ਆਕਾਸ਼, ਗੁਰਦਾਸਪੁਰ : ਇਸ ਵੇਲੇ ਦੇਸ਼ ਭਰ 'ਚ ਲੋਕ ਸਭਾ ਚੋਣਾਂ ਦਾ ਅਮਲ ਸਿਖ਼ਰਾਂ 'ਤੇ ਹੈ। ਬੇਸ਼ੱਕ ਇਸ ਸਮੇਂ 17ਵੀਂ ਲੋਕ ਸਭਾ ਦੇ ਗਠਨ ਲਈ ਚੋਣਾਂ ਹੋ ਰਹੀਆਂ ਹਨ ਪਰ ਜੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ 19ਵੀਂ ਵਾਰ ਚੋਣ ਹੋ ਰਹੀ ਹੈ। ਇਸ ਸੀਟ 'ਤੇ ਦੋ ਵਾਰ ਜ਼ਿਮਨੀ ਚੋਣ ਹੋ ਚੁੱਕੀ ਹੈ। ਪਹਿਲੀ ਜ਼ਿਮਨੀ ਚੋਣ 1968 'ਚ ਹੋਈ ਸੀ ਤੇ ਦੂਜੀ ਜ਼ਿਮਨੀ ਚੋਣ 2017 'ਚ ਹੋਈ ਸੀ ਕਿਉਂਕਿ ਉਸ ਸਮੇਂ ਸੰਸਦ ਮੈਂਬਰ ਵਿਨੋਦ ਖੰਨਾ ਦਾ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ।

ਇਸ ਸੀਟ 'ਤੇ ਜ਼ਿਆਦਾ ਸਮਾਂ ਕਾਂਗਰਸ ਦਾ ਹੀ ਦਬਦਬਾ ਰਿਹਾ ਹੈ। ਆਜ਼ਾਦੀ ਤੋਂ ਬਾਅਦ ਗੁਰਦਾਸਪੁਰ ਸੀਟ 'ਤੇ ਹੋਈਆਂ ਚੋਣਾਂ ਦੇ ਇਤਿਹਾਸ ਨੂੰ ਦੋ ਹਿੱਸਿਆਂ 'ਚ ਵੰਡਿਆ ਜਾ ਸਕਦਾ ਹੈ। ਪਹਿਲੇ ਹਿੱਸੇ 'ਚ ਕਾਂਗਰਸ ਦਾ ਬੋਲਬਾਲਾ ਰਿਹਾ ਤੇ ਦੂਜੇ ਹਿੱਸੇ 'ਚ ਭਾਰਤੀ ਜਨਤਾ ਪਾਰਟੀ ਨੇ ਸਿੱਕਾ ਜਮਾਇਆ। 1951 ਤੋਂ 1996 ਤੱਕ ਕੁੱਲ 12 ਵਾਰ ਲੋਕ ਸਭਾ ਚੋਣਾਂ ਹੋਈਆਂ ਤੇ ਕਾਂਗਰਸ ਦੀ ਬਾਦਸ਼ਾਹਤ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ 12 'ਚੋਂ 11 ਵਾਰ ਕਾਂਗਰਸ ਦੇ ਉਮੀਦਵਾਰਾਂ ਨੇ ਸਰਦਾਰੀ ਕਾਇਮ ਕੀਤੀ। ਇਸ ਪਿੱਛੋਂ ਇਤਿਹਾਸ ਦਾ ਦੂਸਰਾ ਹਿੱਸਾ ਆਉਂਦਾ ਹੈ।

