ਸਤਿ ਸ੍ਰੀ ਅਕਾਲ ਦੋਸਤੋ... ਅੱਜਕਲ੍ਹ ਮਾਹੌਲ ਕੁਝ ਠੰਢਾ ਜਿਹਾ ਹੋ ਗਿਐ, ਹਰ ਪਾਸੇ ਸਿਰਫ਼ ਇੱਕੋ ਗੱਲ ਹੁੰਦੀ ਹੈ ਅਖੇ... ਬਠਿੰਡਾ ਸੀਟ ਦਾ ਕੀ ਬਣ ਰਿਹੈ? ਜਲੰਧਰ ਵਾਲੀ ਕੀਹਨੂੰ ਆ ਰਹੀ ਏ? ਗੁਰਦਾਸਪੁਰ 'ਚ ਸੰਨੀ ਭਾਜੀ ਦਾ ਗ਼ਦਰ ਚੱਲੂਗਾ ਕਿ ਨਹੀਂ? ਓਧਰੋਂ ਟੀਵੀ ਚੈਨਲਾਂ ਦੇ ਸਰਵੇ, ਉਮੀਦਵਾਰਾਂ ਦੀ ਨੀਂਦ ਹਰਾਮ ਕਰਨ 'ਚ ਲੱਗੇ ਹੋਏ ਨੇ। ਕਿਸੇ ਉਮੀਦਵਾਰ ਨੂੰ ਫੋਨ ਕਰ ਲੋ... ਉਹ ਕੁਝ ਦੱਸਣ ਦੀ ਬਜਾਏ ਅੱਗੋਂ ਪੁੱਛਣ ਲੱਗ ਜਾਂਦੇ ਨੇ ਬਈ ਮੇਰੀ ਸੀਟ ਦਾ ਕੀ ਬਣ ਰਿਹੈ, ਲੀਡ ਆਊਗੀ ਕਿ ਨਹੀਂ... ਮੈਂ ਸਾਰੀਆਂ ਸੀਟਾਂ ਦਾ ਤਾਂ ਦੱਸ ਨਹੀਂ ਸਕਦਾ... ਪਰ ਤੁਹਾਨੂੰ ਦੋਆਬੇ ਦੀਆਂ ਦੋ ਸੀਟਾਂ ਤੇ ਇਕ ਅੱਧੀ ਸੀਟ ਬਾਰੇ ਇਕ ਦਿਲਚਸਪ ਗੱਲ ਦਸ ਸਕਦਾਂ। ਉਹ ਇਹ ਹੈ ਕਿ ਜੇ ਹਾਥੀ ਮਸਤ ਗਿਆ ਤਾਂ ਕਾਂਗਰਸੀਆਂ ਨੂੰ ਦੋ-ਤਿੰਨ ਸੀਟਾਂ 'ਤੇ ਲੈਣੇ ਦੇ ਦੇਣੇ ਪੈ ਸਕਦੇ ਨੇ... ਤੁਸੀਂ ਕਹੋਗੇ ਕਿ ਕਿਹੜੇ ਹਾਥੀ ਦੀ ਮੈਂ ਗੱਲ ਕਰ ਰਿਹਾਂ... ਭਰਾਵੋ ਇਹ ਹਾਥੀ ਆਪਣੇ ਬਾਬੂ ਕਾਸ਼ੀ ਰਾਮ ਦਾ ਹੈ, ਪੰਜਾਬ ਵਿਚ ਤਾਂ ਘੱਟ ਹੀ ਗੇੜਾ ਮਾਰਦੈ ਪਰ ਦੋਆਬੇ 'ਚ ਕਈ ਵਾਰ ਮਸਤ ਜਾਂਦੈ। ਮੈਂ ਸੁਣਿਆ ਹੈ ਕਿ ਇਸ ਵਾਰ ਵੀ ਮਸਤੀ 'ਚ ਆਇਆ ਹੋਇਆ ਸੀ..। ਦੋਆਬੇ ਦੀ ਜਲੰਧਰ ਤੇ ਹੁਸ਼ਿਆਰਪੁਰ ਵਾਲੀ ਸੀਟ 'ਤੇ ਜੇ ਇਹ ਹਾਥੀ ਜ਼ਿਆਦਾ ਮਸਤ ਗਿਆ ਤਾਂ ਕਾਂਗਰਸ ਦੇ ਸੰਤੋਖ ਚੌਧਰੀ ਤੇ ਹੁਸ਼ਿਆਰਪੁਰ ਵਾਲੇ ਡਾ. ਚੱਬੇਵਾਲ ਸਾਹਿਬ ਦੇ ਹੋਸ਼ ਫਾਖਤਾ ਹੋ ਸਕਦੇ ਨੇ... ਤੇ ਪੁਰਾਣੇ ਲੋਕ ਸਭਾ ਦੇ ਡਿਪਟੀ ਸਪੀਕਰ ਅਟਵਾਲ ਸਾਹਿਬ ਤੇ ਭਾਜਪਾ ਵਾਲੇ ਸੋਮ ਪ੍ਰਕਾਸ਼ ਦੀ ਲਾਟਰੀ ਖੁੱਲ੍ਹ ਸਕਦੀ ਹੈ। ਜੇ ਅਟਵਾਲ ਸਾਹਿਬ ਜਿੱਤੇ ਤਾਂ ਇਕ ਵਾਰ ਫੇਰ ਉਨ੍ਹਾਂ ਦੇ ਡਿਪਟੀ ਸਪੀਕਰ ਬਣਨ ਦੇ ਚਾਂਸ ਵੀ ਬਣ ਜਾਣਗੇ... ਸਪੀਕਰ ਮੈਂ ਏਸ ਕਰ ਕੇ ਨਹੀਂ ਕਿਹਾ ਕਿਉਂਕਿ ਅਕਾਲੀਆਂ ਦੀਆਂ ਦੋ-ਤਿੰਨ ਸੀਟਾਂ ਤੇ ਏਡੀ ਵੱਡੀ ਪੋਸਟ ਕੀਹਨੇ ਦੇਣੀ ਹੈ? ਮੋਦੀ ਸਾਹਿਬ ਤਾਂ ਇਨ੍ਹਾਂ ਦਾ ਇਕ ਮੰਤਰੀ ਲੈ ਲੈਣ, ਓਹੀ ਬਥੇਰਾ ਹੈ।

