ਸੁਰਿੰਦਰ ਮਹਾਜਨ, ਪਠਾਨਕੋਟ : ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਐਤਵਾਰ ਨੂੰ ਇੱਥੇ ਕਿਹਾ ਕਿ ਮੋਦੀ ਸਰਕਾਰ ਪੰਜ ਸਾਲ ਦੇ ਕਾਰਜਕਾਲ ਦੌਰਾਨ ਰੇਲਵੇ ਦੇ ਨਾਲ-ਨਾਲ ਹਵਾਈ ਸੇਵਾ 'ਚ ਵੀ ਵਿਆਪਕ ਸੁਧਾਰ ਕੀਤੇ ਗਏ ਹਨ। ਇੱਥੇ ਦੀਨ ਦਿਆਲ ਉਪਾਧਿਆਏ ਆਡੀਟੋਰੀਅਮ 'ਚ ਗੁਰਦਾਸਪੁਰ ਤੋਂ ਭਾਜਪਾ ਤੇ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਸੰਨੀ ਦਿਓਲ ਦੇ ਹੱਕ 'ਚ ਆਏ ਪੀਯੂਸ਼ ਗੋਇਲ ਨੇ ਕਿਹਾ ਕਿ ਪਿਛਲੇ ਪੰਜ ਸਾਲ ਦੌਰਾਨ ਰੇਲਵੇ ਦੇ ਮੁੱਢਲੇ ਢਾਂਚੇ 'ਚ 30 ਫ਼ੀਸਦੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੀ ਵਿਵਸਥਾ ਬਦਲਣ ਵਾਲੇ ਫ਼ੈਸਲੇ ਕੀਤੇ ਹਨ, ਜਿਸ ਕਰਕੇ ਦੇਸ਼ ਦੇ ਹਰ ਢਾਂਚੇ 'ਚ ਵਿਆਪਕ ਤਬਦੀਲੀਆਂ ਆਈਆਂ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਦੂਜਾ ਨਾਂ ਝੂਠ ਬੋਲਣਾ ਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਸਮੂਹ ਵਪਾਰੀਆਂ ਨੂੰ ਅਪੀਲ ਕੀਤੀ ਕਿ ਸਨੀ ਦਿਓਲ ਨੂੰ ਵੱਡੀ ਲੀਡ ਦਿਵਾ ਕੇ ਸੰਸਦ 'ਚ ਭੇਜਿਆ ਜਾਵੇ, ਤਾਂ ਜੋ ਸਵ. ਵਿਨੋਦ ਖੰਨਾ ਦੇ ਅਧੂਰੇ ਸੁਪਨਿਆਂ ਨੂੰ ਮੁਕੰਮਲ ਕੀਤਾ ਜਾ ਸਕੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਤੇ ਲੋਕ ਸਭਾ ਚੋਣਾਂ ਦੇ ਇੰਚਾਰਜ ਕਮਲ ਸ਼ਰਮਾ, ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ, ਵਪਾਰ ਮੰਡਲ ਦੇ ਪ੍ਰਧਾਨ ਅਨਿਲ ਮਹਾਜਨ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਕੁਮਾਰ ਸਮੇਤ ਪਠਾਨਕੋਟ ਦੇ ਵਪਾਰਿਕ, ਉਦਯੋਗਿਕ ਅਤੇ ਹੋਰ ਸੰਗਠਨਾਂ ਦੇ ਸੈਂਕੜੇ ਆਗੂ ਮੌਜੂਦ ਸਨ।

Posted By: Jagjit Singh