ ਅੱਤਵਾਦੀਆਂ ਦੇ ਚੋਣ ਬਾਈਕਾਟ ਦਰਮਿਆਨ ਇਸ ਪੂਰੇ ਖੇਤਰ 'ਚ ਕਰੀਬ 26 ਫ਼ੀਸਦੀ ਹੀ ਮਤਦਾਨ ਹੋਇਆ ਸੀ। ਉਸ ਸਮੇਂ ਕਾਂਗਰਸ ਡਾ. ਅਬਦੁੱਲਾ ਨਾਲ ਸੀ। ਭਾਜਪਾ ਉਮੀਦਵਾਰ ਨੂੰ ਕਰੀਬ ਚਾਰ ਹਜ਼ਾਰ ਵੋਟਾਂ ਮਿਲੀਆਂ ਸਨ। 2017 'ਚ ਤਾਰਿਕ ਹਮੀਦ ਕਰਾ ਦੇ ਅਸਤੀਫ਼ੇ ਮਗਰੋਂ ਹੋਈ ਜ਼ਿਮਨੀ ਚੋਣ 'ਚ ਫਾਰੂਕ ਅਬਦੁੱਲਾ ਨੇ ਇਹ ਸੀਟ ਤਾਂ ਜਿੱਤ ਲਈ, ਪਰ ਜ਼ਿਮਨੀ ਚੋਣ 'ਚ ਹੋਈ ਹਿੰਸਾ ਨੇ ਅੱਠ ਲੋਕਾਂ ਦੀ ਜਾਨ ਲਈ। ਇਸ ਸੀਟ 'ਤੇ ਸਿਰਫ਼ ਸੱਤ ਫ਼ੀਸਦੀ ਮਤਦਾਨ ਹੋਇਆ ਸੀ।

ਸਿਆਸੀ ਸਮੀਕਰਨ : ਇਸ ਪੂਰੇ ਖੇਤਰ 'ਚ ਕਰੀਬ ਢਾਈ ਲੱਖ ਸ਼ੀਆ ਵੋਟਰ ਹਨ। ਹਿਜਰਤਕਾਰੀ ਕਸ਼ਮੀਰੀ ਪੰਡਤ, ਸਿੱਖ ਤੇ ਹੋਰ ਗ਼ੈਰ ਮੁਸਲਿਮ ਵੋਟਰ ਵੀ ਕਰੀਬ ਇਕ ਲੱਖ ਹਨ। ਇਸ ਤੋਂ ਇਲਾਵਾ ਦਿਹਾਤੀ ਇਲਾਕਿਆਂ ਤੇ ਗੁੱਜਰ ਭਾਈਚਾਰੇ ਦੀ ਆਬਾਦੀ ਵਾਲੇ ਇਲਾਕਿਆਂ 'ਚ ਨੈਕਾ ਦਾ ਜਨ ਆਧਾਰ ਰਵਾਇਤੀ ਰੂਪ ਨਾਲ ਮਜ਼ਬੂਤ ਰਿਹਾ ਹੈ। ਵੱਖਵਾਦੀਆਂ ਦੇ ਚੋਣ ਬਾਈਕਾਟ ਦਾ ਅਸਰ ਵੀ ਇਸ ਸੀਟ 'ਤੇ ਵਾਦੀ ਦੇ ਹੋਰਨਾਂ ਇਲਾਕਿਆਂ ਤੋਂ ਜ਼ਿਆਦਾ ਰਹਿੰਦਾ ਹੈ, ਪਰ ਸ਼ੀਆ ਤੇ ਗੁੱਜਰ ਭਾਈਚਾਰੇ ਦੇ ਪ੍ਰਭਾਵ ਵਾਲੇ ਇਲਾਕਿਆਂ 'ਚ ਉਸ ਦਾ ਅਸਰ ਜ਼ਿਆਦਾ ਨਾ ਹੋਣ ਦਾ ਫਾਇਦਾ ਨੈਕਾ ਨੂੰ ਮਿਲਦਾ ਰਿਹਾ। ਪਰ ਬੀਤੇ ਇਕ ਡੇਢ ਦਹਾਕੇ 'ਚ ਸ੍ਰੀਨਗਰ 'ਚ ਬਹੁਤ ਕੁਝ ਬਦਲ ਚੁੱਕਾ ਹੈ। ਪੀਡੀਪੀ ਤੇ ਪੀਸੀ ਦੋਵਾਂ ਨੇ ਹੀ ਸ਼ੀਆ ਭਾਈਚਾਰੇ 'ਚ ਕਾਫ਼ੀ ਜ਼ਿਆਦਾ ਪ੍ਰਭਾਵ ਰੱਖਣ ਵਾਲੇ ਸ਼ੀਆ ਆਗੂਆਂ ਨੂੰ ਹੀ ਆਪਣਾ ਉਮੀਦਵਾਰ ਬਣਾਇਆ ਹੈ।al

ਬੀਤੀਆਂ ਪੰਜ ਸੰਸਦੀ ਚੋਣਾਂ ਦਾ ਇਤਿਹਾਸ : 1998 'ਚ ਲਗਪਗ ਨੌਂ ਸਾਲ ਬਾਅਦ ਪਹਿਲੀ ਵਾਰ ਸੂਬੇ ਦੀਆਂ ਸੰਸਦੀ ਚੋਣਾਂ 'ਚ ਹਿੱਸਾ ਲੈਂਦੇ ਉੱਤਰੀ ਨੈਕਾ ਨੇ ਉਮਰ ਅਬਦੁੱਲਾ ਨੂੰ ਆਪਣਾ ਉਮੀਦਵਾਰ ਬਣਾਇਆ ਤੇ ਉਨ੍ਹਾਂ ਨੇ ਕਾਂਗਰਸ ਦੇ ਆਗਾ ਸਈਦ ਮੇਹਦੀ ਨੂੰ ਲਗਪਗ 70 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ। 1999 'ਚ ਉਮਰ ਦੂਜੀ ਵਾਰ ਇੱਥੋਂ ਸੰਸਦ ਮੈਂਬਰ ਬਣੇ ਤੇ ਉਨ੍ਹਾਂ ਮਹਿਬੂਬਾ ਮੁਫ਼ਤੀ ਨੂੰ ਕਰੀਬ 37 ਹਜ਼ਾਰ ਵੋਟਾਂ ਨਾਲ ਹਰਾਇਆ। 2004 'ਚ ਵੀ ਉਮਰ ਨੇ ਇੱਥੋਂ ਚੋਣ ਲੜੀ ਤੇ ਪੀਡੀਪੀ ਦੇ ਗੁਲਾਮ ਨਬੀ ਲੋਨ ਨੂੰ 33 ਹਜ਼ਾਰ ਵੋਟਾਂ ਨਾਲ ਹਰਾਇਆ। 2009 'ਚ ਡਾ. ਫਾਰੂਕ ਅਬਦੁੱਲਾ ਇਸ ਸੀਟ ਤੋਂ ਜਿੱਤੇ। ਉਨ੍ਹਾਂ ਨੇ ਪੀਡੀਪੀ ਦੇ ਮੌਲਾਨਾ ਇਫ਼ਤਿਖ਼ਾਰ ਹੁਸੈਨ ਅੰਸਾਰੀ ਨੂੰ ਕਰੀਬ 31 ਹਜ਼ਾਰ ਵੋਟਾਂ ਨਾਲ ਹਰਾਇਆ। 2014 'ਚ ਇਸ ਸੀਟ ਤੋਂ ਫਾਰੂਕ ਅਬਦੁੱਲਾ ਨੇ ਆਪਣੀ ਪਹਿਲੀ ਹਾਰ ਵੇਖੀ।

Posted By: Susheel Khanna