ਇਸ ਅਰਸੇ ਦੌਰਾਨ ਸਿਰਫ਼ 1977 'ਚ ਭਾਰਤੀ ਜਨਸੰਘ ਦੇ ਯੱਗਦੱਤ ਸ਼ਰਮਾ ਨੇ ਜਿੱਤ ਹਾਸਲ ਕੀਤੀ ਸੀ। 1998 ਤੋਂ 2017 ਤੱਕ ਗੁਰਦਾਸਪੁਰ ਲੋਕ ਸਭਾ ਸੀਟ 'ਤੇ 6 ਵਾਰ ਚੋਣਾਂ ਹੋਈਆਂ। ਇਨ੍ਹਾਂ ਚੋਣਾਂ 'ਚ ਭਾਜਪਾ ਨੇ ਚਾਰ ਜਿੱਤਾਂ ਹਾਸਲ ਕੀਤੀਆਂ। ਭਾਜਪਾ ਦੀ ਤਰਫ਼ੋਂ ਚਾਰੋਂ ਵਾਰ ਫਿਲਮ ਸਟਾਰ ਵਿਨੋਦ ਖੰਨਾ ਨੇ ਜਿੱਤ ਹਾਸਲ ਕਰ ਕੇ ਇਹ ਸੀਟ ਭਾਜਪਾ ਦੀ ਝੋਲੀ ਪਾਈ। ਕਾਂਗਰਸ ਸਿਰਫ਼ ਦੋ ਵਾਰ 2009 ਤੇ 2017 ਦੀ ਜ਼ਿਮਨੀ ਚੋਣ 'ਚ ਇਹ ਸੀਟ ਜਿੱਤ ਸਕੀ। 2009 'ਚ ਕਾਂਗਰਸ ਦੇ ਘਾਗ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ 2017 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਸੀਟ 'ਤੇ ਜਿੱਤ ਹਾਸਲ ਕੀਤੀ।

ਗੁਰਦਾਸਪੁਰ 'ਚ ਸਿੱਧੀ ਟੱਕਰ ਦੀ ਰਵਾਇਤ

ਗੁਰਦਾਸਪੁਰ ਲੋਕ ਸਭਾ ਸੀਟ 'ਤੇ ਹੋਈਆਂ 18 ਚੋਣਾਂ 'ਤੇ ਨਜ਼ਰ ਮਾਰਦਿਆਂ ਪਤਾ ਲੱਗਦਾ ਹੈ ਕਿ ਇਸ ਸੀਟ 'ਤੇ ਹਮੇਸ਼ਾ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਵਿਚਾਲੇ ਹਮੇਸ਼ਾ ਸਿੱਧੀ ਟੱਕਰ ਦੀ ਹੀ ਰਵਾਇਤ ਰਹੀ ਹੈ। 1980 'ਚ ਭਾਰਤੀ ਜਨਤਾ ਪਾਰਟੀ ਦਾ ਗਠਨ ਹੋਇਆ ਤੇ 1984 'ਚ ਇਸ ਨੇ ਪਹਿਲੀ ਵਾਰ ਚੋਣਾਂ ਲੜੀਆਂ। ਇਸ ਲਈ ਗੁਰਦਾਸਪੁਰ ਸੀਟ ਦੇ ਪਿਛੋਕੜ ਨੂੰ 1984 ਤੋਂ ਦੇਖੀਏ ਤਾਂ ਇਹ ਬੇਹੱਦ ਦਿਲਚਸਪ ਤੱਥ ਹੈ ਕਿ ਇਸ ਤੋਂ ਬਾਅਦ ਹੋਈਆਂ ਸਾਰੀਆਂ 10 ਚੋਣਾਂ 'ਚੋਂ 9 ਵਾਰ ਕਾਂਗਰਸ ਤੇ ਭਾਜਪਾ ਦੇ ਉਮੀਦਵਾਰਾਂ ਵਿਚਾਲੇ ਸਿੱਧਾ ਮੁਕਾਬਲਾ ਹੁੰਦਾ ਰਿਹਾ।

