ਜਸਪਾਲ ਸਿੰਘ ਜੱਸੀ, ਤਰਨਤਾਰਨ : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਜਨਰਲ ਜੇਜੇ ਸਿੰਘ ਨੂੰ ਵਾਪਸ ਲਏ ਜਾਣ ਤੋਂ ਬਾਅਦ ਇਥੋਂ ਦੇ ਸਿਆਸੀ ਸਮੀਕਰਨ ਬਦਲਦੇ ਦਿਖਾਈ ਦੇਣ ਲੱਗੇ ਹਨ। ਪੰਜਾਬ ਜਮਹੂਰੀ ਗਠਜੋੜ ਵੱਲੋਂ ਚੋਣ ਲੜ ਰਹੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਮਰਥਨ ਦੇਣ ਦੇ ਐਲਾਨ ਨਾਲ ਉਨ੍ਹਾਂ ਦੇ ਸਮਰਥਕਾਂ ਦਾ ਕਾਫ਼ਲਾ ਹੋਰ ਵੱਡਾ ਹੋ ਗਿਆ ਹੈ। ਹਾਲਾਂਕਿ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਅਤੇ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਵੱਲੋਂ ਲਗਾਤਾਰ ਚੋਣ ਮੀਟਿੰਗਾਂ ਕਰ ਕੇ ਆਪਣੀ ਮੁਹਿੰਮ ਨੂੰ ਤੇਜ ਕੀਤਾ ਜਾ ਰਿਹਾ ਹੈ।

ਅਕਾਲੀ ਦਲ ਟਕਸਾਲੀ ਨੇ ਜਨਰਲ ਜੇਜੇ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਪਾਰਟੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਲਗਾਤਾਰ ਜੇਜੇ ਸਿੰਘ ਦੇ ਹੱਕ ਵਿਚ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਸਨ। ਐਤਵਾਰ ਨੂੰ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਨੇ ਜਨਰਲ ਜੇਜੇ ਸਿੰਘ ਨੂੰ ਚੋਣ ਮੈਦਾਨ ਵਿਚੋਂ ਹਟਾ ਲਿਆ ਹੈ। ਬੀਬੀ ਪਰਮਜੀਤ ਕੌਰ ਖਾਲੜਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਕਈ ਸੰਸਥਾਵਾਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਐਡਵੋਕੇਟ ਐੱਚਐੱਸ ਫੂਲਕਾ ਤਾਂ ਹੋਰ ਪਾਰਟੀਆਂ ਨੂੰ ਆਪਣੇ ਉਮੀਦਵਾਰ ਹਟਾ ਕੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਨਾਲ ਤੁਰਨ ਦੀ ਸਲਾਹ ਤਕ ਦੇ ਚੁੱਕੇ ਹਨ। ਜਦੋਂਕਿ ਸਾਬਕਾ ਵਿਧਾਇਕ ਜਰਨੈਲ ਸਿੰਘ ਵੀ ਸੋਸ਼ਲ ਮੀਡੀਆ 'ਤੇ ਪੋਸਟਾਂ ਰਾਹੀਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ 'ਚ ਪੈਰਵੀ ਕਰ ਚੁੱਕੇ ਹਨ। ਹਾਲਾਂਕਿ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਦਾ ਦਾਅਵਾ ਹੈ ਕਿ ਅਕਾਲੀ ਦਲ ਟਕਸਾਲੀ ਦੇ ਫੈਸਲੇ ਨਾਲ ਉਨ੍ਹਾਂ ਨੂੰ ਕੋਈ ਫਰਕ ਪੈਣ ਵਾਲਾ ਨਹੀਂ ਹੈ।

ਕਾਂਗਰਸ ਨੂੰ ਕੋਈ ਫਰਕ ਨਹੀਂ : ਡਿੰਪਾ

ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਦਾ ਕਹਿਣਾ ਹੈ ਕਿ ਜਨਰਲ ਜੇਜੇ ਸਿੰਘ ਦੀ ਉਮੀਦਵਾਰੀ ਵਾਪਸ ਲਏ ਜਾਣ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਦੋ ਪਾਰਟੀਆਂ 'ਚ ਹੀ ਸਿੱਧਾ ਮੁਕਾਬਲਾ ਹੈ ਅਤੇ ਤੀਸਰੀ ਧਿਰ ਦਾ ਇਸ ਹਲਕੇ 'ਚ ਕੋਈ ਕੰਮ ਨਹੀਂ ਹੈ। ਡਿੰਪਾ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਕਾਂਗਰਸ ਨੂੰ ਮਿਲ ਰਹੇ ਹੁੰਗਾਰੇ ਸਭ ਦੇ ਸਾਹਮਣੇ ਹਨ। ਕਾਂਗਰਸ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਹੈ।

ਉਮੀਦਵਾਰ ਵਾਪਸ ਨਹੀਂ ਲਿਆ ਬਲਕਿ ਟਕਸਾਲੀ ਭੱਜੇ ਹਨ : ਬੀਬੀ ਜਗੀਰ ਕੌਰ

ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਦੌਰਾਨ ਕਿਹਾ ਕਿ ਅਕਾਲੀ ਦਲ ਟਕਸਾਲੀ ਨੇ ਉਮੀਦਵਾਰ ਵਾਪਸ ਨਹੀਂ ਲਿਆ, ਬਲਿਕ ਮੈਦਾਨ ਛੱਡ ਕੇ ਭੱਜੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਇਸ ਦਾ ਨੁਕਸਾਨ ਨਹੀਂ ਬਲਕਿ ਲਾਭ ਹੀ ਹੈ। ਜੋ ਕੁਝ ਲੋਕ ਉਨ੍ਹਾਂ ਨਾਲ ਚੱਲ ਰਹੇ ਸਨ ਉਹ ਹੈ ਤਾਂ ਅਕਾਲੀ ਦਲ ਦੇ ਹੀ, ਜਿਨ੍ਹਾਂ ਦੀ ਵਾਪਸੀ ਦਾ ਰਾਹ ਹੁਣ ਪੱਧਰਾ ਹੋ ਗਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਪੂਰੀ ਤਰ੍ਹਾਂ ਮਜ਼ਬੂਤ ਹੈ।

ਸਾਫ-ਸੁਥਰੇ ਢੰਗ ਨਾਲ ਲੜ ਰਹੇ ਹਾਂ ਚੋਣ : ਸਿੱਧੂ

ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਕਾਂਗਰਸ, ਅਕਾਲੀ ਦਲ ਤੇ ਟਕਸਾਲੀ ਸਮੇਤ ਹੋਰ ਉਮੀਦਵਾਰ ਆਪੋ ਆਪਣੀ ਕਹਾਣੀ ਲੈ ਕੇ ਚੋਣ ਲੜ ਰਹੇ ਸਨ। ਜਦੋਂਕਿ ਲੋਕ ਮੁੱਦਿਆਂ |ਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ। ਉਹ ਸਾਫ ਸੁਥਰੇ ਢੰਗ ਨਾਲ ਚੋਣ ਲੜਨਗੇ ਅਤੇ ਲੋਕਾਂ ਵਿਚ ਜਾ ਕੇ ਉਨ੍ਹਾਂ ਦੇ ਹੱਕਾਂ ਦੀ ਗੱਲ ਰੱਖੀ ਜਾਵੇਗੀ। ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ।