ਜੈ ਸਿੰਘ ਛਿੱਬਰ, ਚੰਡੀਗੜ੍ਹ : ਸ੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ 'ਚ ਚੋਣ ਮੈਦਾਨ 'ਚੋਂ ਬਾਹਰ ਹੋਏ ਸਾਬਕਾ ਫ਼ੌਜ ਮੁਖੀ ਜੇਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਪੰਜਾਬ ਤੇ ਪੰਜਾਬੀਅਤ ਦੇ ਹਿੱਤ 'ਚ ਕੁਰਬਾਨੀ ਦਿੱਤੀ ਹੈ ਅਤੇ ਇਹ ਕੁਰਬਾਨੀ ਬੇਅਰਥ ਨਹੀਂ ਜਾਵੇਗੀ।

ਸੋਮਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇਜੇ ਸਿੰਘ ਨੇ ਕਿਹਾ ਕਿ ਉਹ ਸਾਫ਼-ਸੁੱਥਰੀ ਰਾਜਨੀਤੀ ਲਈ ਅਤੇ ਅਕਾਲੀ ਦਲ ਤੇ ਕਾਂਗਰਸ ਵੱਲੋਂ 'ਉਤਰ ਕਾਟੋ ਮੈਂ ਚੜ੍ਹਾਂ' ਦੀ ਕੀਤੀ ਜਾ ਰਹੀ ਰਾਜਨੀਤੀ ਨੂੰ ਖਤਮ ਕਰਨ ਲਈ ਸਿਆਸਤ 'ਚ ਆਏ ਸਨ ਪਰ ਉਹ ਮਹਿਸੂਸ ਕਰ ਰਹੇ ਸਨ ਕਿ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਉਨ੍ਹਾਂ 'ਚੋਂ ਕਿਸੇ ਇਕ ਨੂੰ ਚੋਣ ਲੜਨੀ ਚਾਹੀਦੀ ਹੈ। ਇਸ ਬਾਰੇ ਉਨ੍ਹਾਂ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਗੱਲਬਾਤ ਵੀ ਕੀਤੀ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਮੈਦਾਨ 'ਚੋਂ ਨਹੀਂ ਹਟਣਗੇ ਤਾਂ ਉਨ੍ਹਾਂ ਖ਼ੁਦ ਚੋਣ ਪਿੜ 'ਚੋਂ ਬਾਹਰ ਹੋਣ ਦਾ ਫੈਸਲਾ ਕੀਤਾ।

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਦੋਂ ਉਹ ਉਮੀਦਵਾਰ ਬਣੇ ਸਨ, ਉਦੋਂ ਸਿਆਸੀ ਮਾਹੌਲ ਹੋਰ ਸੀ, ਬੀਬੀ ਖਾਲੜਾ ਦੇ ਉਮੀਦਵਾਰ ਬਣਨ ਨਾਲ ਹੁਣ ਸਿਆਸੀ ਦਿ੍ਸ਼ ਬਦਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਅਤੇ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਕਰਨਾ ਹੈ ਤਾਂ ਤੀਸਰਾ ਫਰੰਟ ਬਣਨਾ ਚਾਹੀਦਾ ਹੈ। ਅਕਾਲੀ ਦਲ ਨੂੰ ਅਲਵਿਦਾ ਕਹਿਣ ਦੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਕਿ ਕਿਸ ਤਰ੍ਹਾਂ ਰਾਜਨੀਤੀ ਲਈ ਬਾਬਿਆਂ ਨਾਲ ਸਾਂਝ ਪਾਈ ਗਈ।