ਸਿਰਫ਼ 1989 ਦੀਆਂ ਚੋਣਾਂ 'ਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਉਮੀਦਵਾਰ ਆਹਮੋ-ਸਾਹਮਣੇ ਆਏ। 1984 'ਚ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਨੇ ਭਾਜਪਾ ਦੇ ਡਾ. ਬਲਦੇਵ ਪ੍ਰਕਾਸ਼ ਨੂੰ 37 ਹਜ਼ਾਰ 677 ਵੋਟਾਂ ਨਾਲ ਹਰਾਇਆ ਸੀ। 1989 'ਚ ਭਿੰਡਰ ਨੇ ਅਕਾਲੀ ਦਲ ਮਾਨ ਦੇ ਕੈਪਟਨ ਚੰਨਣ ਸਿੰਘ ਸਿੱਧੂ ਨੂੰ 77215 ਵੋਟਾਂ ਦੇ ਫ਼ਰਕ ਨਾਲ ਹਰਾਇਆ। 1991 'ਚ ਮੁੜ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਨੇ ਭਾਜਪਾ ਉਮੀਦਵਾਰ ਓਮ ਪ੍ਰਕਾਸ਼ ਭਾਰਦਵਾਜ ਨੂੰ ਹਰਾਇਆ। 1996 'ਚ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਨੇ ਭਾਜਪਾ ਦੇ ਜਗਦੀਸ਼ ਰਾਜ ਸਾਹਨੀ ਨੂੰ 74507 ਵੋਟਾਂ ਦੇ ਫ਼ਰਕ ਨਾਲ ਹਰਾਇਆ। 1998 'ਚ ਭਾਜਪਾ ਦੇ ਵਿਨੋਦ ਖੰਨਾ ਨੂੰ ਇਕ ਲੱਖ 6 ਹਜ਼ਾਰ 833 ਵੋਟਾਂ ਦੇ ਫ਼ਰਕ ਨਾਲ ਹਰਾਇਆ। 1999 'ਚ ਮੁੜ ਭਾਜਪਾ ਦੇ ਵਿਨੋਦ ਖੰਨਾ ਤੇ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਦੀ ਨਾ ਸਿਰਫ਼ ਸਿੱਧੀ ਟੱਕਰ ਹੋਈ ਸਗੋਂ ਇਹ ਮੁਕਾਬਲਾ ਬੇਹੱਦ ਫਸਵਾਂ ਰਿਹਾ। ਇਸ ਰੌਚਕ ਮੁਕਾਬਲੇ 'ਚ ਵਿਨੋਦ ਖੰਨਾ ਸਿਰਫ਼ 1399 ਵੋਟ ਦੇ ਫ਼ਰਕ ਨਾਲ ਜਿੱਤ ਹਾਸਲ ਕਰ ਸਕੇ।

ਇਸੇ ਤਰ੍ਹਾਂ 2004 ਦੀਆਂ ਚੋਣਾਂ 'ਚ ਖੰਨਾ ਤੇ ਭਿੰਡਰ ਤੀਸਰੀ ਵਾਰ ਆਹਮੋ-ਸਾਹਮਣੇ ਹੋਏ। ਇਸ ਵਾਰ ਮੁੜ ਵਿਨੋਦ ਖੰਨਾ ਨੇ 24 ਹਜ਼ਾਰ 983 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। 2009 'ਚ ਸੁਖਬੰਸ ਕੌਰ ਭਿੰਡਰ ਦੇ ਦੇਹਾਂਤ ਤੋਂ ਬਾਅਦ ਕਾਂਗਰਸ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਵਿਨੋਦ ਖੰਨਾ ਦੇ ਮੁਕਾਬਲੇ ਚੋਣ ਮੈਦਾਨ 'ਚ ਉਤਾਰਿਆ, ਜਿਨ੍ਹਾਂ ਨੇ ਵਿਨੋਦ ਖੰਨਾ ਨੂੰ 8342 ਵੋਟਾਂ ਦੇ ਮਾਮੂਲੀ ਫਰਕ ਨਾਲ ਹਰਾਇਆ। 2014 ਦੀ ਚੋਣ 'ਚ ਭਾਜਪਾ ਦੇ ਵਿਨੋਦ ਖੰਨਾ ਨੇ ਬਾਜਵਾ ਤੋਂ ਬਦਲਾ ਲਿਆ ਤੇ 1 ਲੱਖ 36 ਹਜ਼ਾਰ 65 ਵੋਟ ਦੇ ਵੱਡੇ ਫ਼ਰਕ ਨਾਲ ਹਰਾਇਆ। 2017 ਦੀ ਜ਼ਿਮਨੀ ਚੋਣ 'ਚ ਕਾਂਗਰਸ ਦੇ ਸੁਨੀਲ ਜਾਖੜ ਨੇ ਭਾਜਪਾ ਦੇ ਸਵਰਨ ਸਲਾਰੀਆ ਨੂੰ 1 ਲੱਖ 93 ਹਜ਼ਾਰ 219 ਵੋਟਾਂ ਦੇ ਰਿਕਾਰਡ ਫਰਕ ਨਾਲ ਹਰਾਇਆ।

