ਸਤਿ ਸ੍ਰੀ ਅਕਾਲ ਦੋਸਤੋ... ਕੀ ਹਾਲ ਨੇ ਤੁਹਾਡੇ। ਅੱਜ ਇਕ ਹਫ਼ਤੇ ਬਾਅਦ ਸੋਚਿਆ ਫੇਰ ਤੋਂ ਤੁਹਾਡੇ ਨਾਲ ਕੋਈ ਗੱਲ ਸਾਂਝੀ ਕਰਾਂ..। ਤੁਸੀਂ ਦੇਖ ਹੀ ਲਿਆ ਹੋਣੈ... ਆਪਣੇ ਮੋਦੀ ਸਾਹਿਬ ਫੇਰ ਤੋਂ ਪ੍ਰਧਾਨ ਮੰਤਰੀ ਬਣ ਗਏ ਨੇ। ਉਨ੍ਹਾਂ ਨੇ ਇਸ ਵਾਰ ਫੇਰ ਪੰਜਾਬ ਦਾ ਵੀ ਖ਼ਿਆਲ ਰੱਖਿਆ ਹੈ। ਬੀਬਾ ਹਰਸਿਮਰਤ ਕੌਰ ਤਾਂ ਕੈਬਨਿਟ ਵਿਚ ਲੈ ਗਈ ਹੈ। ਹੈ ਨਾ ਕਮਾਲ ਦੀ ਗੱਲ। ਸਿਰਫ਼ ਦੋ ਐੱਮਪੀ ਹੋਣ ਦੇ ਬਾਵਜੂਦ ਕੈਬਨਿਟ ਪੋਸਟ ਮਿਲ ਗਈ।

ਪਰ ਮੈਂ ਅੱਜ ਤੁਹਾਡੇ ਨਾਲ ਇਹ ਗੱਲ ਨਹੀਂ ਕਰਨੀ। ਮੈਂ ਤਾਂ ਕਿਸੇ ਹੋਰ ਮੁੱਦੇ 'ਤੇ ਗੱਲ ਕਰਨ ਦੀ ਸੋਚ ਰਿਹਾ ਸੀ। ਤੁਸੀਂ ਕਿਤੇ ਇਹ ਨਾ ਸੋਚਣਾ ਕਿ ਚਲੋ ਹੁਣ ਇਲੈਕਸ਼ਨਾਂ ਮੁੱਕ ਗਈਆਂ। ਬੱਸ ਦੋ-ਚਾਰ ਮਹੀਨਿਆਂ ਲਈ ਮੁੱਕੀਆਂ ਨੇ। ਅਕਤੂਬਰ 'ਚ ਫੇਰ ਹੋਣਗੀਆਂ..। ਹੁਣ ਤੁਸੀਂ ਪੁੱਛੋਗੇ... ਫੇਰ ਹੋਣਗੀਆਂ? ਹੁਣ ਕਿਹੜੀਆਂ ਰਹਿ ਗਈਆਂ... ਓਹ ਭਰਾਵੋ ਸੁਖਬੀਰ ਬਾਦਲ ਤੇ ਸੋਮ ਪ੍ਰਕਾਸ਼ ਤਾਂ ਹੁਣ ਲੋਕ ਸਭਾ 'ਚ ਚਲੇ ਗਏ... ਉਨ੍ਹਾਂ ਦੀਆਂ ਸੀਟਾਂ 'ਤੇ ਤਾਂ ਹੋਣੀਆਂ ਹੀ ਨੇ... ਤੇ ਓਧਰ ਆਮ ਆਦਮੀ ਪਾਰਟੀ ਦਾ ਝਾੜੂ, ਜਿਹੜਾ ਖਿੱਲ੍ਹਰਿਆ ਪਿਆ ਹੈ... ਉਹਦਾ ਵੀ ਤਾਂ ਨਬੇੜਾ ਹੋਣਾ ਹੈ। ਉਨ੍ਹਾਂ ਦੇ ਕਈ ਐੱਮਐੱਲਏ ਅਸਤੀਫ਼ਾ ਦਈ ਬੈਠੇ ਨੇ..। ਦੋ ਤਾਂ ਕਾਂਗਰਸ ਵਿਚ ਸ਼ਾਮਲ ਹੋ ਗਏ... ਨਾਜਰ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸੰਦੋਆ। ਤੇ ਮਾਸਟਰ ਬਲਦੇਵ ਸਿੰਘ, ਸੁਖਪਾਲ ਖਹਿਰਾ ਤੇ ਫੂਲਕਾ ਸਾਹਿਬ ਨੇ ਵੀ ਅਸਤੀਫ਼ਾ ਦਿੱਤਾ ਹੋਇਆ ਹੈ... ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੁਖਬੀਰ ਦਾ ਅਸਤੀਫ਼ਾ ਤਾਂ ਇਕ ਮਿੰਟ 'ਚ ਸਪੀਕਰ ਸਾਹਿਬ ਨੇ ਮਨਜ਼ੂਰ ਕਰ ਲਿਆ... ਬਾਕੀ ਉਵੇਂ ਹੀ ਲਟਕਾਏ ਹੋਏ ਨੇ। ਖ਼ਾਸ ਤੌਰ 'ਤੇ ਆਪਣੇ ਫੂਲਕਾ ਸਾਹਿਬ...

