ਨੀਂਦਰਾਂ ਨ੍ਹੀਂ ਆਉਂਦੀਆਂ, ਤੇਰੇ ਬਿਨਾਂ ਨੀਂਦਰਾਂ ਨ੍ਹੀਂ ਆਉਂਦੀਆਂ... ਬੱਬੂ ਮਾਨ ਦਾ ਇਹ ਗੀਤ ਮੈਨੂੰ ਲੱਗਦੈ ਸਾਰੇ ਉਮੀਦਵਾਰਾਂ ਦੇ ਕੰਨਾਂ ਵਿਚ ਅੱਜ ਗੂੰਜ ਰਿਹਾ ਹੋਣੈ। ਨੀਂਦ ਆਵੇ ਵੀ ਕਿੱਦਾਂ, ਜਿਉਂ ਜਿਉਂ ਘੜੀ ਦੀ ਸੂਈ ਟਿਕ ਟਿਕ ਕਰਦੀ ਨੇੜੇ ਨੂੰ ਆ ਰਹੀ ਹੈ, ਤਿਉਂ ਤਿਉਂ ਉਮੀਦਵਾਰਾਂ ਦੀ ਧੜਕਣ ਵੀ ਧੌਂਕਣੀ ਬਣਦੀ ਜਾ ਰਹੀ ਹੈ।

ਭਰਾਵੋ... ਜਿਹੜੇ ਮੁਕਾਬਲੇ 'ਚ ਨੇ ਉਨ੍ਹਾਂ ਦੀ ਮੰਨਿਆ ਕਿ ਨੀਂਦ ਹਰਾਮ ਹੋਈ ਪਈ ਹੈ ਪਰ ਜਿਹੜੇ ਪੱਚੀਵੇਂ ਨੰਬਰ ਵਾਲੇ ਨੇ, ਉਹ ਕਿਉਂ ਜਾਗ ਰਹੇ ਨੇ... ਭਲਿਓ ਲੋਕੋ ਤੁਸੀਂ ਤਾਂ ਸੌਵੋਂ ਚਾਦਰ ਤਾਣ ਕੇ... ਤੁਹਾਨੂੰ ਤਾਂ ਪਤਾ ਹੀ ਹੈ ਕਿ ਤੁਸੀਂ ਨਾ ਤਿੰਨ 'ਚੋਂ ਨਾ ਤੇਰਾਂ... ਲੈ ਫੇਰ ਇਕ ਹੋਰ ਦੱਸ ਦਿੰਨੇ ਹਾਂ ਕਿ ਜਿਹੜੇ ਕਦੇ ਮੰਦਰ, ਗੁਰਦੁਆਰਿਆਂ ਵੱਲ ਮੂੰਹ ਨਹੀਂ ਸੀ ਕਰਦੇ, ਅੱਜ ਡਰਦੇ ਰੱਬ ਰੱਬ ਕਰਦੇ ਮੜੀਆਂ 'ਤੇ ਵੀ ਮੱਥੇ ਰਗੜਦੇ ਫਿਰਦੇ ਨੇ... ਮੈਂ ਸੁਣਿਆ ਕਈਆਂ ਨੇ ਤਾਂ ਸੁੱਖਣਾ ਵੀ ਸੁੱਖੀ ਹੋਈ ਹੈ।

ਪਤਾ ਲੱਗਿਐ ਕਿ ਇਕ ਨੇ ਤਾਂ ਇਹ ਵੀ ਸੁੱਖਿਆ ਹੋਇਆ ਹੈ ਕਿ ਮੈਨੂੰ ਜਿਤਾ ਦੇ ਮੈਂ ਡੰਡੋਤ ਕਰਦਾ ਆਊਂਗਾ।