ਹੁਣ ਤੁਸੀਂ ਪੁੱਛੋਗੇ ਕਿ ਅੱਧੀ ਸੀਟ ਕਿਹੜੀ ਹੈ। ਮੈਂ ਤੁਹਾਨੂੰ ਦੱਸ ਦਿੰਦਾ ਹਾਂ... ਥੋੜ੍ਹਾ ਸਬਰ ਤਾਂ ਕਰੋ... ਓਹ ਅੱਧੀ ਸੀਟ ਹੈ ਅਨੰਦਪੁਰ ਸਾਹਿਬ ਵਾਲੀ, ਜਿੱਥੇ ਆਪਣੇ ਮਨੀਸ਼ ਤਿਵਾੜੀ ਖੜ੍ਹੇ ਨੇ... ਉਨ੍ਹਾਂ ਦੀ ਸੀਟ 'ਤੇ ਦੋ-ਤਿੰਨ ਵਿਧਾਨ ਸਭਾ ਸੀਟਾਂ ਦੋਆਬੇ ਵਿਚ ਪੈਂਦੀਆਂ ਪੈਂਦੀਆਂ ਨੇ, ਜਿੱਥੇ ਹਾਥੀ ਵੀ ਕਦੇ ਕਦੇ ਚਲਾ ਜਾਂਦਾ ਹੈ। ਮੈਨੂੰ ਤਾਂ ਲੱਗਦਾ ਨਹੀਂ ਕਿ ਹਾਥੀ ਨੂੰ ਰੋਕਣ ਦੀ ਕੋਈ ਕੋਸ਼ਿਸ਼ ਕੀਤੀ ਗਈ ਹੈ। ਹੁਣ ਮੇਰੀ ਗੱਲ ਨੋਟ ਕਰ ਲੋ... ਜੇ ਇਹ ਸੀਟਾਂ ਕਾਂਗਰਸ ਕੋਲ ਨਾ ਗਈਆਂ ਤਾਂ ਸਮਝ ਲੈਣਾ... ਹਾਥੀ ਮਸਤ ਗਿਆ ਸੀ...

ਚਲੋ ਅੱਜ ਏਨਾ ਹੀ... ਬਾਕੀ ਕੱਲ੍ਹ ਤਾਂ ਰਿਜ਼ਲਟ ਆ ਹੀ ਜਾਣੈ

ਤੁਹਾਡਾ, ਪੰਜਾਬ ਸਿੰਘ