ਗੁਰਦਾਸਪੁਰ ਦੇ ਇਤਿਹਾਸ 'ਚ ਇਕ-ਦੋ ਮੌਕਿਆਂ ਨੂੰ ਛੱਡ ਕੇ ਕਾਂਗਰਸ ਤੇ ਭਾਜਪਾ ਪਿਛੋਕੜ ਵਾਲੇ ਉਮੀਦਵਾਰਾਂ ਵਿਚਾਲੇ ਹੀ ਸਿੱਧਾ ਮੁਕਾਬਲਾ ਹੁੰਦਾ ਆਇਆ ਹੈ। ਇਸ ਦਾ ਕਾਰਨ ਇਹ ਹੈ ਕਿ ਆਜ਼ਾਦੀ ਦੇ ਤਕਰੀਬਨ 72 ਸਾਲ ਬਾਅਦ ਵੀ ਕੋਈ ਤੀਜੀ ਧਿਰ ਸਥਾਪਿਤ ਨਹੀਂ ਹੋ ਸਕੀ। 1989 'ਚ ਸ਼੍ਰੋਮਣੀ ਅਕਾਲੀ ਦਲ ਮਾਨ ਦੀ ਲਹਿਰ ਪੂਰੇ ਪੰਜਾਬ 'ਚ ਸਿਰ ਚੜ੍ਹ ਕੇ ਬੋਲੀ ਤੇ ਉਦੋਂ ਗੁਰਦਾਸਪੁਰ ਸੀਟ ਤੇ ਕੈਪਟਨ ਚੰਨਣ ਸਿੱਧੂ ਨੇ ਕਾਂਗਰਸ ਦੇ ਸੁਖਬੰਸ ਕੌਰ ਭਿੰਡਰ ਨੂੰ ਸਖ਼ਤ ਮੁਕਾਬਲਾ ਦਿੱਤਾ ਸੀ। ਇਸ ਉਪਰੰਤ 2014 ਦੀ ਚੋਣ 'ਚ ਆਮ ਆਦਮੀ ਪਾਰਟੀ ਦਾ ਉਭਾਰ ਆਇਆ। ਉਸ ਸਮੇਂ 'ਆਪ' ਵੱਲੋਂ ਸੁੱਚਾ ਸਿੰਘ ਛੋਟੇਪੁਰ ਚੋਣ ਮੁਕਾਬਲੇ 'ਚ ਸਨ। ਛੋਟੇਪੁਰ ਕੁੱਝ ਹੱਦ ਤਕ ਮੁਕਾਬਲੇ ਨੂੰ ਤਿਕੋਣਾ ਬਣਾਉਣ 'ਚ ਸਫ਼ਲ ਰਹੇ। ਵਿਨੋਦ ਖੰਨਾ ਨੇ 46.25 ਫ਼ੀਸਦੀ ਵੋਟਾਂ ਹਾਸਲ ਕੀਤੀਆਂ। ਪ੍ਰਤਾਪ ਬਾਜਵਾ ਨੇ 33.20 ਫ਼ੀਸਦੀ ਤੇ ਸੁੱਚਾ ਸਿੰਘ ਛੋਟੇਪੁਰ ਨੇ 16.63 ਫ਼ੀਸਦੀ ਵੋਟਾਂ ਹਾਸਲ ਕੀਤੀਆਂ।

ਇਸ ਤਰ੍ਹਾਂ ਇਸ ਸੀਟ 'ਤੇ ਕਦੇ ਤਿਕੋਣਾ ਮੁਕਾਬਲਾ ਦੇਖਣ ਨੂੰ ਨਹੀਂ ਮਿਲਿਆ। ਇਸ ਵਾਰ ਵੀ ਕਾਂਗਰਸ ਦੇ ਸੁਨੀਲ ਜਾਖੜ ਤੇ ਭਾਜਪਾ ਦੇ ਸੰਨੀ ਦਿਓਲ ਵਿਚਾਲੇ ਫਿਲਹਾਲ ਸਿੱਧਾ ਮੁਕਾਬਲਾ ਮੰਨਿਆ ਜਾ ਰਿਹਾ ਹੈ। ਆਉਂਦੇ ਦਿਨਾਂ 'ਚ ਜੇ ਕੋਈ ਹੋਰ ਸਿਆਸੀ ਪਾਰਟੀ ਇਸ ਨੂੰ ਤਿਕੋਣਾ ਮੁਕਾਬਲਾ ਬਣਾ ਦੇਵੇ ਤਾਂ ਇਸ ਨੂੰ ਚਮਤਕਾਰ ਹੀ ਕਿਹਾ ਜਾ ਸਕਦਾ ਹੈ।