ਤੁਹਾਨੂੰ ਪਤਾ ਹੈ ਕਿਉਂ? ਮੈਂ ਦੱਸਦਾਂ ਇਸ ਦੇ ਪਿੱਛੇ ਦੀ ਸਿਆਸਤ...

ਆਪਣੇ ਕਪਤਾਨ ਸਾਹਿਬ ਦੇ ਨਾਲ ਨਾਲ ਕੈਬਨਿਟ ਮੰਤਰੀ ਰੰਧਾਵਾ ਸਾਹਿਬ ਤੇ ਬਾਜਵਾ ਸਾਹਿਬ ਚਾਹੁੰਦੇ ਨੇ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੁਬਾਰਾ ਹੋਣ। ਜੇ ਉਹ ਇਸ ਗੱਲ 'ਤੇ ਜ਼ੋਰ ਦਿੰਦੇ ਨੇ ਤਾਂ ਅਕਾਲੀ, ਕਾਂਗਰਸ 'ਤੇ ਇਲਜ਼ਾਮ ਲਾ ਦਿੰਦੇ ਨੇ ਕਿ ਬਈ ਇਹ ਸਾਡੇ ਧਾਰਮਿਕ ਮਾਮਲਿਆਂ 'ਚ ਦਖ਼ਲਅੰਦਾਜ਼ੀ ਕਰੀ ਜਾ ਰਹੇ ਨੇ। ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਢਾਹ ਦਿੱਤਾ, ਹੁਣ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਨੂੰ ਫਿਰਦੇ ਨੇ। ਅਜਿਹਾ ਕਰ ਕੇ ਉਨ੍ਹਾਂ ਨੇ ਫੂਲਕਾ ਸਾਹਿਬ ਨੂੰ ਅੱਗੇ ਲਾਇਆ ਹੈ। ਤੁਹਾਨੂੰ ਇਕ ਗੱਲ ਹੋਰ ਵੀ ਦੱਸ ਦੇਵਾਂ ਕਿ ਪਿੱਛੇ ਜਿਹੇ ਜਦੋਂ ਵਿਧਾਨ ਸਭਾ ਦਾ ਸੈਸ਼ਨ ਸੀ ਤਾਂ ਆਪਣੇ ਮੰਤਰੀ ਰੰਧਾਵਾ ਸਾਹਿਬ ਨੇ ਇਸ਼ਾਰੇ ਨਾਲ ਫੂਲਕਾ ਸਾਹਿਬ ਨੂੰ ਬਾਹਰ ਬੁਲਾ ਕੇ ਐੱਸਜੀਪੀਸੀ ਦੀਆਂ ਚੋਣਾਂ ਦਾ ਮੁੱਦਾ ਚੁਕਾਇਆ ਸੀ...

ਕਾਂਗਰਸ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੇ ਫੂਲਕਾ ਸਾਹਿਬ ਨੇ ਅਸਤੀਫ਼ਾ ਮਨਜ਼ੂਰ ਕਰ ਲਿਆ ਤਾਂ ਉਨ੍ਹਾਂ ਨੇ ਦਿੱਲੀ ਜਾ ਕੇ ਬੈਠ ਜਾਣਾ ਹੈ ਤੇ ਉਨ੍ਹਾਂ ਲਈ ਇਹ ਮੁੱਦਾ ਫੇਰ ਕਿਸੇ ਨੇ ਨਹੀਂ ਚੁੱਕਣਾ... ਸਮਝ ਗਏ ਨਾ ਤੁਸੀਂ ਕਿ ਕਿਉਂ ਫੂਲਕਾ ਸਾਹਿਬ ਦਾ ਅਸਤੀਫ਼ਾ ਮਨਜ਼ੂਰ ਨਹੀਂ ਹੋ ਰਿਹਾ...

ਸਤਿ ਸ੍ਰੀ ਅਕਾਲ

ਤੁਹਾਡਾ ਪੰਜਾਬ ਸਿੰਘ।