ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਪੰਜਾਬ ਦੇ ਲੋਕਾਂ ਨੇ ਫ਼ਿਲਮੀਂ ਜਗਤ ਦੀਆਂ ਹਸਤੀਆਂ ਨੂੰ 17ਵੀਂ ਲੋਕ ਸਭਾ ਚੋਣਾਂ 'ਚ ਨਿਰਾਸ਼ ਨਹੀਂ ਕੀਤਾ। ਉਨ੍ਹਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਫ਼ਿਲਮੀਂ ਅਦਾਕਾਰਾਂ ਨੂੰ ਆਪਣੀ ਵੋਟ ਦਿੱਤੀ। ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੇ ਮੈਂਬਰ ਚੁਣਿਆ। ਪੰਜਾਬ 'ਚ ਭਾਜਪਾ ਨੇ ਗੁਰਦਾਸਪੁਰ ਤੋਂ ਹਿੰਦੀ ਸਿਨੇਮਾ ਜਗਤ ਦੇ ਧਾਕੜ ਅਦਾਕਾਰ ਸਨੀ ਦਿਉਲ ਨੂੰ ਚੋਣ ਅਖ਼ਾੜੇ 'ਚ ਭਾਵੇਂ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਹੀ ਹੱਥ ਕਮਲ ਦਾ ਫੁੱਲ ਫੜਾ ਦਿੱਤਾ ਸੀ। ਉਸ ਵਲੋਂ ਚੋਣ ਪ੍ਰਚਾਰ ਦੌਰਾਨ ਜਿੱਥੇ ਸਭ ਧਰਮਾਂ ਦੇ ਅਸਥਾਨਾਂ 'ਤੇ ਜਾ ਕੇ ਨਤਮਤਸਕ ਹੋਏ ਉੱਥੇ ਹੀ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਆਪਣੇ ਚਿਹਰੇ ਦੀ ਭਾਵੇਂ ਥੋੜ੍ਹੀ ਜਿਹੀ ਮੁਸਕਾਨ ਹੀ ਦਿੱਤੀ ਸੀ ਪਰ ਸਨੀ ਦਿਓਲ ਦੇ ਚਾਹੁੰਣ ਵਾਲਿਆਂ ਉਸ ਦੀ ਚੋਣ ਪ੍ਰਕਿਰਿਆ ਖੁਦ ਆਪਣੇ ਹੱਥੀਂ ਲੈ ਕੇ ਉਸ ਦੇ ਬਾਪ ਪ੍ਰਸਿੱਧ ਫ਼ਿਲਮੀਂ ਜੱਟ ਅਦਾਕਾਰ ਧਰਮਿੰਦਰ ਸਿੰਘ ਦਿਓਲ ਤੇ ਸਨੀ ਦੇ ਭਰਾ ਬੋਬੀ ਦਿਓਲ ਸਮੇਤ ਦੀਪ ਸਿੱਧੂ ਨੂੰ ਰੱਜਵਾਂ ਪਿਆਰ ਦੇ 23 ਮਈ ਨੂੰ ਮੈਂਬਰਪਾਰਲੀਮੈਂਟ ਬਣਾ ਦਿੱਤਾ। ਇਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਵਲੋਂ ਤਿੰਨ ਪੀੜ੍ਹੀਆਂ ਦੇ ਗਾਇਕ ਤੇ ਪੰਜਾਬੀ ਸਿਨੇਮਾ ਦੇ ਅਦਾਕਾਰ ਮੁਹੰਮਦ ਸਦੀਕ ਨੂੰ ਫ਼ਰੀਦਕੋਟ ਤੋਂ ਆਪਣਾ ਹੱਥ ਫ਼ੜਾ ਚੋਣ ਮੈਦਾਨ 'ਚ ਉਤਾਰ ਦਿੱਤਾ ਸੀ। ਮੁਹੰਮਦ ਸਦੀਕ ਨੇ 2012 'ਚ ਵਿਧਾਨ ਸਭਾ ਹਲਕਾ ਭਦੌੜ ਤੋਂ ਅਕਾਲੀ ਦਲ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਆਈਏਐਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਮਾਤ ਦੇ ਕੇ ਵਿਧਾਨ ਸਭਾ 'ਚ ਆਪਣੀ ਤੂੰਬੀ ਟੁੰਣਕਾਈ ਸੀ। 2017 'ਚ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦੀ ਵਿਧਾਨ ਸਭਾ ਭਦੌੜ ਤੋਂ ਟਿਕਟ ਕੱਟ ਕੇ ਵਿਧਾਨ ਸਭਾ ਜੈਤੋ ਤੋਂ ਚੋਣ ਲੜਾਈ ਸੀ ਜਿੱਥੋਂ ਉਹ ਚੋਣ ਹਾਰ ਗਏ ਸਨ। ਹੁਣ 2019 'ਚ ਕਾਂਗਰਸ ਪਾਰਟੀ ਨੇ ਉਨ੍ਹਾਂ 'ਤੇ ਵਿਸ਼ਵਾਸ ਕਰਦਿਆਂ ਉਨ੍ਹਾਂ ਦੀ ਫ਼ਿਲਮੀਂ ਦਿੱਖ ਨੂੰ ਦੇਖਦਿਆਂ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਟਿਕਟ ਦਿੱਤੀ ਸੀ ਜਿੱਥੋਂ ਉਹ ਸ਼ਾਨਦਾਰ ਜਿੱਤ ਹਾਸਲ ਕਰਕੇ ਮੈਂਬਰ ਪਾਰਲੀਮੈਂਟ ਬਣੇ ਹਨ। ਇਸੇ ਤਰ੍ਹਾਂ ਹੀ ਵਿਸ਼ਵ ਪ੍ਰਸਿੱਧ ਕਮੇਡੀਅਨ ਤੇ ਜੁਗਨੂੰ ਹਾਜ਼ਰ ਨਾਟਕਾਂ ਰਾਹੀਂ ਫ਼ਿਲਮਾਂ 'ਚ ਪ੍ਰਵੇਸ ਕਰਨ ਵਾਲੇ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੇ ਮੁੜ੍ਹ ਸੰਗਰੂਰ ਤੋਂ ਦੂਸਰੀ ਵਾਰ ਉਮੀਦਵਾਰ ਐਲਾਨਿਆ ਸੀ, ਜਿੱਥੇ ਉਨ੍ਹਾਂ ਨੇ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ-ਦਲ ਨੂੰ ਲਗਾਤਾਰ ਦੋ ਵਾਰ ਮਾਤ ਦੇ ਕੇ ਜਿੱਤ ਹਾਸਲ ਕੀਤੀ ਹੈ। ਇਸ ਵਾਰ ਲੋਕ ਸਭਾ ਚੋਣਾਂ 'ਚ ਲੋਕਾਂ ਨੇ ਭਾਜਪਾ ਦੇ ਸਨੀ ਦਿਉਲ, ਕਾਂਗਰਸ ਦੇ ਮੁਹੰਮਦ ਸਦੀਕ ਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ ਨਿਰਾਸ਼ ਨਹੀਂ ਕੀਤਾ, ਸਗੋਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੇ ਮੈਂਬਰ ਚੁਣ ਕੇ ਪੰਜਾਬ ਦੇ ਵਿਕਾਸ ਤੇ ਖੁਸ਼ਹਾਲੀ ਦੀ ਉਮੀਦ ਜਗਾਈ ਹੈ।

Posted By: Sarabjeet Kaur