ਨਵੀਂ ਦਿੱਲੀ : Rahul Gandhi ਨੇ ਇਕ ਵਾਰੀ ਫਿਰ ਨਰਿੰਦਰ ਮੋਦੀ (Narendra Modi) 'ਤੇ ਹਮਲਾ ਬੋਲਿਆ ਹੈ। ਚੋਣ ਪ੍ਰਚਾਰ ਦੌਰਾਨ ਪੀਐੱਮ ਮੋਦੀ ਵੱਲੋਂ ਵਾਰ-ਵਾਰ ਫ਼ੌਜ ਦਾ ਨਾਂ ਲਏ ਜਾਣ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤੀ ਫ਼ੌਜ ਪੀਐੱਮ ਮੋਦੀ ਦੀ ਨਿੱਜੀ ਜਾਇਦਾਦ ਨਹੀਂ ਹੈ ਜਿਸ ਨੂੰ ਉਹ ਚੋਣ ਰੈਲੀਆਂ ਵਿਚ ਮੁੱਦਾ ਬਣਾ ਰਹੇ ਹਨ। ਇਸ ਦੇ ਨਾਲ ਹੀ ਰਾਹੁਲ ਨੇ ਕਿਹਾ ਕਿ ਪੀਐੱਮ ਮੋਦੀ ਕਹਿੰਦੇ ਹਨ ਕਿ ਯੂਪੀਏ ਦੌਰਾਨ ਸਰਜੀਕਲ ਸਟ੍ਰਾਈਕ ਵੀਡੀਓ ਗੇਮ ਵਿਚ ਕੀਤੀ ਗਈ ਸੀ, ਉਦੋਂ ਉਹ (ਪੀਐੱਮ ਮੋਦੀ) ਕਾਂਗਰਸ ਦਾ ਨਹੀਂ ਬਲਕਿ ਭਾਰਤੀ ਫ਼ੌਜ ਦਾ ਅਪਮਾਨ ਕਰ ਰਹੇ ਸਨ।

ਦਿੱਲੀ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ ਹੈ। ਉਨ੍ਹਾਂ ਪੀਐੱਮ 'ਤੇ ਦੋਸ਼ ਲਾਉਂਦਿਆਂ ਕਿਹਾ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਤਬਾਹ ਕਰ ਦਿੱਤਾ ਹੈ। ਦੇਸ਼ ਪੁੱਛ ਰਿਹਾ ਹੈ ਕਿ ਮੋਦੀ ਜੀ ਤੁਸੀਂ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ, ਉਸ ਦਾ ਕੀ ਹੋਇਆ? ਪੀਐੱਮ ਮੋਦੀ ਨੌਕਰੀਆਂ ਜਾਂ ਕਿਸਾਨਾਂ 'ਤੇ ਇਕ ਸ਼ਬਦ ਨਹੀਂ ਬੋਲਦੇ ਕਿਉਂਕਿ ਉਨ੍ਹਾਂ ਕੋਲ ਇਨ੍ਹਾਂ ਮੁੱਖ ਮੁੱਦਿਆਂ 'ਤੇ ਗੱਲ ਕਰਨ ਲਈ ਕੁਝ ਨਹੀਂ ਹੈ।'

ਚੌਕੀਦਾਰ ਚੋਰ ਹੈ ਵਾਲੀ ਬਿਆਨ 'ਤੇ ਰਾਹੁਲ ਨੇ ਕਿਹਾ ਕਿ ਸੁਪਰੀਮ ਕੋਰਟ ਵਿਚ ਰਾਫੇਲ ਮਾਮਲੇ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਮੈਂ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲੈ ਕੇ ਟਿੱਪਣੀ ਕੀਤੀ, ਇਸ ਲਈ ਮੈਂ ਮਾਫ਼ੀ ਮੰਗ ਲਈ ਹੈ। ਰਾਹੁਲ ਨੇ ਕਿਹਾ ਕਿ ਉਨ੍ਹਾਂ ਭਾਜਪਾ ਜਾਂ ਪੀਐੱਮ ਮੋਦੀ ਤੋਂ ਮਾਫ਼ੀ ਨਹੀਂ ਮੰਗੀ ਹੈ। ਇਸ ਦੇ ਨਾਲ ਹੀ ਰਾਹੁਲ ਨੇ ਕਿਹਾ 'ਚੌਕੀਦਾਰ ਚੋਰ ਹੈ' ਸਾਡਾ ਸਿਆਸੀ ਨਾਅਰਾ ਰਹੇਗਾ।

ਮਸੂਦ ਅਜ਼ਹਰ ਨੂੰ ਆਲਮੀ ਅੱਤਵਾਦੀ ਐਲਾਨ ਕੀਤੇ ਜਾਣ 'ਤੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅੱਤਵਾਦੀ ਮਸੂਦ ਅਜ਼ਹਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਟਲ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ, 'ਅੱਤਵਾਦੀ ਅਜ਼ਹਰ ਨੂੰ ਪਾਕਿਸਤਾਨ ਕਿਸ ਨੇ ਭੇਜਿਆ ਸੀ ਕਿਸ ਨੇ ਅੱਤਵਾਦ ਨੂੰ ਝੁਕਾਇਆ ਅਤੇ ਫਿਰ ਉਸ ਨੂੰ ਰਿਹਾਅ ਕਰ ਦਿੱਤਾ ਇਹ ਕਾਂਗਰਸ ਨਹੀਂ ਬਲਕਿ ਭਾਜਪਾ ਸਰਕਾਰ ਸੀ ਜਿਸ ਨੇ ਅੱਤਵਾਦੀ ਮਸੂਦ ਅਜ਼ਹਰ ਨੂੰ ਰਿਹਾਅ ਕੀਤਾ ਸੀ।'

ਮੋਦੀ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਮੋਦੀ 10 ਤੋਂ 15 ਸਾਲ ਸਰਕਾਰ ਚਲਾਉਣਗੇ। ਉਹੀ, ਹੁਣ ਕਾਂਗਰਸ ਪਾਰਟੀ ਨੇ ਨਰਿੰਦਰ ਮੋਦੀ ਸਰਕਾਰ ਨੂੰ ਢਹਿ-ਢੇਰੀ ਕਰ ਦਿੱਤਾ ਹੈ। ਇਹ ਇਕ ਖੋਖਲੀ ਰਚਨਾ ਹੈ ਜੋ ਕਿ ਆਉਣ ਵਾਲੇ 10-20 ਦਿਨਾਂ ਵਿਚ ਮੋਦੀ ਸਰਕਾਰ ਡਿੱਗ ਜਾਵੇਗੀ।

Posted By: Seema Anand