ਹਾਲ ਤਾਂ ਸਵੇਰੇ ਦੇਖਣ ਵਾਲਾ ਹੋਊਗਾ... ਜੇ ਮੇਰੀ ਗੱਲ 'ਤੇ ਨਹੀਂ ਯਕੀਨ ਤਾਂ ਆਪ ਜਾ ਕੇ ਦੇਖ ਲਿਓ ਤੁਹਾਡੇ ਉਮੀਦਵਾਰ ਮੱਥੇ 'ਤੇ ਵੱਡੇ ਵੱਡੇ ਟਿੱਕੇ ਲਾ ਕੇ ਕੀਹਦੇ ਕੀਹਦੇ ਦਰਸ਼ਨਾਂ ਲਈ ਜਾਣਗੇ। ਗੱਲ ਇਕ ਹੋਰ ਵੀ ਪਤੇ ਦੀ ਦੱਸ ਦਿੰਨਾ ਹਾਂ ਕਿ ਜਦੋਂ ਇਹ ਸੱਤਾ 'ਚ ਹੁੰਦੇ ਨੇ ਤਾਂ ਵੀਵੀਆਈਪੀ ਵਾਲੀ ਲਾਈਨ 'ਚ ਲੱਗਦੇ ਨੇ... ਪਰ ਸਵੇਰੇ ਇਹ ਸ਼ਰਧਾਲੂਆਂ ਵਾਲੀ ਲਾਈਨ 'ਚ ਖੜ੍ਹੇ ਮਿਲਣਗੇ... ਓਹ ਵੀ ਆਪਣੇ ਟੱਬਰਾਂ ਸਣੇ।

ਚਲੋ... ਇਹ ਇਨ੍ਹਾਂ ਦੀ ਮਰਜ਼ੀ ਹੈ, ਇਹ ਜੋ ਮਰਜ਼ੀ ਕਰਨ... ਆਪਾਂ ਕੀ ਲੈਣਾ ਹੈ ਪਰ ਮੇਰੀ ਇਕ ਸਲਾਹ ਹੈ ਤੁਹਾਨੂੰ... ਇਸ ਵਾਰ ਤੁਸੀਂ ਇਨ੍ਹਾਂ ਨੂੰ ਘੇਰ-ਘੇਰ ਕੇ ਸਵਾਲ ਪੁੱਛੇ ਨੇ... ਇਹ ਕੰਮ ਜਾਰੀ ਰੱਖਣਾ। ਜਦੋਂ ਵੀ ਇਹ ਤੁਹਾਡੇ ਹਲਕੇ 'ਚ ਆਉਣ ਤਾਂ ਜਿਹੜੇ ਜਿਹੜੇ ਵਾਅਦੇ ਤੁਹਾਡੇ ਨਾਲ ਕਰ ਕੇ ਗਏ ਨੇ... ਉਨ੍ਹਾਂ ਬਾਰੇ ਇਨ੍ਹਾਂ ਤੋਂ ਪੁੱਛਦੇ ਰਹਿਓ। ਵੈਸੇ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਹੁਣ ਇਨ੍ਹਾਂ ਦੇ ਦਰਸ਼ਨ ਤੁਹਾਨੂੰ ਘੱਟ ਹੀ ਹੋਇਆ ਕਰਨਗੇ।

ਬਾਕੀ ਮੇਰੇ ਵੱਲੋਂ ਵੀ ਸਾਰੇ ਉਮੀਦਵਾਰਾਂ ਨੂੰ ਸ਼ੁੱਭ ਇੱਛਾਵਾਂ... ਬੱਸ ਏਨੀ ਕੁ ਗ਼ੁਜ਼ਾਰਿਸ਼ ਹੈ ਕਿ ਆਪਣੇ ਵੋਟਰਾਂ ਦਾ ਭਰੋਸਾ ਨਾ ਤੋੜਿਓ।

ਅੱਜ ਬੱਸ ਏਨਾ ਹੀ...

ਤੁਹਾਡਾ ਪੰਜਾਬ ਸਿੰਘ।